ਖਹਿਰਾ ਮੁੱਕਰੇ, ਕਿਹਾ-ਰਿਫਰੈਂਡਮ ਦਾ ਸਮਰਥਕ ਨਹੀਂ,ਅਕਾਲੀ ਪੜ੍ਹਣ ਆਪਣਾ ਇਤਿਹਾਸ

Sunday, Jun 17, 2018 - 07:54 AM (IST)

ਖਹਿਰਾ ਮੁੱਕਰੇ, ਕਿਹਾ-ਰਿਫਰੈਂਡਮ ਦਾ ਸਮਰਥਕ ਨਹੀਂ,ਅਕਾਲੀ ਪੜ੍ਹਣ ਆਪਣਾ ਇਤਿਹਾਸ

ਚੰਡੀਗੜ੍ਹ, (ਰਮਨਜੀਤ)- ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਅਤੇ 'ਆਪ' ਆਗੂ ਸੁਖਪਾਲ ਸਿੰਘ ਖਹਿਰਾ ਟਵਿੱਟਰ 'ਤੇ ਦਿੱਤੇ ਆਪਣੇ ਬਿਆਨ ਤੋਂ ਮੁੱਕਰ ਗਏ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਰਿਫਰੈਂਡਮ ਦਾ ਸਮਰਥਕ ਨਹੀਂ ਹਾਂ ਪਰ ਇਹ ਸਵੀਕਾਰ ਕਰਨ 'ਚ ਵੀ ਕੋਈ ਝਿਜਕ ਨਹੀਂ ਹੈ ਕਿ ਪੰਜਾਬੀਆਂ ਖਾਸ ਕਰ ਸਿੱਖਾਂ ਖਿਲਾਫ ਕੇਂਦਰੀ ਸਰਕਾਰਾਂ ਵੱਲੋਂ ਲਗਾਤਾਰ ਕੀਤੀ ਗਈ ਬੇਇਨਸਾਫੀ, ਪੱਖਪਾਤਪੂਰਨ ਰਵੱਈਆ ਹੀ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਉਨਾਂ ਨੇ ਸਿੱਖਾਂ ਵਲੋਂ ਵੱਖਰੇ ਦੇਸ਼ (ਖਾਲਿਸਤਾਨ) ਦੀ ਮੰਗ ਕਰਨ ਵਾਲੇ ਰਿਫਰੈਂਡਮ-2020 ਨੂੰ ਸਮਰਥਨ ਦੀਆਂ ਖਬਰਾਂ ਨੂੰ ਝੂਠਾ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪੁਖਤਾ ਸੋਚ ਹੈ ਕਿ ਭਾਰਤ ਸਰਕਾਰ ਨੂੰ ਆਪਣੀਆਂ ਸਿੱਖ ਵਿਰੋਧੀ ਨੀਤੀਆਂ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ ਅਤੇ ਸਿੱਖਾਂ ਦੇ ਗੰਭੀਰ ਜ਼ਖਮਾਂ ਉਪਰ ਮੱਲ੍ਹਮ ਲਾਉਣੀ ਚਾਹੀਦੀ ਹੈ।


ਖਹਿਰਾ ਨੇ ਕਿਹਾ ਭਾਵੇਂ ਕਿ ਬਰਤਾਨਵੀ ਸਰਕਾਰ ਨੇ ਸਿੱਖਾਂ ਨੂੰ ਇੱਕ ਵੱਖਰੇ ਪੂਰਨ ਰਾਜ ਦੀ ਪੇਸ਼ਕਸ਼ ਕੀਤੀ ਸੀ ਪਰ ਫਿਰ ਵੀ ਉਨ੍ਹਾਂ ਨੇ ਭਾਰਤ ਦਾ ਹਿੱਸਾ ਬਣਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਇਹ ਤੱਥ ਹੈ ਕਿ ਬਟਵਾਰੇ ਦਾ ਸਭ ਤੋਂ ਵੱਡਾ ਸੰਤਾਪ ਸਿੱਖਾਂ ਨੇ ਝੱਲਿਆ। ਖਹਿਰਾ ਨੇ ਕਿਹਾ ਕਿ ਸਿੱਖਾਂ ਨੂੰ ਸਭ ਤੋਂ ਪਹਿਲਾਂ ਝਟਕਾ ਲੰਗੜੇ ਪੰਜਾਬੀ ਸੂਬੇ ਦੇ ਰੂਪ ਵਿਚ ਮਿਲਿਆ, ਜਿਸ ਨੂੰ ਹਾਸਲ ਕਰਨ ਲਈ ਵੀ ਸਿੱਖਾਂ ਨੂੰ 1966 ਵਿਚ ਮੋਰਚਾ ਲਾਉਣਾ ਪਿਆ ਸੀ।  ਖਹਿਰਾ ਨੇ ਕਿਹਾ ਕਿ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਨੂੰ ਬਿਨਾਂ ਕਿਸੇ ਵੀ ਸੰਘਰਸ਼ ਜਾਂ ਕੋਸ਼ਿਸ਼ ਤੋਂ ਪੰਜਾਬ ਦੇ ਮੁਕਾਬਲੇ ਜ਼ਿਆਦਾ ਫਾਇਦਾ ਮਿਲਿਆ। ਸਿੱਖਾਂ ਪ੍ਰਤੀ ਪੱਖਪਾਤ ਦੀ ਇਸ ਨਿਰੰਤਰ ਨੀਤੀ ਦਾ ਨਤੀਜਾ ਹੀ ਹੈ ਕਿ ਸਿੱਖ ਅੱਜ ਆਪਣੇ ਲਈ ਵੱਖਰੇ ਆਜ਼ਾਦ ਰਾਜ ਦੀ ਮੰਗ ਕਰਨ ਲਈ ਮਜਬੂਰ ਹੋ ਗਏ ਹਨ।


ਖਹਿਰਾ ਨੇ ਕਿਹਾ ਕਿ ਸਿੱਖਾਂ ਨੂੰ ਸਭ ਤੋਂ ਵੱਡਾ ਝਟਕਾ ਦਰਬਾਰ ਸਾਹਿਬ 'ਤੇ ਹਮਲੇ ਦੇ ਰੂਪ ਵਿਚ ਦਿੱਤਾ ਗਿਆ ਜੋ ਕਿ 'ਆਪ੍ਰੇਸ਼ਨ ਬਲਿਊ ਸਟਾਰ' ਦੇ ਨਾਂÎ ਨਾਲ ਜਾਣਿਆ ਜਾਂਦਾ ਹੈ, ਜਿਸ ਵਿਚ ਅਕਾਲ ਤਖਤ ਸਾਹਿਬ ਨੂੰ ਤਬਾਹ ਕਰਨ ਦੇ ਨਾਲ-ਨਾਲ ਦਰਬਾਰ ਸਾਹਿਬ ਵਿਚਲੇ ਸੈਂਕੜੇ ਸ਼ਰਧਾਲੂ ਮਾਰੇ ਜਾਣ ਦੇ ਜ਼ਖਮ ਕਦੇ ਵੀ ਭਰੇ ਨਹੀਂ ਜਾ ਸਕਦੇ। ਜਿਵੇਂ ਕਿ ਦਰਬਾਰ ਸਾਹਿਬ ਉਪਰ ਹਮਲਾ ਕਰਕੇ ਸਿੱਖਾਂ ਨੂੰ ਖਤਮ ਕੀਤਾ ਜਾਣਾ ਹੀ ਕਾਫੀ ਨਹੀਂ ਸੀ, ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਦੇਸ਼ ਭਰ ਵਿਚ ਸਰਕਾਰ ਦੀ ਸ਼ਹਿ ਉਪਰ 1984 ਦੇ ਸਿੱਖ ਵਿਰੋਧੀ ਦੰਗਿਆਂ ਵਿਚ ਹਜ਼ਾਰਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ। ਵੱਡੇ ਪੱਧਰ 'ਤੇ ਹੋਈ ਸਿੱਖਾਂ ਦੀ ਨਸਲਕੁਸ਼ੀ ਦੇ ਜ਼ਖਮ ਅੱਜ ਵੀ ਹਰੇ ਹਨ ਅਤੇ ਕਦੇ ਵੀ ਭੁਲਾਏ ਨਹੀਂ ਜਾ ਸਕਦੇ।
ਇਸ ਦੇ ਨਾਲ ਹੀ ਸੁਖਬੀਰ ਅਤੇ ਮਜੀਠੀਆ 'ਤੇ ਵਰ੍ਹਦੇ ਹੋਏ ਖਹਿਰਾ ਨੇ ਕਿਹਾ ਕਿ ਉਨ੍ਹਾਂ ਵਿਰੁੱਧ ਕੋਈ ਬਿਆਨ ਦੇਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਦੀ ਘੋਖ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਨਾ ਸਿਰਫ 1972 ਵਿਚ ਅਸਲ ਅਨੰਦਪੁਰ ਸਾਹਿਬ ਮਤੇ 'ਤੇ ਹਸਤਾਖਰ ਕੀਤੇ ਸਨ ਬਲਕਿ 1983 ਵਿਚ ਸੰਸਦ ਦੇ ਸਾਹਮਣੇ ਭਾਰਤ ਦੇ ਸੰਵਿਧਾਨ ਦੀਆਂ ਕਾਪੀਆਂ ਵੀ ਸਾੜੀਆਂ ਸਨ। ਖਹਿਰਾ ਨੇ ਕਿਹਾ ਕਿ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦਾ ਬਦਲਾ ਲੈਣ ਲਈ ਦਰਬਾਰ ਸਾਹਿਬ ਵੱਲ ਕੂਚ ਕਰਨ ਲਈ ਸਿੱਖ ਫੌਜੀ ਅਫਸਰਾਂ ਅਤੇ ਜਵਾਨਾਂ ਨੂੰ ਆਪਣੀਆਂ ਬੈਰਕਾਂ ਤੋੜਨ ਲਈ ਉਕਸਾਉਣ ਦੇ ਵੀ ਬਾਦਲ ਜ਼ਿੰਮੇਵਾਰ ਹਨ। ਇਸ ਲਈ ਪਹਿਲਾਂ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਮੁਆਫੀ ਮੰਗਣ ਲਈ ਕਹਿਣ।


Related News