ਬਾਦਲ ਨੇ ਨਹੀਂ ਬਣਨ ਦਿੱਤਾ ਆਲ ਇੰਡੀਆ ਗੁਰਦੁਆਰਾ ਐਕਟ : ਸੇਖਵਾਂ
Tuesday, Jan 15, 2019 - 09:23 AM (IST)

ਚੰਡੀਗੜ੍ਹ(ਭੁੱਲਰ)— ਅਕਾਲੀ ਦਲ (ਟਕਸਾਲੀ) ਸਕੱਤਰ ਜਨਰਲ ਸੇਵਾ ਸਿੰਘ ਸੇਖਵਾਂ, ਜੋ ਕਿ ਐੱਸ. ਜੀ. ਪੀ. ਸੀ. ਦੇ ਮੈਂਬਰ ਵੀ ਹਨ, ਨੇ ਆਲ ਇੰਡੀਆ ਗੁਰਦੁਆਰਾ ਐਕਟ ਅੱਜ ਤੱਕ ਨਾ ਬਣਨ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਭੂਮਿਕਾ ਬਾਰੇ ਸੋਮਵਾਰ ਨੂੰ ਅਹਿਮ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲ ਨੇ ਹੀ ਗੁਰਦੁਆਰਾ ਐਕਟ ਨਹੀਂ ਬਣਨ ਦਿੱਤਾ, ਕਿਉਂਕਿ ਇਸ ਨਾਲ ਉਨ੍ਹਾਂ ਨੂੰ ਐੱਸ. ਜੀ. ਪੀ. ਸੀ. ਹੱਥੋਂ ਖੁੱਸ ਜਾਣ ਦਾ ਡਰ ਸੀ। ਸੇਖਵਾਂ ਨੇ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਮੈਂ ਇਹ ਮਾਮਲਾ ਉਨ੍ਹਾਂ ਕੋਲ ਪਾਰਟੀ 'ਚ ਕੰਮ ਕਰਦੇ ਉਠਾਉਂਦਾ ਰਿਹਾ ਹਾਂ। ਉਨ੍ਹਾਂ ਨੂੰ ਕਈ ਵਾਰ ਸੁਝਾਅ ਦਿੱਤਾ ਸੀ ਕਿ ਆਲ ਇੰਡੀਆ ਗੁਰਦੁਆਰਾ ਐਕਟ ਬਣਾਉਣ ਲਈ ਵਿਸ਼ੇਸ਼ ਯਤਨ ਕੀਤੇ ਜਾਣ, ਜਿਸ ਨਾਲ ਪੂਰੇ ਦੇਸ਼ 'ਚ ਐੱਸ. ਜੀ. ਪੀ. ਸੀ. ਦੀ ਸ਼ਾਨ ਵਧੇਗੀ।
ਸੇਖਵਾਂ ਨੇ ਕਿਹਾ ਕਿ ਇਸ ਨਾਲ ਪੂਰੇ ਦੇਸ਼ ਦੇ ਗੁਰਦੁਆਰਿਆਂ ਦਾ ਪ੍ਰਬੰਧ ਐੱਸ. ਜੀ. ਪੀ. ਸੀ. ਕੋਲ ਆ ਜਾਣਾ ਸੀ, ਕਿਉਂਕਿ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਵਰਗੇ ਇਤਿਹਾਸਕ ਗੁਰਧਾਮ ਕਮੇਟੀ ਦੇ ਘੇਰੇ 'ਚ ਨਹੀਂ ਆਉਂਦੇ। ਹਰਿਆਣਾ ਦੀ ਵੱਖਰੀ ਕਮੇਟੀ ਦੇ ਵਿਵਾਦ ਸਮੇਂ ਵੀ ਬਾਦਲ ਨੂੰ ਆਲ ਇੰਡੀਆ ਗੁਰਦੁਆਰਾ ਐਕਟ ਦਾ ਸੁਝਾਅ ਦਿੱਤਾ ਸੀ ਤਾਂ ਜੋ ਵੱਖ-ਵੱਖ ਰਾਜਾਂ ਦੇ ਸਿੱਖ ਭਾਈਚਾਰੇ 'ਚ ਐੱਸ. ਜੀ. ਪੀ. ਸੀ. ਰਾਹੀਂ ਭੇਦਭਾਵ ਦੇ ਅਜਿਹੇ ਦੋਸ਼ਾਂ ਦਾ ਸਥਾਈ ਹੱਲ ਹੋ ਸਕੇ। ਸੇਖਵਾਂ ਦਾ ਕਹਿਣਾ ਹੈ ਕਿ ਬਾਦਲ ਸਾਹਿਬ ਦਾ ਵਿਚਾਰ ਸੀ ਕਿ ਪੰਜਾਬ ਦੇ ਹੀ ਮੈਂਬਰ ਸਾਥੋਂ ਪਹਿਲਾਂ ਕੰਟਰੋਲ ਨਹੀਂ ਹੁੰਦੇ ਅਤੇ ਪੂਰੇ ਦੇਸ਼ ਦੇ ਮੈਂਬਰਾਂ ਨੂੰ ਕੰਟਰੋਲ ਕਰਨਾ ਆਸਾਨ ਨਹੀਂ। ਇਸ ਕਰਕੇ ਬਾਦਲ ਆਲ ਇੰਡੀਆ ਐਕਟ ਬਣਾਉਣ ਲਈ ਕਦੇ ਗੰਭੀਰ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਅਸਲ 'ਚ ਬਾਹਰਲੇ ਰਾਜਾਂ ਦੇ ਸਿੱਖਾਂ ਦੇ ਰੁਖ ਨੂੰ ਦੇਖਦਿਆਂ ਬਾਦਲ ਨੂੰ ਡਰ ਸੀ ਕਿ ਆਲ ਇੰਡੀਆ ਐਕਟ ਬਣਨ ਨਾਲ ਐੱਸ. ਜੀ. ਪੀ. ਸੀ. ਨਾ ਕਿਸੇ ਹੱਥੋਂ ਜਾਂਦੀ ਰਹੇ, ਜਿਸ 'ਤੇ ਉਨ੍ਹਾਂ ਦਾ ਕਬਜ਼ਾ ਹੈ। ਸੇਖਵਾਂ ਦਾ ਕਹਿਣਾ ਹੈ ਕਿ ਅਕਾਲੀ ਦਲ (ਟਕਸਾਲੀ) ਆਲ ਇੰਡੀਆ ਐਕਟ ਬਣਾਉਣ ਦੇ ਕੰਮ ਨੂੰ ਪਹਿਲ ਦੇਵੇਗਾ ਅਤੇ ਇਸ ਲਈ ਪੂਰੇ ਯਤਨ ਕੀਤੇ ਜਾਣਗੇ।