ਪੰਜਾਬ ''ਚ ਭਾਜਪਾ ਦੇ ਭਰੋਸੇ ਅਕਾਲੀ ਦਲ ਟਕਸਾਲੀ
Wednesday, Jan 16, 2019 - 06:47 PM (IST)
ਜਲੰਧਰ (ਰਵਿੰਦਰ)— ਪੰਜਾਬ ਦੀ ਰਾਜਨੀਤੀ 'ਚ ਜਲਦੀ ਹੀ ਨਵੇਂ ਸਮੀਕਰਨ ਦੇਖਣ ਨੂੰ ਮਿਲ ਸਕਦੇ ਹਨ। ਬਰਗਾੜੀ ਕਾਂਡ ਨੂੰ ਲੈ ਕੇ ਅਕਾਲੀ ਦਲ ਦੀਆਂ ਨੀਤੀਆਂ ਤੋਂ ਟੁੱਟ ਕੇ ਬਣੇ ਨਵੇਂ ਅਕਾਲੀ ਦਲ ਟਕਸਾਲੀ ਨੇ ਭਾਜਪਾ ਲੀਡਰਸ਼ਿਪ 'ਤੇ ਭਰੋਸਾ ਜਤਾਇਆ ਹੈ। ਇਹ ਆਉਣ ਵਾਲੀ ਬਦਲੀ ਰਾਜਨੀਤੀ ਦੇ ਸੰਕੇਤ ਹਨ। ਟਕਸਾਲੀ ਅਕਾਲੀ ਦਲ ਪੰਜਾਬ 'ਚ ਆਪਣੀ ਰਾਜਨੀਤੀ ਦੀ ਨੀਂਹ ਭਾਜਪਾ ਦੇ ਬਲ 'ਤੇ ਮਜ਼ਬੂਤ ਕਰਨਾ ਚਾਹੁੰਦਾ ਹੈ। ਇਸ ਨਾਲ ਅਕਾਲੀ ਦਲ ਟਕਸਾਲੀ ਨੂੰ 2 ਫਾਇਦੇ ਹੋਣਗੇ, ਇਕ ਤਾਂ ਕੇਂਦਰੀ ਰਾਜਨੀਤੀ ਤੱਕ ਟਕਸਾਲੀ ਅਕਾਲੀ ਦਲ ਦੀ ਪਕੜ ਮਜ਼ਬੂਤ ਹੋਵੇਗੀ ਤਾਂ ਦੂਜੇ ਪਾਸੇ ਭਾਜਪਾ ਨੂੰ ਨਾਲ ਲੈ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ ਦੇਣ ਦੀ ਪੂਰੀ ਤਿਆਰੀ ਕੀਤੀ ਜਾ ਸਕੇਗੀ।
ਅਕਾਲੀ ਦਲ ਟਕਸਾਲੀ ਦੇ ਆਗੂ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ ਅਤੇ ਰਤਨ ਸਿੰਘ ਅਜਨਾਲਾ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਉਨ੍ਹਾਂ ਨੂੰ ਭਾਜਪਾ ਦੀ ਲੀਡਰਸ਼ਿਪ ਅਤੇ ਉਨ੍ਹਾਂ ਦੀ ਨੀਤੀਆਂ 'ਤੇ ਪੂਰਾ ਭਰੋਸਾ ਹੈ। 1984 ਸਿੱਖ ਦੰਗਿਆਂ ਦੇ ਮਾਮਲੇ 'ਚ ਨਵੇਂ ਸਿਰੇ ਤੋਂ ਐੱਸ. ਆਈ. ਟੀ. ਬਣਾ ਕੇ ਜਿਸ ਤਰ੍ਹਾਂ ਨਾਲ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸਜ਼ਾ ਦਿਵਾਈ ਗਈ ਹੈ, ਉਸ ਨਾਲ ਭਾਜਪਾ ਦੀ ਪਛਾਣ ਸਿੱਖ ਜਨਤਾ 'ਚ ਵੱਖ-ਵੱਖ ਤੌਰ 'ਤੇ ਉੱਭਰ ਕੇ ਸਾਹਮਣੇ ਆਈ ਹੈ। ਇਸ ਤੋਂ ਇਲਾਵਾ ਭਾਜਪਾ ਨੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਨੂੰ ਖੋਲ੍ਹ ਕੇ ਸੂਬੇ ਦੀ ਜਨਤਾ ਨੂੰ ਇਕ ਇਤਿਹਾਸਕ ਪਲ ਦਿੱਤੇ ਹਨ।
ਟਕਸਾਲੀ ਦਲ ਦਾ ਮੰਨਣਾ ਹੈ ਕਿ ਉਹ ਸੂਬੇ 'ਚ ਭਾਜਪਾ ਦੇ ਨਾਲ ਜਾਣ ਨੂੰ ਪੂਰੀ ਤਰ੍ਹਾਂ ਨਾਲ ਤਿਆਰ ਹੈ। ਇਸ ਤੋਂ ਇਲਾਵਾ ਟਕਸਾਲੀ ਦਲ ਪੰਜਾਬ 'ਚ ਪੂਰੀ ਤਰ੍ਹਾਂ ਨਾਲ ਹੋਰ ਰਾਜਨੀਤਕ ਪਾਰਟੀਆਂ ਦੇ ਨਾਲ ਗਠਜੋੜ ਦੀ ਸੰਭਾਵਨਾ ਭਾਲ ਰਿਹਾ ਹੈ ਤਾਂ ਜੋ ਪੰਜਾਬ ਦੀ ਰਾਜਨੀਤੀ 'ਚ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਨੂੰ ਸਖਤ ਟੱਕਰ ਦਿੱਤੀ ਜਾ ਸਕੇ। ਸੇਵਾ ਸਿੰਘ ਸੇਖਵਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਾਰਟੀ ਦੇ ਨਾਲ ਜਿੱਥੇ ਅਕਾਲੀ ਦਲ ਦੇ ਕਈ ਵੱਡੇ ਆਗੂ ਸੰਪਰਕ 'ਚ ਹਨ, ਉਥੇ ਸੁਖਪਾਲ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ ਅਤੇ ਹੋਰ ਪਾਰਟੀਆਂ ਵੀ ਸਹਿਯੋਗ ਕਰਨ ਨੂੰ ਤਿਆਰ ਹਨ। ਸੇਖਵਾਂ ਨੇ ਇਹ ਤੱਕ ਕਿਹਾ ਕਿ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ 'ਚ ਕੋਈ ਦਿੱਕਤ ਨਹੀਂ ਹੈ ਅਤੇ ਉਹ ਇਸ ਪਾਰਟੀ ਦੇ ਆਗੂਆਂ ਨੂੰ ਵੀ ਪੰਜਾਬ 'ਚ ਗਠਜੋੜ ਲਈ ਮਨਾ ਲੈਣਗੇ।
ਐੱਚ. ਐੱਸ. ਫੂਲਕਾ ਦੀਆਂ ਭਾਜਪਾ ਨਾਲ ਵਧਦੀਆਂ ਨਜ਼ਦੀਕੀਆਂ ਨੂੰ ਵੀ ਟਕਸਾਲੀ ਅਕਾਲੀ ਦਲ ਨੇ ਚੰਗਾ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੂਲਕਾ ਅਤੇ ਉਨ੍ਹਾਂ ਦਾ ਮਿਸ਼ਨ ਇਕ ਹੀ ਹੈ, ਜੇਕਰ ਫੂਲਕਾ ਭਾਜਪਾ 'ਚ ਸ਼ਾਮਲ ਹੁੰਦੇ ਹਨ ਤਾਂ ਇਹ ਪੰਜਾਬ ਦੀ ਰਾਜਨੀਤੀ ਲਈ ਸ਼ੁੱਭ ਸੰਕੇਤ ਹਨ। ਫਿਲਹਾਲ ਭਾਜਪਾ ਲੀਡਰਸ਼ਿਪ 'ਤੇ ਭਰੋਸਾ ਜਤਾ ਕੇ ਅਕਾਲੀ ਦਲ ਟਕਸਾਲੀ ਨੇ ਗੇਂਦ ਭਾਜਪਾ ਹਾਈਕਮਾਨ ਦੇ ਪਾਲੇ 'ਚ ਸੁੱਟ ਦਿੱਤੀ ਹੈ। ਹੁਣ ਦੇਖਣਾ ਹੋਵੇਗਾ ਕਿ ਭਵਿੱਖ ਦੀ ਰਾਜਨੀਤੀ 'ਚ ਭਾਜਪਾ ਲੀਡਰਸ਼ਿਪ ਅਕਾਲੀ ਦਲ ਟਕਸਾਲੀ 'ਤੇ ਭਰੋਸਾ ਕਰਦੀ ਹੈ ਜਾਂ ਫਿਰ ਅਕਾਲੀ ਦਲ 'ਤੇ।