ਅਕਾਲੀ ਦਲ ਲਈ ਖਤਰੇ ਦੀ ਘੰਟੀ, ਵੱਡੇ ਢੀਂਡਸਾ ਤੋਂ ਬਾਅਦ ਛੋਟੇ ਢੀਂਡਸਾ ਨੇ ਵੀ ਖਿੱਚੇ ਪੈਰ ਪਛਾਂਹ

12/14/2019 6:49:40 PM

ਜਲੰਧਰ/ਅੰਮ੍ਰਿਤਸਰ (ਗੁਰਮਿੰਦਰ ਸਿੰਘ) : ਸ਼੍ਰੋਮਣੀ ਅਕਾਲੀ ਦਲ ਆਪਣੇ 100ਵੇਂ ਸਾਲ ਵਿਚ ਪ੍ਰਵੇਸ਼ ਕਰ ਗਿਆ ਹੈ। ਸ਼ਨੀਵਾਰ ਨੂੰ ਅਕਾਲੀ ਦਲ ਦੇ 99ਵੇਂ ਸਥਾਪਨਾ ਦਿਵਸ ਮੌਕੇ ਸਰਬ ਸੰਮਤੀ ਨਾਲ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਤੀਜੀ ਵਾਰ ਪ੍ਰਧਾਨ ਚੁਣ ਲਿਆ ਗਿਆ। ਇਸ ਸਮਾਗਮ ਮੌਕੇ ਜਿੱਥੇ ਅਕਾਲੀ ਦਲ ਦੇ ਸਾਰੇ ਵੱਡੇ-ਛੋਟੇ ਲੀਡਰ ਮੌਜੂਦ ਰਹੇ, ਉਥੇ ਹੀ ਵਿਧਾਨ ਸਭਾ 'ਚ ਪਾਰਟੀ ਦੀ ਵਾਗਡੋਰ ਸੰਭਾਲਣ ਵਾਲੇ ਅਤੇ ਸਾਬਕਾ ਮੰਤਰੀ ਤੇ ਮੌਜੂਦਾ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਇਸ ਸਮਾਗਮ ਵਿਚੋਂ ਨਾਦਾਰਦ ਰਹੇ। ਛੋਟੇ ਢੀਂਡਸਾ ਦੀ ਬਾਦਲਾਂ ਦੇ ਸਮਾਗਮ ਵਿਚ ਸ਼ਮੂਲੀਅਤ 'ਚ ਨਾ ਕਰਨ ਦਾ ਕਾਰਨ ਭਾਵੇਂ ਕੋਈ ਵੀ ਹੋਵੇ ਪਰ ਇਸ ਗੈਰ-ਮੌਜੂਦਗੀ ਨੇ ਸਿਆਸੀ ਗਲਿਆਰਿਆਂ ਵਿਚ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਹੈ। 

PunjabKesari

99ਵੇਂ ਸਥਾਪਨਾ ਦਿਵਸ ਸੰਬੰਧੀ ਪਾਰਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਵੀ ਰੱਖਿਆ ਗਿਆ ਸੀ, ਜਿੱਥੇ ਦੋ ਦਿਨ ਸੁਖਬੀਰ ਬਾਦਲ ਸਣੇ ਪਾਰਟੀ ਲੀਡਰਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਸੇਵਾ ਕੀਤੀ ਗਈ ਪਰ ਇਸ ਸੇਵਾ ਦੌਰਾਨ ਵੀ ਢੀਂਡਸਾ ਪਰਿਵਾਰ ਦਾ ਕੋਈ ਜੀਅ ਖਾਸ ਕਰਕੇ ਪਰਮਿੰਦਰ ਢੀਂਡਸਾ ਸ਼ਾਮਲ ਨਹੀਂ ਹੋਏ। ਢੀਂਡਸਾ ਪਰਿਵਾਰ ਦੀ ਬਾਦਲਾਂ ਨਾਲੋਂ ਨਾਰਾਜ਼ਗੀ ਜਗ-ਜ਼ਾਹਰ ਹੈ। ਵੱਡੇ ਢੀਂਡਸਾ (ਸੁਖਦੇਵ ਸਿੰਘ ਢੀਂਡਸਾ) ਵੀ ਬਾਦਲ ਪਰਿਵਾਰ ਤੋਂ ਖਫਾ ਹੋ ਕੇ ਪਾਰਟੀ 'ਚੋਂ ਸਾਰੇ ਅਹੁਦਿਆਂ ਤੋਂ ਅਸਤੀਫਾ ਦੇ ਚੁੱਕੇ ਹਨ। ਭਾਵੇਂ ਸੁਖਦੇਵ ਸਿੰਘ ਢੀਂਡਸਾ ਅਜੇ ਵੀ ਅਕਾਲੀ ਦਲ ਦੇ ਰਾਜ ਸਭਾ ਮੈਂਬਰ ਹਨ ਪਰ ਉਨ੍ਹਾਂ ਖੁੱਲ੍ਹ ਕੇ ਬਾਦਲ ਪਰਿਵਾਰ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ। 

PunjabKesari

ਉਧਰ ਅਕਾਲੀ ਦਲ ਟਕਸਾਲੀ ਵਲੋਂ ਵੀ ਇਸ ਮੌਕੇ ਵੱਖਰਾ ਸਮਾਗਮ ਕੀਤਾ ਗਿਆ। ਇਸ ਸਮਾਗਮ ਵਿਚ ਸੁਖਦੇਵ ਸਿੰਘ ਢੀਂਡਸਾ ਨੇ ਸ਼ਿਰਕਤ ਕੀਤੀ। ਟਕਸਾਲੀਆਂ ਨਾਲ ਵੱਡੇ ਢੀਂਡਸਾ ਦੀ ਸ਼ਮੂਲੀਅਤ ਨੇ ਪੰਜਾਬ ਦੀ ਸਿਆਸਤ ਵਿਚ ਵੱਡਾ ਸਿਆਸੀ ਭੂਚਾਲ ਲਿਆ ਦਿੱਤਾ ਹੈ। ਇਥੇ ਵੀ ਢੀਂਡਸਾ ਨੇ ਖੁੱਲ੍ਹ ਕੇ ਬਾਦਲਾਂ ਦਾ ਵਿਰੋਧ ਕੀਤਾ ਅਤੇ ਆਖਿਆ ਕਿ ਜਦੋਂ ਤਕ ਅਕਾਲੀ ਦਲ 'ਤੇ ਇਕੋ ਪਰਿਵਾਰ ਕਾਬਜ਼ ਹੈ, ਉਦੋਂ ਤਕ ਪਾਰਟੀ ਦਾ ਭਲਾ ਨਹੀਂ ਹੋ ਸਕਦਾ। 

PunjabKesari

ਭਾਵੇਂ ਵੱਡੇ ਢੀਂਡਸਾ ਨੇ ਖੁੱਲ੍ਹ ਕੇ ਬਾਦਲਾਂ ਦੀ ਮੁਖਾਲਫਤ ਕਰਨੀ ਸ਼ੁਰੂ ਕਰ ਦਿੱਤੀ ਹੈ ਪਰ ਉਨ੍ਹਾਂ ਦੇ ਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਅਜੇ ਤਕ ਵੀ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਪਰਮਿੰਦਰ ਢੀਂਡਸਾ ਨੇ ਦੋਵਾਂ ਧਿਰਾਂ ਤੋਂ ਦੂਰੀ ਬਣਾਈ ਹੋਈ ਹੈ। ਭਾਵੇਂ ਪਰਮਿੰਦਰ ਢੀਂਡਸਾ ਜਨਤਕ ਤੌਰ 'ਤੇ ਇਹ ਆਖ ਚੁੱਕੇ ਹਨ ਕਿ ਉਹ ਅਕਾਲੀ ਦਲ ਬਾਦਲ ਦੇ ਨਾਲ ਹਨ ਪਰ ਇਜਲਾਸ ਤੋਂ ਉਨ੍ਹਾਂ ਦਾ ਟਾਲਾ ਵੱਟਣਾ ਅਕਾਲੀ ਦਲ ਬਾਦਲ ਲਈ ਕੋਈ ਚੰਗਾ ਸੰਕੇਤ ਨਹੀਂ ਹੈ। ਉਹ ਇਸ ਲਈ ਵੀ ਕਿਉਂਕਿ ਇਕ ਤਾਂ ਪਰਮਿੰਦਰ ਅਕਾਲੀ ਦਲ ਦੇ ਜਨਰਲ ਸਕੱਤਰ ਹਨ ਅਤੇ ਦੂਜਾ ਉਹ ਵਿਧਾਨ ਸਭਾ 'ਚ ਵਿਧਾਇਕ ਦਲ ਦੇ ਆਗੂ ਵੀ ਹਨ।


Gurminder Singh

Content Editor

Related News