''ਅਕਾਲੀ ਦਲ'' ਅੱਜ ਪੰਜਾਬ ਭਵਨ ਅੱਗੇ ਦੇਵੇਗਾ 2 ਘੰਟੇ ਦਾ ਸੰਕੇਤਕ ਧਰਨਾ
Saturday, Nov 06, 2021 - 09:24 AM (IST)
ਪਟਿਆਲਾ (ਬਲਜਿੰਦਰ) : ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ’ਤੇ ਐਕਸਾਈਜ਼ ਡਿਊਟੀ ਘਟਾ ਦਿੱਤੀ ਗਈ ਹੈ ਪਰ ਪੰਜਾਬ ਸਰਕਾਰ ਅਜੇ ਤੱਕ ਡੀਜ਼ਲ ਅਤੇ ਪੈਟਰੋਲ ’ਤੇ ਵੈਟ ਨਹੀਂ ਘਟਾ ਰਹੀ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਡੀਜ਼ਲ ਤੋਂ 10 ਅਤੇ ਪੈਟਰੋਲ ਤੋਂ 5 ਰੁਪਏ ਵੈਟ ਘਟਾਏ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਉਨ੍ਹਾਂ ਦੱਸਿਆ ਕਿ ਇਸ ਸਮੇਂ ਬਾਕੀ ਮੁੱਦਿਆਂ ਨੂੰ ਲੈ ਕੇ ਅਕਾਲੀ ਦਲ ਵੱਲੋਂ 6 ਨਵੰਬਰ ਦਿਨ ਸ਼ਨੀਵਾਰ ਨੂੰ ਰਾਜ ਭਵਨ ਦੇ ਅੱਗੇ 2 ਘੰਟੇ ਸੰਕੇਤਕ ਧਰਨਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਪੰਜਾਬ ਦੇ ਰਜਿਸਟਰਡ ਉਸਾਰੀ ਕਿਰਤੀਆਂ ਨੂੰ ਦੀਵਾਲੀ ਦਾ ਤੋਹਫ਼ਾ, CM ਚੰਨੀ ਨੇ ਕੀਤਾ ਇਹ ਐਲਾਨ
ਜੇਕਰ ਫਿਰ ਵੀ ਸਰਕਾਰ ਨੇ ਡੀਜ਼ਲ ਅਤੇ ਪੈਟਰੋਲ ਤੋਂ ਵੈਟ ਨਾ ਘਟਾਇਆ ਤਾਂ ਅਕਾਲੀ ਦਲ ਸੜਕਾਂ ’ਤੇ ਉਤਰ ਕੇ ਵਿਰੋਧ ਕਰੇਗਾ। ਪ੍ਰੋ. ਚੰਦੂਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਾਰੇ ਦੇਸ਼ ਦੇ ਬਾਕੀ ਸੂਬਿਆਂ ਤੋਂ ਕਿਤੇ ਜ਼ਿਆਦਾ ਵੈਟ ਲਾ ਕੇ ਪੰਜਾਬ ਦੇ ਲੋਕਾਂ ਦੀਆਂ ਜੇਬਾਂ ’ਤੇ ਡਾਕੇ ਮਾਰ ਰਹੀ ਹੈ ਕਿਉਂਕਿ ਕਿਸਾਨ ਇਸ ਸਮੇਂ ਅੰਦੋਲਨ ’ਚ ਉਲਝਿਆ ਹੋਇਆ ਹੈ। ਸਰਕਾਰ ਇਸ ਦਾ ਲਾਭ ਉਠਾ ਕੇ ਸਭ ਤੋਂ ਜ਼ਿਆਦਾ ਵੈਟ ਵਸੂਲ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੇ ਦੀਵਾਲੀ ਤੋਹਫ਼ੇ ਦਾ ਨੋਟੀਫਿਕੇਸ਼ਨ ਜਾਰੀ
ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਆਪਸ ਵਿਚ ਇਕ-ਦੂਜੀ ਧਿਰ ਨੂੰ ਨੀਵਾਂ ਦਿਖਾਉਣ ’ਚ ਉਲਝੀ ਹੋਈ ਹੈ। ਕਿਸਾਨਾਂ ਨੂੰ ਡੀ. ਏ. ਪੀ. ਖ਼ਾਦ ਨਹੀਂ ਮਿਲ ਰਿਹਾ ਅਤੇ ਕਣਕ ਦਾ ਸੀਜ਼ਨ ਖ਼ਤਮ ਹੋਣ ਦੇ ਕਿਨਾਰੇ ਪਹੁੰਚ ਗਿਆ। ਪੰਜਾਬ ਕਾਂਗਰਸ ਦੀ ਆਪਸੀ ਲੜਾਈ ਕਾਰਨ ਹੁਣ ਤੱਕ ਸਰਕਾਰ ਨੇ ਬੀ. ਐੱਸ. ਐੱਫ. ਦੇ ਅਧਿਕਾਰ ਖੇਤਰ ’ਚ ਵਾਧੇ ’ਤੇ ਕੋਈ ਫ਼ੈਸਲਾ ਨਹੀਂ ਲਿਆ।
ਇਹ ਵੀ ਪੜ੍ਹੋ : PSEB ਵੱਲੋਂ 10ਵੀਂ ਤੇ 12ਵੀਂ ਜਮਾਤ ਦੇ ਪ੍ਰਸ਼ਨ-ਪੱਤਰਾਂ ਨੂੰ ਲੈ ਕੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ
ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਨੂੰ ਬਹੁਤ ਪਿੱਛੇ ਧੱਕ ਦਿੱਤਾ ਹੈ। ਕਾਂਗਰਸ ਨੇ ਆਪਣੇ ਕਾਰਜਕਾਲ ’ਚ ਪਹਿਲਾਂ ਸਾਢੇ 4 ਸਾਲ ਲੁੱਟ-ਖਸੁੱਟ ਕੀਤੀ। ਹੁਣ ਆਪਸ ’ਚ ਹੀ ਲੜਨ ਲੱਗੇ ਹੋਏ ਹਨ। ਉਨ੍ਹਾਂ ਦੱਸਿਆ ਕਿ 6 ਨਵੰਬਰ ਦੇ ਧਰਨੇ ’ਚ ਹਲਕਾ ਘਨੌਰ ਅਤੇ ਸਨੌਰ ਤੋਂ ਵੱਡੀ ਗਿਣਤੀ ਵਿਚ ਅਕਾਲੀ ਦਲ ਦੇ ਕਾਰਕੁੰਨ ਹਿੱਸਾ ਲੈਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ