ਕੋਰੋਨਾ ਆਫ਼ਤ : ਅਕਾਲੀ ਦਲ ਵੱਲੋਂ 15 ਦਿਨਾਂ ਲਈ ਸਾਰੇ ਪ੍ਰੋਗਰਾਮ ਮੁਲਤਵੀ

Wednesday, Jul 15, 2020 - 08:37 AM (IST)

ਕੋਰੋਨਾ ਆਫ਼ਤ : ਅਕਾਲੀ ਦਲ ਵੱਲੋਂ 15 ਦਿਨਾਂ ਲਈ ਸਾਰੇ ਪ੍ਰੋਗਰਾਮ ਮੁਲਤਵੀ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਭਾਵ ਦਾ ਧਿਆਨ ਰੱਖਦਿਆਂ ਐਲਾਨ ਕੀਤਾ ਹੈ ਕਿ ਆਉਣ ਵਾਲੇ 15 ਦਿਨਾਂ ਲਈ ਪਾਰਟੀ ਦੇ ਸਾਰੇ ਸਿਆਸੀ ਪ੍ਰੋਗਰਾਮ ਮੁਲਤਵੀ ਰਹਿਣਗੇ। ਬੀਤੇ ਦਿਨ ਪਾਰਟੀ ਦੇ ਮੁੱਖ ਦਫ਼ਤਰ ਤੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਹ ਫੈਸਲਾ ਜਨਤਾ ਅਤੇ ਵਰਕਰਾਂ ਦੀ ਸਿਹਤ ਨੂੰ ਧਿਆਨ 'ਚ ਲੈ ਕੇ ਅਤੇ ਮਾਹਰ ਡਾਕਟਰਾਂ ਅਤੇ ਸਿਹਤ ਮਹਿਕਮੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਮਿੰਨੀ ਸਕੱਤਰੇਤ ’ਚ ਆਮ ਜਨਤਾ ਦੇ ਆਉਣ 'ਤੇ ਰੋਕ, ਲੱਗੇ ਸ਼ਿਕਾਇਤ ਬਾਕਸ

ਉਨ੍ਹਾਂ ਕਿਹਾ ਕਿ ਇਸ ਫੈਸਲੇ ਸਬੰਧੀ ਜਾਣਕਾਰੀ ਸਮੁੱਚੇ ਕਾਡਰ ਨੂੰ ਭੇਜ ਦਿੱਤੀ ਗਈ ਹੈ ਅਤੇ ਪਾਰਟੀ ਨੇ ਸਪੱਸ਼ਟ ਨਿਰਦੇਸ਼ ਦਿੱਤੇ ਹਨ ਕਿ ਸਾਰਿਆਂ ਦੀ ਸਿਹਤ ਦੇ ਮੱਦੇਨਜ਼ਰ ਆਉਂਦੇ 15 ਦਿਨਾਂ ਤੱਕ ਪਾਰਟੀ ਦਾ ਕੋਈ ਵੀ ਸਿਆਸੀ ਪ੍ਰੋਗਰਾਮ ਨਹੀਂ ਹੋਵੇਗਾ ਅਤੇ ਪਾਰਟੀ ਦੇ ਮੁੱਖ ਦਫਤਰ ਅਤੇ ਜ਼ਿਲ੍ਹਾ ਪੱਧਰ 'ਤੇ ਵੀ ਕਿਸੇ ਤਰ੍ਹਾਂ ਦੀ ਕੋਈ ਜਨਤਕ ਮੀਟਿੰਗ ਜਾਂ ਜਲਸਾ/ਧਰਨਾ ਵਗੈਰਾ ਨਹੀਂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਦੁਖਦ ਖਬਰ : ਮੋਹਾਲੀ 'ਚ ਕੋਰੋਨਾ ਕਾਰਨ 8ਵੀਂ ਮੌਤ, ਲੋਕਾਂ 'ਚ ਡਰ ਦਾ ਮਾਹੌਲ

ਪਾਰਟੀ ਵੱਲੋਂ ਸਮੂਹ ਵਰਕਰਾਂ ਨੂੰ ਅਪੀਲ ਕੀਤੀ ਗਈ ਕਿ ਪਾਰਟੀ ਪ੍ਰਧਾਨ ਦੀ ਅਪੀਲ ਦਾ ਸਖ਼ਤੀ ਨਾਲ ਪਾਲਣ ਕੀਤਾ ਜਾਵੇ। ਦੱਸਣਯੋਗ ਹੈ ਕਿ ਕੋਰੋਨਾ ਕੈਪਟਨ ਦੀ ਕੈਬਨਿਟ ਤੱਕ ਵੀ ਪਹੁੰਚ ਗਿਆ ਹੈ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪਾਈ ਗਈ ਹੈ। ਇਸ ਦੇ ਚੱਲਦਿਆਂ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਪੀਲ 'ਤੇ ਸ਼੍ਰੋਮਣੀ ਅਕਾਲੀ ਦਲ ਨੇ 15 ਦਿਨਾਂ ਤੱਕ ਆਪਣੀਆਂ ਸਾਰੀਆਂ ਸਰਗਰਮੀਆਂ ਬੰਦ ਕਰਨ ਦਾ ਐਲਾਨ ਕੀਤਾ ਹੈ।
 


author

Babita

Content Editor

Related News