ਹਰ ਪਾਸੇ ਢੀਂਡਸਾ ਦੇ ਵੱਧਦੇ ਜ਼ਿਕਰ ਨੇ ਬਾਦਲ ਦਲ ਦਾ ਵਧਾਇਆ ਫ਼ਿਕਰ
Wednesday, Aug 26, 2020 - 06:29 PM (IST)
ਬਾਘਾ ਪੁਰਾਣਾ (ਚਟਾਨੀ) : ਪਿਛਲੇ ਇਕ ਦਹਾਕੇ ਤੋਂ ਬਾਦਲ ਪਰਿਵਾਰ ਦੀਆਂ ਮਨਮਰਜ਼ੀਆਂ ਵਾਲੇ ਰਵੱਈਏ ਨੂੰ ਸਹਿਣ ਕਰਦੇ ਆ ਰਹੇ ਟਕਸਾਲੀ ਅਕਾਲੀਆਂ ਨੇ ਹੁਣ ਅਕਾਲੀ ਦਲ ਦੇ ਮੰਚ ਉਪਰ ਤਾਂ ਡਟੇ ਖੜ੍ਹੇ ਰਹਿਣ ਦਾ ਸੰਕਲਪ ਦੁਹਰਾਇਆ ਹੈ ਪਰ ਬਾਦਲ ਪਰਿਵਾਰ ਦੀ ਸਰਪ੍ਰਸਤੀ ਨੂੰ ਕਬੂਲਣ ਤੋਂ ਕੋਰੀ ਨਾਂਹ ਕਰਦੇ ਉਹ ਦਿਖਾਈ ਦੇ ਰਹੇ ਹਨ। ਢੁੱਕਵੇਂ, ਨਰੋਏ ਅਤੇ ਪ੍ਰਪੱਕ ਆਗੂ ਦੀ ਉਡੀਕ ਵਿਚ ਲੰਬੇ ਸਮੇਂ ਤੋਂ ਬੈਠੇ ਅਜਿਹੇ ਟਕਸਾਲੀਆਂ ਨੂੰ ਹੁਣ ਸੁਖਦੇਵ ਸਿੰਘ ਢੀਂਡਸਾ ਤੋਂ ਆਪਣੀਆਂ ਉਮੀਦਾਂ ਦੀ ਪੂਰਤੀ ਦੀ ਆਸ ਬੱਝੀ ਹੈ। ਇੱਧਰ ਮਾਲਵੇ ਦੇ ਕਈ ਟਕਸਾਲੀ ਨੇਤਾਵਾਂ ਨੇ 'ਤੇਲ ਵੇਖੋ, ਤੇਲ ਦੀ ਧਾਰ ਵੇਖੋ' ਵਾਲੀ ਕਹਾਵਤ ਅਨੁਸਾਰ ਚੁੱਪ ਤਾਂ ਵੱਟੀ ਹੋਈ ਹੈ ਪਰ ਕੁੱਝ ਨਿਧੜਕ ਆਗੂਆਂ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਮੁਕਾਬਲੇ ਹੁਣ ਤਾਂ ਅਕਾਲੀ ਦਲ ਉਨ੍ਹਾਂ ਦੀਆਂ ਆਸਾਂ ਉਮੀਦਾਂ ਉਪਰ ਖਰਾ ਨਹੀਂ ਉਤਰ ਸਕਦਾ। ਅਜਿਹੇ ਟਕਸਾਲੀਆਂ ਨੇ ਤਰਕ ਦਿੱਤਾ ਹੈ ਕਿ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਦੀ ਚੋਣ ਵੇਲੇ ਲਿਫਾਫਾ ਕਲਚਰ ਦਾ ਵਧਣਾ ਅਤੇ ਅਕਾਲੀ ਦਲ ਅੰਦਰ ਲੋਕਤੰਤਰੀ ਨੂੰ ਪ੍ਰਭਾਵੀ ਬਨਾਉਣ ਵਾਲੀਆਂ ਆਵਾਜ਼ਾਂ ਦੀ ਧੌਣ ਮਰੋੜਨਾ ਹੁਣ ਜ਼ਮੀਰ ਵਾਲੇ ਵਰਕਰਾਂ ਨੂੰ ਹਜ਼ਮ ਨਹੀਂ ਆ ਰਿਹਾ।
ਇਹ ਵੀ ਪੜ੍ਹੋ : ਸੁਖਬੀਰ ਬਾਦਲ ਦੀ ਹੱਲਾਸ਼ੇਰੀ ਨੇ ਵਧਾਏ ਅਕਾਲੀਆਂ ਦੇ ਹੌਂਸਲੇ, ਲੋਕਾਂ 'ਚ ਵਧਣ ਲੱਗਾ ਹੇਜ
ਕਈ ਆਗੂਆਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਲੰਬੀ ਉਮਰ ਦੀ ਤਾਂ ਉਹ ਦਿਨ-ਰਾਤ ਅਰਦਾਸ ਕਰਦੇ ਹਨ, ਪਰ 10ਵੇਂ ਦਹਾਕੇ 'ਚ ਪ੍ਰਵੇਸ਼ ਕਰ ਚੁੱਕੇ ਵੱਡੇ ਬਾਦਲ ਦੀ ਉਮਰ ਦਾ ਤਕਾਜ਼ਾ ਇਹੀ ਦਰਸਾਉਂਦਾ ਹੈ ਕਿ ਉਹ ਹੁਣ ਰਾਜਨੀਤੀ ਦੀ ਵਾਂਗਡੋਰ ਸੰਭਾਲਣ ਦੇ ਸਮਰੱਥ ਨਹੀਂ ਅਤੇ ਅਜਿਹੇ ਦੌਰ ਵਿਚ ਸਾਰਾ ਕੁੱਝ ਪਰਿਵਾਰ ਦੇ ਹੱਥ ਵਿਚ ਹੀ ਰਹੇ ਇਹ ਟਕਸਾਲੀ ਅਤੇ ਨਿਰੋਲ ਪੰਥਕ ਸੋਚ ਵਾਲੇ ਆਗੂਆਂ ਦੇ ਬਰਦਾਸ਼ਿਤ ਤੋਂ ਵੀ ਬਾਹਰ ਹੈ। ਸੂਝਵਾਨ ਅਕਾਲੀ ਆਗੂਆਂ ਨੇ ਕਿਹਾ ਕਿ ਉਹ ਪੰਥਕ ਸੋਚ ਦੇ ਧਾਰਨੀ ਹਨ ਅਤੇ ਪੰਥ ਵਿਚ ਤਰੇੜਾਂ ਹਰਗਿਜ਼ ਬਰਦਾਸ਼ਤ ਨਹੀਂ ਕਰ ਸਕਦੇ। ਇਸੇ ਕਰਕੇ ਉਹ ਖੁੱਲ ਕੇ ਆਪਣੇ ਨਾਂ ਨਸ਼ਰ ਕਰਨ ਤੋਂ ਝਿਜਕਦੇ ਹਨ ਪਰ ਇਹ ਗੱਲ ਉਹ ਜ਼ਰੂਰ ਕਹਿੰਦੇ ਹਨ ਕਿ ਜਿਸ ਮੋੜ ਉਪਰ ਅਕਾਲੀ ਦਲ ਇਸ ਵੇਲੇ ਆਣ ਖੜ੍ਹਾ ਹੈ, ਉਸ ਨੂੰ ਹੋਛੇ ਰਾਜਨੀਤੀਵਾਨ ਨਹੀਂ ਸਗੋਂ ਸੁੱਘੜ ਸਿਆਣੇ ਅਤੇ ਠਰੰਮੇ ਵਾਲੇ ਆਗੂ ਹੀ ਸੰਭਾਲ ਸਕਦੇ ਹਨ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਦਾਦੂਵਾਲ, ਢੱਡਰੀਆਵਾਲੇ ਅਤੇ ਭਾਈ ਮੰਡ 'ਤੇ ਦਿੱਤਾ ਵੱਡਾ ਬਿਆਨ
ਛੱਡਣਾ ਹੀ ਪਵੇਗਾ ਪਰਿਵਾਰ ਵਾਲਾ ਮੋਹ
ਅਕਾਲੀ ਨੇਤਾਵਾਂ ਨੇ ਕਿਹਾ ਕਿ ਜੇਕਰ ਪੰਥਕ ਮਰਿਯਾਦਾਵਾਂ ਨੂੰ ਬਰਕਰਾਰ ਰੱਖਣਾ ਹੈ ਤਾਂ ਦਹਾਕਿਆਂ ਤੋਂ ਚੱਲਿਆ ਆ ਰਿਹਾ ਪਰਿਵਾਰਵਾਦ ਵਾਲੇ ਕਬਜ਼ੇ ਤੋਂ ਅਕਾਲੀ ਦਲ ਨੂੰ ਰਿਹਾਅ ਕਰਨਾ ਪਵੇਗਾ, ਇਹ ਕੁਰਬਾਨੀ ਹੀ ਅਕਾਲੀ ਦਲ ਨੂੰ ਮਜ਼ਬੂਤ ਕਰ ਸਕੇਗੀ।
ਇਹ ਵੀ ਪੜ੍ਹੋ : ਸੁਖਬੀਰ-ਹਰਸਿਮਰਤ ਸਣੇ ਪੁੱਤ ਤੇ ਧੀ ਦੀ ਕੋਰੋਨਾ ਰਿਪੋਰਟ ਆਈ ਸਾਹਮਣੇ
ਸਿਧਾਂਤਾਂ ਵਾਲੀ ਰਾਜਨੀਤੀ ਅਤੀ ਜ਼ਰੂਰੀ
ਸਿਆਸੀ ਪਾਰਟੀਆਂ ਅੰਦਰ ਤਾਂ ਸਿਧਾਂਤ ਹੁਣ ਛਿੱਕੇ ਟੰਗੇ ਜਾ ਰਹੇ ਹਨ, ਪਰ ਜਿਹੜੀਆਂ ਪਾਰਟੀਆਂ ਧਰਮ ਨੂੰ ਬਚਾਉਣ ਲਈ ਰਾਜਨੀਤਿਕ ਖੇਤਰ ਵਿਚ ਪ੍ਰਵੇਸ਼ ਹੋਈਆਂ ਹਨ, ਘੱਟੋ ਘੱਟ ਉਨ੍ਹਾਂ ਪਾਰਟੀਆਂ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਆਗੂਆਂ ਨੂੰ ਉਸ ਦਾਇਰੇ ਵਿਚੋਂ ਬਾਹਰ ਨਾ ਨਿਕਲਣ ਦੇਣ ਜਿਸ ਦਾਇਰੇ 'ਚੋਂ ਨਿਕਲ ਕੇ ਅਜਿਹੇ ਆਗੂ ਧਰਮ ਨੂੰ ਪਿੱਛੇ ਪਰ ਆਪਣੀ ਕੁਰਸੀਨੂੰ ਮੂਹਰੇ ਕਰਦੇ ਹੋਣ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਡਰਾਈਵਿੰਗ ਲਾਇਸੰਸ, ਆਰ.ਸੀ. ਤੇ ਪਰਮਿਟਾਂ ਦੀ ਮਿਆਦ ਵਧਾਈ
ਵਿਧਾਨ ਸਭਾ 'ਚ ਵਿਰੋਧੀ ਧਿਰ ਵੀ ਨਾ ਬਣ ਸਕਣਾ ਨਮੋਸ਼ੀਜਨਕ
ਟਕਸਾਲੀ ਨੇਤਾਵਾਂ ਨੇ ਸੌ ਸਾਲ ਪੁਰਾਣੀ ਪਾਰਟੀ ਦਾ ਇਸ ਵਾਰ ਵਿਰੋਧੀ ਧਿਰ ਦੇ ਸਮਰੱਥ ਵੀ ਨਾ ਰਹਿ ਸਕਣ ਨੂੰ ਨਮੋਸ਼ੀਜਨਕ ਕਰਾਰ ਦਿੱਤਾ ਅਤੇ ਕਿਹਾ ਕਿ ਕੱਲ ਬਣੀ ਪਾਰਟੀ ਨੇ ਵਿਰੋਧੀ ਧਿਰ ਵਾਲੀ ਕੁਰਸੀ ਮੱਲ ਕੇ ਅਕਾਲੀ ਦਲ ਦੀ ਕਮਜੋਰੀ ਨੂੰ ਤਸਦੀਕ ਕਰ ਦਿੱਤਾ ਹੈ। ਨੇਤਾਵਾਂ ਨੇ ਅਜਿਹੀ ਸਥਿਤੀ ਲਈ ਉਨ੍ਹਾਂ ਹੀ ਆਗੂਆਂ ਨੂੰ ਜ਼ਿੰਮੇਵਾਰ ਦੱਸਿਆ ਹੈ ਜਿਹੜੇ ਸਿਰਫ਼ ਪੈਸੇ ਦੀ ਧੌਂਸ ਨਾਲ ਜਿੱਤਣ ਦਾ ਭਰਮ ਪਾਲੀ ਬੈਠੇ ਹਨ। ਉਨ੍ਹਾਂ ਕਿਹਾ ਕਿ ਪਰ ਹੁਣ ਸੁਚੇਤ ਲੋਕਾਂ ਨੇ ਪੱਕਾ ਮਨ ਬਣਾ ਲਿਆ ਹੈ ਕਿ ਗੁਰੂ ਦੇ ਮਿਸ਼ਨ ਉਪਰ ਪਹਿਰਾ ਦੇਣ ਵਾਲੇ ਲੋਕਾਂ ਨੂੰ ਹੀ ਉਹ ਧਰਮ ਅਤੇ ਰਾਜਨੀਤੀ ਦੀ ਰਾਖੀ ਲਈ ਮੂਹਰੇ ਲਿਆਉਣਗੇ।
ਇਹ ਵੀ ਪੜ੍ਹੋ : ਕੈਪਟਨ ਸਰਕਾਰ ਦਾ ਐਲਾਨ, ਕੋਰੋਨਾ ਕਾਰਣ ਪੱਤਰਕਾਰ ਦੀ ਮੌਤ 'ਤੇ ਪਰਿਵਾਰ ਨੂੰ ਮਿਲੇਗਾ 10 ਲੱਖ ਰੁਪਏ ਮੁਆਵਜ਼ਾ