ਅਕਾਲੀ ਦਲ ਕੇਜਰੀਵਾਲ ਵੱਲੋਂ ਆਪਣੀ ਭੈਣ ਨਾਲ ਕੀਤਾ ਵਾਅਦਾ 'ਆਪ' ਸਰਕਾਰ ਨੂੰ ਚੇਤੇ ਕਰਵਾਉਣ ਲਈ ਕਰੇਗਾ ਰੋਸ ਮਾਰਚ

Sunday, Oct 09, 2022 - 10:18 PM (IST)

ਅਕਾਲੀ ਦਲ ਕੇਜਰੀਵਾਲ ਵੱਲੋਂ ਆਪਣੀ ਭੈਣ ਨਾਲ ਕੀਤਾ ਵਾਅਦਾ 'ਆਪ' ਸਰਕਾਰ ਨੂੰ ਚੇਤੇ ਕਰਵਾਉਣ ਲਈ ਕਰੇਗਾ ਰੋਸ ਮਾਰਚ

ਮੋਹਾਲੀ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਅਕਾਲੀ ਦਲ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਆਪਣੀ ਭੈਣ ਸਿੱਪੀ ਸ਼ਰਮਾ ਨਾਲ ਇਕ ਸਾਲ ਪਹਿਲਾਂ ਕੀਤਾ ਵਾਅਦਾ ਕਿ ਸੱਤਾ 'ਚ ਆਉਣ ’ਤੇ 'ਆਪ' ਸਰਕਾਰ 646 ਪੀ.ਟੀ.ਆਈ. ਅਧਿਆਪਕਾਂ ਨੂੰ ਰੈਗੂਲਰ ਕਰੇਗੀ, 'ਆਪ' ਸਰਕਾਰ ਨੂੰ ਚੇਤੇ ਕਰਵਾਉਣ ਵਾਸਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਤੱਕ ਰੋਸ ਮਾਰਚ ਕੱਢੇਗਾ।

ਮਜੀਠੀਆ ਨੇ ਭੈਣ ਤੇ ਭਰਾ ਦਰਮਿਆਨ ਪਵਿੱਤਰ ਰਿਸ਼ਤੇ ਦਾ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਮਖੌਲ ਉਡਾਉਣ ਦੇ ਤਰੀਕੇ ’ਤੇ ਹੈਰਾਨੀ ਪ੍ਰਗਟਾਈ ਅਤੇ ਕਿਹਾ ਕਿ ਕੇਜਰੀਵਾਲ 23 ਅਕਤੂਬਰ ਨੂੰ ਇਸ ਥਾਂ ’ਤੇ ਆਏ ਸਨ ਤੇ ਸਿੱਪੀ ਸ਼ਰਮਾ ਨੂੰ ਇਕ ਭਰਾ ਵਜੋਂ ਵਾਅਦਾ ਕੀਤਾ ਸੀ ਕਿ ਸੂਬੇ ਵਿਚ 'ਆਪ' ਸਰਕਾਰ ਬਣਨ ’ਤੇ ਪੀ.ਟੀ.ਆਈ. ਅਧਿਆਪਕ ਰੈਗੂਲਰ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਬਹੁਤ ਤ੍ਰਾਸਦੀ ਵਾਲੀ ਗੱਲ ਹੈ ਕਿ ਸਿੱਪੀ ਸ਼ਰਮਾ ਨੂੰ ਇਕ ਵਾਰ ਫਿਰ ਤੋਂ ਪਾਣੀ ਦੀ ਟੈਂਕੀ ’ਤੇ ਚੜ੍ਹਨਾ ਪਿਆ ਹੈ, ਜਿਥੇ ਉਨ੍ਹਾਂ ਦੇ ਭਰਾ ਨੇ 27 ਨਵੰਬਰ 2021 ਨੂੰ ਉਨ੍ਹਾਂ ਨਾਲ ਵਾਅਦਾ ਕੀਤਾ ਸੀ।

ਇਹ ਵੀ ਪੜ੍ਹੋ : ਚੋਣ ਪ੍ਰਚਾਰ 'ਤੇ ਗੁਜਰਾਤ ਗਏ CM ਮਾਨ ਦਾ ਭਾਜਪਾ 'ਤੇ ਹਮਲਾ, ਕਹੀਆਂ ਵੱਡੀਆਂ ਗੱਲਾਂ

ਬਿਕਰਮ ਸਿੰਘ ਮਜੀਠੀਆ ਜਿਨ੍ਹਾਂ ਨੇ ਸਿੱਪੀ ਸ਼ਰਮਾ ਨਾਲ ਵਿਸਥਾਰ 'ਚ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਇਹ ਵੀ ਅਪੀਲ ਕੀਤੀ ਕਿ ਟੈਂਕੀ ਉਪਰ ਮਾੜੇ ਹਾਲਾਤ ਨੂੰ ਵੇਖਦਿਆਂ ਉਹ ਹੇਠਾਂ ਉਤਰ ਆਉਣ। ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ ਕਿ 'ਆਪ' ਸਰਕਾਰ ਨੇ ਇਹ ਕਹਿ ਕੇ ਆਪਣਾ ਪੱਲਾ ਝਾੜ ਲਿਆ ਹੈ ਕਿ ਉਸ ਨੂੰ 646 ਪੀ.ਟੀ.ਆਈ. ਇੰਸਟਰੱਕਟਰਾਂ ਦੀ ਲੋੜ ਨਹੀਂ ਹੈ। ਉਨ੍ਹਾਂ ਸੰਘਰਸ਼ ਕਰ ਰਹੇ ਮੁਲਾਜ਼ਮਾਂ ਨੂੰ ਭਰੋਸਾ ਦਿਵਾਇਆ ਕਿ ਅਕਾਲੀ ਦਲ ਕੇਜਰੀਵਾਲ ਨੂੰ ਭੱਜਣ ਨਹੀਂ ਦੇਵੇਗਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਕੀਤੇ ਪਵਿੱਤਰ ਵਾਅਦੇ ਦੇ ਮੁੱਦੇ ਕਾਰਨ ਇਹ ਭਗਵੰਤ ਮਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ 'ਆਪ' ਦੇ ਕਨਵੀਨਰ ਵੱਲੋਂ ਕੀਤਾ ਵਾਅਦਾ ਪੂਰਾ ਕਰਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਸਰਕਾਰ ਅਧਿਆਪਕਾਂ ਨੂੰ ਪਾਣੀ ਦੀਆਂ ਟੈਂਕੀਆਂ ’ਤੇ ਚੜ੍ਹਨ ਵਾਸਤੇ ਮਜਬੂਰ ਕਰਦੀ ਹੈ, ਜਦੋਂ ਕਿ ਦਿੱਲੀ ਸਰਕਾਰ ਉਨ੍ਹਾਂ ਨੂੰ ਸਵੀਡਨ, ਇੰਗਲੈਂਡ ਤੇ ਨਿਊਜ਼ੀਲੈਂਡ ਭੇਜਦੀ ਹੈ। ਅਸੀਂ ਕੇਜਰੀਵਾਲ ਨੂੰ ਆਪਣੀ ਭੈਣ ਨਾਲ ਕੀਤਾ ਵਾਅਦਾ ਪੂਰਾ ਕਰਨ ਤੇ ਪੀ.ਟੀ.ਆਈ. ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਮਜਬੂਰ ਕਰਾਂਗੇ।

ਇਹ ਵੀ ਪੜ੍ਹੋ : ਏਜੰਟਾਂ ਦਾ ਇਕ ਹੋਰ ਕਾਰਨਾਮਾ: ਦੁਬਈ 'ਚ ਕੰਮ ਦਿਵਾਉਣ ਦਾ ਝਾਂਸਾ ਦੇ ਕੇ ਔਰਤ ਨੂੰ ਭੇਜਿਆ ਓਮਾਨ

ਇਸ ਦੌਰਾਨ ਸਿੱਪੀ ਸ਼ਰਮਾ ਨੇ ਮਜੀਠੀਆ ਨੂੰ ਦੱਸਿਆ ਕਿ ਕੁਝ ਪੀ.ਟੀ.ਆਈ. ਅਧਿਆਪਕ ਤਾਂ ਮੁੱਖ ਮੰਤਰੀ ਦੇ ਪਿੰਡ ਸਤੋਜ ਤੋਂ ਹਨ, ਜੋ ਨਿਆਂ ਵਾਸਤੇ ਸੰਘਰਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਪਤਨੀ ਡਾ. ਗੁਰਪ੍ਰੀਤ ਕੌਰ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇਗਾ ਪਰ ਉਸ ਦਾ ਵੀ ਕੁਝ ਨਹੀਂ ਬਣਿਆ। ਮਜੀਠੀਆ ਨੇ ਜ਼ੋਰ ਦੇ ਕੇ ਕਿਹਾ ਕਿ ਜੇਕਰ ਡਾ. ਗੁਰਪ੍ਰੀਤ ਕੌਰ ਸੱਚਮੁੱਚ ਪੀ.ਟੀ.ਆਈ. ਮੁਲਾਜ਼ਮਾਂ ਲਈ ਨਿਆਂ ਚਾਹੁੰਦੇ ਹਨ ਤਾਂ ਫਿਰ ਉਨ੍ਹਾਂ ਨੂੰ ਪੀ.ਟੀ.ਆਈ. ਮੁਲਾਜ਼ਮਾਂ ਦੇ ਸੰਘਰਸ਼ ਵਿਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਅਧਿਆਪਕਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਆਉਂਦੇ ਕਰਵਾ ਚੌਥ ਤੋਂ ਪਹਿਲਾਂ ਇਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ।

ਇਹ ਵੀ ਪੜ੍ਹੋ : 2 ਟਰੈਕਟਰਾਂ ਦੀ ਭਿਆਨਕ ਟੱਕਰ 'ਚ ਤਾਏ-ਭਤੀਜੇ ਦੀ ਹੋਈ ਮੌਤ

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਨੇ ਕਿਹਾ ਕਿ 'ਆਪ' ਨੇ ਪਹਿਲਾਂ ਪੰਜਾਬੀਆਂ ਨੂੰ ਮੂਰਖ ਬਣਾਇਆ ਤੇ ਹੁਣ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਵਿਚ ਲੋਕਾਂ ਨੂੰ ਮੂਰਖ ਬਣਾਉਣ ’ਤੇ ਲੱਗੀ ਹੈ। ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਵੋਟਰਾਂ ਨੂੰ ਆਖਿਆ ਜਾ ਰਿਹਾ ਹੈ ਕਿ ਪੰਜਾਬੀਆਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ, ਜਦੋਂ ਕਿ ਸੱਚਾਈ ਲੋਕਾਂ ਦੇ ਸਾਹਮਣੇ ਹੈ। ਉਨ੍ਹਾਂ ਕਿਹਾ ਕਿ ਹਾਲਾਤ ਇਹ ਹਨ ਕਿ ਜੋ ਕੋਈ ਮੁੱਖ ਮੰਤਰੀ ਕੋਲ  ਨਿਆਂ ਲਈ ਪਹੁੰਚ ਕਰਦਾ ਹੈ ਤਾਂ ਉਸ ਨੂੰ ਬੇਰਹਿਮੀ ਨਾਲ ਕੁੱਟਿਆ-ਮਾਰਿਆ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News