ਹਰਿਆਣਾ 'ਚ ਵੱਖ ਚੋਣ ਲੜਨ ਵਾਲਾ ਅਕਾਲੀ ਦਲ ਕੇਂਦਰ 'ਚੋਂ ਹਰਸਿਮਰਤ ਨੂੰ ਸੱਦੇ ਵਾਪਸ : ਜਾਖੜ

10/16/2019 6:35:01 PM

ਜਲੰਧਰ (ਧਵਨ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਹਰਿਆਣਾ 'ਚ ਵਿਧਾਨ ਸਭਾ ਚੋਣਾਂ 'ਚ ਭਾਜਪਾ ਤੋਂ ਵੱਖ ਹੋ ਕੇ ਚੋਣਾਂ ਲੜਨ ਵਾਲੇ ਅਕਾਲੀ ਦਲ ਨੂੰ ਕੇਂਦਰ ਦੀ ਭਾਜਪਾ ਸਰਕਾਰ 'ਚੋਂ ਆਪਣੇ ਮੰਤਰੀ ਵਾਪਸ ਸੱਦ ਲੈਣੇ ਚਾਹੀਦੇ ਹਨ। ਉਨ੍ਹਾਂ ਬੁੱਧਵਾਰ ਸੂਬੇ ਦੀ ਸਿਆਸੀ ਸਥਿਤੀ 'ਤੇ ਕੈਪਟਨ ਅਮਰਿੰਦਰ ਸਿੰਘ ਨਾਲ ਚਰਚਾ ਕੀਤੀ। ਇਸ ਦੌਰਾਨ ਅਕਾਲੀ-ਭਾਜਪਾ ਗੱਠਜੋੜ ਬਾਰੇ ਵੀ ਗੱਲਬਾਤ ਹੋਈ। ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਵੀ ਮੌਜੂਦ ਸੀ। ਝਾਖੜ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਦੋਹਰੀ ਸਿਆਸੀ ਖੇਡ ਖੇਡੀ ਜਾ ਰਹੀ ਹੈ। ਇਕ ਪਾਸੇ ਤਾਂ ਉਹ ਹਰਿਆਣਾ 'ਚ ਭਾਜਪਾ ਵਿਰੁੱਧ ਬਿਆਨਬਾਜ਼ੀ ਕਰ ਰਿਹਾ ਹੈ ਤਾਂ ਦੂਜੇ ਪਾਸੇ ਕੇਂਦਰ 'ਚ ਆਪਣਾ ਮੰਤਰੀ ਬਣਾਈ ਰੱਖ ਕੇ ਸੱਤਾ ਦਾ ਸੁੱਖ ਵੀ ਭੋਗ ਰਿਹਾ ਹੈ। ਦੋਹਰੀ ਸਿਆਸਤ ਦੀ ਇਹ ਖੇਡ ਲੰਬੇ ਸਮੇਂ ਤੱਕ ਨਹੀਂ ਚੱਲੇਗੀ ਕਿਉਂਕਿ ਲੋਕਾਂ ਨੂੰ ਸੱਚਾਈ ਦਾ ਪਤਾ ਲੱਗ ਗਿਆ ਹੈ।

ਜਾਖੜ ਨੇ ਕਿਹਾ ਕਿ ਪੰਜਾਬ 'ਚ ਵੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਲੰਬੇ ਸਮੇਂ ਤੱਕ ਨਹੀਂ ਚੱਲੇਗਾ। ਅਕਾਲੀ ਲੀਡਰਸ਼ਿਪ ਨੂੰ ਇਹ ਸਟੈਂਡ ਲੈਣਾ ਹੀ ਹੋਵੇਗਾ ਕਿ ਜਾਂ ਤਾਂ ਉਹ ਭਾਜਪਾ ਨਾਲ ਚੱਲੇ ਜਾਂ ਫਿਰ ਉਸ ਨੂੰ ਪੂਰੀ ਤਰ੍ਹਾਂ ਛੱਡ ਦੇਵੇ, ਵਿਚ-ਵਿਚਾਲੇ ਵਾਲੀ ਸਿਆਸਤ ਨਹੀਂ ਚੱਲੇਗੀ। ਪੰਜਾਬ 'ਚ ਹੋਣ ਵਾਲੀਆਂ 4 ਉਪ ਚੋਣਾਂ ਦੇ ਨਤੀਜਿਆਂ ਪਿੱਛੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੇ ਵੱਖ-ਵੱਖ ਹੋ ਜਾਣ ਦੇ ਆਸਾਰ ਨਜ਼ਰ ਆ ਰਹੇ ਹਨ ਕਿਉਂਕਿ ਭਾਜਪਾ ਨੇਤਾ ਵੀ ਹੁਣ ਅਕਾਲੀ ਦਲ ਨੂੰ ਛੱਡਣਾ ਚਾਹੁੰਦੇ ਹਨ, ਇਸ ਲਈ ਉਹ ਕੋਈ ਨਾ ਕੋਈ ਬਹਾਨਾ ਲੱਭਣ 'ਚ ਲੱਗੇ ਹੋਏ ਹਨ।

ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਆਪਣੇ ਢਾਈ ਸਾਲ ਦੇ ਕਾਰਜਕਾਲ ਦੌਰਾਨ ਕਿਸਾਨਾਂ ਦੀਆਂ 5 ਫਸਲਾਂ ਨੂੰ ਬਿਨਾਂ ਕਿਸੇ ਮੁਸ਼ਕਿਲ ਤੋਂ ਚੁੱਕਿਆ। ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ। ਸੁਖਬੀਰ ਬਾਦਲ 'ਤੇ ਸਿਆਸੀ ਹਮਲੇ ਕਰਦਿਆਂ ਜਾਖੜ ਨੇ ਕਿਹਾ ਕਿ ਉਹ ਜਲਾਲਾਬਾਦ ਤੋਂ ਵਿਧਾਇਕ ਰਹੇ ਹਨ ਪਰ ਆਪਣੇ ਹਲਕੇ ਦੇ ਵਿਕਾਸ ਵੱਲ ਕੋਈ ਧਿਆਨ ਨਹੀਂ ਦੇ ਰਹੇ ਇਹੀਂ ਕਾਰਨ ਹੈ ਕਿ ਅੱਜ ਜਲਾਲਾਬਾਦ ਦਾ ਹਰ ਵਿਅਕਤੀ ਕਾਂਗਰਸ ਨਾਲ ਖੜਾ ਹੈ। ਕੈਪਟਨ ਸਰਕਾਰ ਨੇ ਅਨੁਸੂਚਿਤ ਜਾਤੀਆਂ ਲੋਕਾਂ ਦੇ 50-50 ਹਜ਼ਾਰ ਰੁਪਏ ਤਕ ਦੇ ਕਰਜ਼ੇ ਮੁਆਫ ਕੀਤੇ ਹਨ। ਸੂਬੇ ਦੇ 44 ਲੱਖ ਤੋਂਵੱਧ ਲੋਕਾਂ ਨੂੰ ਇਲਾਜ ਦੀਆਂ ਸਹੂਲਤਾਂ ਦਿੱਤੀਆਂ ਹਨ।


Gurminder Singh

Content Editor

Related News