UAPA ਦੀ ਦੁਰਵਰਤੋਂ ਕਰ ਕਿਸਾਨ ਅੰਦੋਲਨ ਨੂੰ ਦਬਾਉਣ ਦੇ ਯਤਨਾਂ ਦੀ ਅਕਾਲੀ ਦਲ ਨੇ ਕੀਤੀ ਨਿਖੇਧੀ
Thursday, Jan 28, 2021 - 11:01 PM (IST)
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਸਾਨ ਆਗੂਆਂ ਖਿਲਾਫ ਯੂ.ਏ.ਪੀ.ਏ. ਲਗਾ ਕੇ ਸ਼ਾਂਤੀਪੂਰਨ ਕਿਸਾਨ ਅੰਦੋਲਨ ਨੂੰ ਦਬਾਉਣ ਦੇ ਯਤਨਾਂ ਅਤੇ ਸ਼ਰਾਰਤੀ ਅਨਸਰਾਂ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਜ਼ੋਰਦਾਰ ਨਿਖੇਧੀ ਕੀਤੀ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਸਾਨ ਆਗੂਆਂ ਖਿਲਾਫ ਯੂ.ਏ.ਪੀ.ਏ ਦੀ ਵਰਤੋਂ ਕਰਨ ਅਤੇ ਦਮਨਕਾਰੀ ਨਤੀਆਂ ਅਪਣਾਉਣ ਦੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਇਹ ਕੋਈ ਤਰੀਕਾ ਨਹੀਂ ਹੈ ਜਿਵੇਂ ਕਿ ਅੰਨਦਾਤਾ ਨਾਲ ਪੇਸ਼ ਆਇਆ ਗਿਆ ਹੈ। ਉਹਨਾਂ ਕਿਹਾ ਕਿ ਯੂ.ਏ.ਪੀ.ਏ ਕਾਨੂੰਨ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਚੁਣੌਤੀ ਦੇਣ ਵਾਲਿਆਂ ਵਾਸਤੇ ਬਣਾਇਆ ਗਿਆ ਸੀ। ਉਹਨਾਂ ਕਿਹਾ ਕਿ ਕਿਸਾਨ ਤਾਂ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਆਪਣੀਆਂ ਜਿਣਸਾਂ ਦਾ ਸਹੀ ਭਾਅ ਲੈਣ ਵਾਸਤੇ ਪਿਛਲੇ ਦੋ ਮਹੀਨਿਆਂ ਤੋਂ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨਕ ਕਰ ਰਹੇ ਹਨ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਬਜਾਏ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਅਤੇ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੇ, ਸਰਕਾਰ ਨੇ ਕਿਸਾਨ ਆਗੂਆਂ ਖਿਲਾਫ ਮੁਕੱਦਮੇ ਚਲਾਉਣ ਨੁੰ ਤਰਜੀਹ ਦਿੱਤੀ ਹੈ।
ਮਜੀਠੀਆ ਨੇ ਭਾਵਨਾਵਾਂ ਭੜਕਾਉਣ ਦੇ ਯਤਨ ਦੀ ਵੀ ਨਿਖੇਧੀ ਕੀਤੀ ਜਿਸ ਕਾਰਨ ਦੇਸ਼ ਵਿਚ ਸ਼ਾਂਤੀ ਤੇ ਫਿਰਕੂ ਸਦਭਾਵਨਾ ਨੁੰ ਲਾਂਬੂ ਲੱਗ ਸਕਦਾ ਹੈ। ਉਹਨਾਂ ਕਿਹਾ ਕਿ ਲੋਕਾਂ ਵੱਲੋਂ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀਆਂ ਪ੍ਰੇਸ਼ਾਨ ਕਰਨ ਵਾਲੀਆਂ ਵੀਡੀਓ ਸਾਹਮਣੇ ਆਈਆਂ ਹਨ। ਉਹਨਾਂ ਕਿਹਾ ਕਿ ਅਜਿਹੇ ਯਤਨ ਨਿਸ਼ਾਨ ਸਾਹਿਬ ਦਾ ਅਪਮਾਨ ਹਨ ਤੇ ਇਸ ਨਾਲ ਦੁਨੀਆਂ ਭਰ ਵਿਚ ਬੈਠੇ ਪੰਜਾਬੀਆਂ ਦੇ ਮਨਾਂ ਨੂੰ ਵੱਡੀ ਠੇਸ ਪਹੁੰਚੀ ਹੈ। ਉਹਨਾਂ ਕਿਹਾ ਕਿ ਇਹਨਾਂ ਕਾਰਨ ਗੰਭੀਰ ਅਮਨ ਕਾਨੂੰਨ ਦਾ ਸੰਕਟ ਪੈਦਾ ਹੋ ਸਕਦਾ ਹੈ ਜੋ ਕੰਟਰੋਲ ਤੋਂ ਬਾਹਰ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਮੈਂ ਕੇਂਦਰ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਇਸ ਸੰਵੇਦਨਸ਼ੀਲ ਸਥਿਤੀ ਦਾ ਨੋਟਿਸ ਲਵੇ ਅਤੇ ਢੁਕਵੇਂ ਕਦਮ ਚੁੱਕੇ ਤੇ ਆਪ ਕਿਸਾਨ ਭਾਈਚਾਰੇ ਖਿਲਾਫ ਕਦਮਾਂ ਦਾ ਹਿੱਸਾ ਨਾ ਬਣੇ।
ਅਕਾਲੀ ਆਗੂ ਨੇ ਕੇਂਦਰ ਸਰਕਾਰ ਨੂੰ ਦਰੁੱਸਤੀ ਭਰੇ ਕਦਮ ਚੁੱਕਣ ਲਈ ਆਖਦਿਆਂ ਕਿਹਾ ਕਿ ਪਹਿਲਾਂ ਸੰਸਦ ਵਿਚ ਧੱਕੇ ਨਾਲ ਖੇਤੀ ਬਿੱਲ ਪਾਸ ਕਰਵਾਏ ਗਏ ਸਨ। ਉਹਨਾਂ ਕਿਹਾ ਕਿ ਜਦੋਂ ਸ਼ਾਂਤੀਪੂਰਨ ਢੰਗ ਦੇ ਰੋਸ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ ਤਾਂ ਕੇਂਦਰ ਸਰਕਾਰ ਤੇ ਇਸਦੀਆਂ ਏਜੰਸੀਆਂ ਨੇ ਸ਼ਾਂਤੀਪੂਰਨ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨਕਸਲੀ ਤੇ ਖਾਲਿਸਤਾਨੀ ਕਰਾਰ ਦੇਣ ਦਾ ਯਤਨ ਕੀਤਾ। ਉਹਨਾਂ ਕਿਹਾ ਕਿ ਹੁਣ ਸ਼ਾਂਤੀਪੂਰਨ ਅੰਦੋਲਨ ਨੁੰ ਕੁਚਲਣ ਲਈ ਯੂ ਏ ਪੀ ਏ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।