''ਲੁਧਿਆਣਾ ਸੀਟ'' ''ਤੇ ਫਸਿਆ ਅਕਾਲੀ ਦਲ ਦਾ ਪੇਚ, ਨਿੱਤ ਨਵੇਂ ਨਾਵਾਂ ਦੇ ਚਰਚੇ
Wednesday, Apr 10, 2019 - 10:03 AM (IST)

ਲੁਧਿਆਣਾ : ਲੁਧਿਆਣਾ ਲੋਕ ਸਭਾ ਹਲਕੇ 'ਚ ਅਕਾਲੀ ਉਮੀਦਵਾਰ ਖੜ੍ਹਾ ਕਰਨ ਦੇ ਮਾਮਲੇ 'ਚ ਅਕਾਲੀ ਦਲ ਦਾ ਪੇਚ ਫਸ ਗਿਆ ਹੈ। ਹਾਲਾਂਕਿ ਨਿੱਤ ਨਵੇਂ ਨਾਵਾਂ ਦੀ ਚਰਚਾ ਹੁੰਦੀ ਹੈ ਪਰ ਸਿਰੇ ਕੋਈ ਨਾਂ ਨਹੀਂ ਲੱਗਦਾ, ਜਿਸ ਕਾਰਨ ਅਕਾਲੀ ਦਲ ਭੰਬਲਭੂਸੇ 'ਚ ਫਸਿਆ ਹੋਇਆ ਹੈ। ਦੂਜੇ ਪਾਸੇ ਪੀਡੀਏ ਦੇ ਉਮੀਦਵਾਰਾਂ ਨੇ ਇਸ ਸੀਟ ਤੋਂ ਆਪਣਾ ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਸਭ ਤੋਂ ਪਹਿਲਾਂ ਲੁਧਿਆਣਾ 'ਚ ਸੀਨੀਅਰ ਅਕਾਲੀ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਦਾ ਨਾਂ ਸਾਹਮਣੇ ਆਇਆ ਸੀ। ਇਸ ਤੋਂ ਬਾਅਦ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਤੇ ਫਿਰ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦਾ ਨਾਂ ਚਰਚਾ 'ਚ ਸੀ ਪਰ ਬੀਤੇ ਦਿਨੀਂ ਲੁਧਿਆਣਾ ਪੁੱਜੇ ਮਜੀਠੀਆ ਨੇ ਸਪੱਸ਼ਟ ਕਰ ਦਿੱਤਾ ਸੀ ਕਿ ਉਹ ਲੁਧਿਆਣਾ ਤੋਂ ਚੋਣ ਨਹੀਂ ਲੜ ਰਹੇ। ਇਸ ਤੋਂ ਬਾਅਦ ਹੁਣ ਦਲਜੀਤ ਸਿੰਘ ਚੀਮਾ ਦਾ ਨਾਂ ਚਰਚਾ 'ਚ ਹੈ। ਪੈਨਲ 'ਚ ਹੁਣ 2 ਆਗੂਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ 'ਚ ਦਲਜੀਤ ਚੀਮਾ ਅਤੇ ਸਾਬਕਾ ਵਿਧਾਇਕ ਰਣਜੀਤ ਸਿੰਘ ਢਿੱਲੋਂ ਸ਼ਾਮਲ ਹਨ।
ਸਾਲ 2014 'ਚ ਮਨਪ੍ਰੀਤ ਸਿੰਘ ਇਆਲੀ ਲੋਕ ਸਭਾ ਚੋਣ ਲੜੇ ਸਨ ਅਤੇ ਤੀਜੇ ਨੰਬਰ 'ਤੇ ਰਹੇ ਸਨ। ਇਸ ਵਾਰ ਲੁਧਿਆਣਾ ਹਲਕੇ 'ਚ ਅਕਾਲੀ ਦਲ ਦਾ ਕੋਈ ਮੌਜੂਦਾ ਵਿਧਾਇਕ ਵੀ ਨਹੀਂ ਹੈ। ਅਜਿਹੇ 'ਚ ਲੋਕ ਸਭਾ ਚੋਣ ਲੜਨ ਵਾਲੇ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਫੀ ਮਿਹਨਤ ਕਰਨੀ ਪਵੇਗੀ, ਫਿਰ ਵੀ ਅਜੇ ਤੱਕ ਸ਼੍ਰੋਮਣੀ ਅਕਾਲੀ ਦਲ ਆਪਣੇ ਉਮੀਦਵਾਰ ਬਾਰੇ ਫੈਸਲਾ ਨਹੀਂ ਲੈ ਸਕਿਆ ਹੈ।