ਅਕਾਲੀ ਦਲ ਨੂੰ ਆਖਿਰ ਯਾਦ ਆਈ ਪੰਥ, ਪੱਗੜੀ ਅਤੇ ਚੁੰਨੀ ਦੀ!

06/25/2017 8:35:15 AM

ਜਲੰਧਰ (ਬੁਲੰਦ)-  10 ਸਾਲ ਪੰਜਾਬ 'ਚ ਅਕਾਲੀ ਦਲ ਅਤੇ ਭਾਜਪਾ ਦੀ ਸਰਕਾਰ ਰਹੀ ਇਸ ਦੌਰਾਨ ਪਤਾ ਨਹੀਂ ਕਿੰਨੀ ਵਾਰ ਸ੍ਰੀ  ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ, ਕਿੰਨੇ ਗੁਟਕੇ ਪਾੜੇ ਗਏ, ਬਰਗਾੜੀ ਗੋਲੀਕਾਂਡ 'ਚ ਦੋ ਸਿੱਖ ਮਾਰੇ ਗਏ, ਟੀਚਰਾਂ ਨੂੰ ਪੰਜਾਬ ਪੁਲਸ ਨੇ ਖੂਬ ਕੁੱਟਿਆ, ਚਲਦੀ ਆਰਬਿਟ ਬੱਸ ਵਿਚੋਂ ਔਰਤ ਨੂੰ ਸੁੱਟ ਕੇ ਮਾਰ ਦਿੱਤਾ ਗਿਆ ਪਰ ਅਕਾਲੀ ਦਲ ਨੇ ਕਦੇ ਪੱਗੜੀ ਜਾਂ ਚੁੰਨੀ ਦੀ ਬੇਅਦਬੀ ਦਾ ਮੁੱਦਾ ਨਾ ਸੰਸਦ 'ਚ ਉਠਾਇਆ, ਨਾ ਇਸ ਮਾਮਲੇ 'ਤੇ ਕੋਈ ਹੰਗਾਮਾ ਕੀਤਾ ਅਤੇ ਨਾ ਹੀ ਕੋਈ ਇਨ੍ਹਾਂ ਮਾਮਲਿਆਂ 'ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸ਼ਿਕਾਇਤਾਂ ਹੀ ਭੇਜੀਆਂ। 
ਬੀਤੇ ਦਿਨੀਂ ਪੰਜਾਬ ਵਿਧਾਨ ਸਭਾ ਵਿਚ ਮਾਰਸ਼ਲਾਂ ਵਲੋਂ 'ਆਪ' ਨੇਤਾਵਾਂ ਨੂੰ ਸੰਸਦ ਤੋਂ ਬਾਹਰ ਕਰਨ ਦੌਰਾਨ ਇਕ ਵਿਧਾਇਕ ਦੀ ਪੱਗੜੀ ਉੱਤਰ ਗਈ ਅਤੇ ਕੁਝ ਔਰਤਾਂ ਦੇ ਨਾਲ ਧੱਕਾਮੁੱਕੀ 'ਚ ਉਨ੍ਹਾਂ ਦੀਆਂ ਚੁੰਨੀਆਂ ਖਿੱਚੀਆਂ ਗਈਆਂ ਅਜਿਹੇ 'ਚ ਅਕਾਲੀ ਦਲ ਨੇ ਇਸ ਸਾਰੇ ਮਾਮਲੇ ਨੂੰ ਪੰਥਕ ਮੁੱਦਾ ਬਣਾਉਣ ਦੀ ਪੂਰੀ ਤਿਆਰੀ ਕਰ ਲਈ ਹੈ। ਮਾਮਲੇ ਦੀ ਸ਼ਿਕਾਇਤ ਸ੍ਰੀ ਅਕਾਲ ਤਖਤ ਸਾਹਿਬ 'ਤੇ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ। ਕਾਂਗਰਸੀ ਨੇਤਾਵਾਂ ਨੂੰ ਅਕਾਲ ਤਖਤ 'ਤੇ ਤਲਬ ਕਰਨ ਦੀ ਮੰਗ ਅਕਾਲੀ ਦਲ ਉਠਾਉਣ ਲੱਗਾ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਆਖਿਰ ਇਹ ਸਭ ਅੱਜ ਕਿਉਂ ਅਕਾਲੀ ਦਲ ਨੂੰ ਯਾਦ ਆ ਗਿਆ। 
ਮਾਮਲੇ ਬਾਰੇ ਅਕਾਲੀ ਦਲ ਦੇ ਟਕਸਾਲੀ ਨੇਤਾਵਾਂ ਨੇ  ਨਾਂ ਨਾ ਪ੍ਰਕਾਸ਼ਿਤ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਜਦੋਂ ਅਕਾਲੀ ਦਲ ਦੇ ਰਾਜ 'ਚ ਇਕ ਪੁਲਸ ਅਧਿਕਾਰੀ ਨੇ ਇਕ ਨੌਜਵਾਨ ਸਿੱਖ ਦੀ ਬਿਨਾਂ ਕਿਸੇ ਕਾਰਨ ਪੱਗੜੀ ਉਤਾਰ ਦਿੱਤੀ ਸੀ ਅਤੇ ਇਸ ਦੀ ਵੀਡੀਓ ਅੱਜ ਵੀ ਸੋਸ਼ਲ ਮੀਡੀਆ 'ਤੇ ਪਈ ਹੈ। ਉਦੋਂ ਤਾਂ ਕਿਸੇ ਨੇ ਅਕਾਲ ਤਖਤ 'ਤੇ ਸ਼ਿਕਾਇਤ ਨਹੀਂ ਕੀਤੀ। ਅਕਾਲੀ ਦਲ ਨੇ ਉਦੋਂ ਰੌਲਾ ਨਹੀਂ ਪਾਇਆ ਜਦੋਂ ਆਰਬਿਟ  ਬੱਸ  ਵਿਚੋਂ ਇਕ ਔਰਤ ਨੂੰ ਬਾਹਰ ਸੁੱਟਿਆ ਗਿਆ ਕੀ ਉਦੋਂ ਔਰਤਾਂ ਦਾ ਸਨਮਾਨ ਭੰਗ ਨਹੀਂ ਹੋਇਆ ਸੀ ਪਰ ਕਿਸੇ ਅਕਾਲੀ ਜਥੇਦਾਰ  ਜਾਂ ਨੇਤਾ ਨੇ ਇਸ ਗੱਲ ਨੂੰ ਵਿਧਾਨ ਸਭਾ 'ਚ ਨਹੀਂ ਉਠਾਇਆ ਤਾਂ ਕੀ ਇਹ ਮਨ ਲਿਆ ਜਾਵੇ ਕਿ ਜਦੋਂ ਅਕਾਲੀ ਦਲ ਸੱਤਾ 'ਚ ਨਹੀਂ ਹੈ ਤਾਂ ਉਸ ਨੂੰ ਪੰਥਕ ਏਜੰਡਾ ਯਾਦ ਆ ਜਾਂਦਾ ਹੈ ਅਤੇ ਜਦੋਂ ਅਕਾਲੀ ਦਲ ਦੀ ਸਰਕਾਰ ਹੋਵੇ ਤਾਂ ਭਾਵੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ ਜਾਂ ਸਿੱਖ ਦੀਆਂ ਪੱਗੜੀਆਂ ਉਤਾਰੀਆਂ ਜਾਣ, ਸਭ ਸਹਿਣ ਹੋ ਜਾਂਦਾ ਹੈ। 
ਮਾਮਲੇ ਬਾਰੇ ਅਕਾਲੀ ਦਲ ਦੇ ਇਕ ਨੇਤਾ ਨੇ ਦੱਸਿਆ ਕਿ ਬਰਗਾੜੀ ਕਾਂਡ 'ਚ ਕਈ ਸਿੱਖਾਂ 'ਤੇ ਕੇਸ ਦਰਜ ਕੀਤੇ ਗਏ। ਕਈਆਂ ਦੀ ਪੁਲਸ ਵਲੋਂ ਮਾਰਕੁੱਟਾਈ ਕੀਤੀ ਗਈ ਇਸੇ ਦੌਰਾਨ ਅਨੇਕ ਸਿੱਖਾਂ ਦੇ ਨਾਂ ਪੁਲਸ ਨੇ ਆਪਣੀਆਂ ਲਿਸਟਾਂ 'ਚ ਪਾਏ ਜਿਨ੍ਹਾਂ ਨੂੰ ਅੱਜ ਤੱਕ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਪੰਥਕ ਮੁੱਦਿਆਂ 'ਤੇ ਆਪਣਾ ਗੁੱਸਾ ਜ਼ਾਹਰ ਨਾ ਕਰ ਸਕਣ। ਇਹ ਸਭ ਅਕਾਲੀ ਦਲ ਦੇ ਰਾਜ 'ਚ ਹੋਇਆ। ਮਾਮਲੇ ਬਾਰੇ ਕਾਂਗਰਸ ਦੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਜੋ ਵੀ ਕੱਲ ਵਿਧਾਨ ਸਭਾ 'ਚ ਹੋਇਆ ਉਹ ਸਭ ਸੁਖਬੀਰ ਬਾਦਲ ਅਤੇ 'ਆਪ' ਪਾਰਟੀ ਦੀ ਮਿਲੀਭੁਗਤ ਸੀ। ਉਨ੍ਹਾਂ ਨੇ ਕਿਹਾ ਕਿ ਸੁਖਬੀਰ ਪਹਿਲਾਂ ਹੀ ਕਹਿ ਰਹੇ ਸਨ ਕਿ ਅੱਜ ਪੱਗੜੀਆਂ ਉੱਤਰਨਗੀਆਂ ਅਤੇ ਉਨ੍ਹਾਂ ਦੇ ਹੀ ਇਸ਼ਾਰੇ 'ਤੇ ਪੱਗੜੀਆਂ ਉਤਾਰੀਆਂ ਗਈਆਂ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਰਾਜ 'ਚ ਕਿੰਨੀਆਂ ਅਧਿਆਪਕਾਵਾਂ ਦੇ ਨਾਲ ਪੁਲਸ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਪਰ ਕਿਸੇ ਨੂੰ ਔਰਤਾਂ ਦੀ ਇੱਜ਼ਤ ਦਾ ਖਿਆਲ ਨਹੀਂ ਆਇਆ। ਜਦੋਂ ਵਿਧਾਨ ਸਭਾ 'ਚ 'ਆਪ' ਮਹਿਲਾ ਨੇਤਾ ਮਾਰਸ਼ਲਾਂ ਦੇ ਨਾਲ ਹੱਥੋਪਾਈ ਕਰ ਰਹੀਆਂ ਸਨ ਤਾਂ ਅਕਾਲੀ ਦਲ ਨੂੰ ਮਹਿਲਾਵਾਂ ਦੀਆਂ ਚੁੰਨੀਆਂ ਯਾਦ ਆ ਗਈਆਂ । ਚੰਨੀ ਨੇ ਕਿਹਾ ਕਿ ਸੁਖਬੀਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਵਿਧਾਨ ਸਭਾ 'ਚ ਕਾਂਗਰਸ ਅਕਾਲੀ ਰਾਜ ਦੇ 10 ਸਾਲਾਂ ਦਾ ਕੱਚਾ ਚਿੱਠਾ ਖੋਲ੍ਹਣ ਵਾਲੀ ਹੈ। ਇਸ ਲਈ ਸੁਖਬੀਰ ਨੇ 'ਆਪ' ਦੇ ਨਾਲ ਸਾਜ਼ਿਸ਼ ਰਚ ਕੇ ਹੰਗਾਮਾ ਕਰਵਾਇਆ ਅਤੇ ਸਾਰਾ ਡਰਾਮਾ ਰਚਿਆ। ਚੰਨੀ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਹਰ ਸਿੱਖ ਲਈ ਵੱਡੇ ਸਨਮਾਨ ਵਾਲੀ ਜਗ੍ਹਾ ਹੈ ਪਰ ਅਕਾਲੀ ਦਲ ਜਥੇਦਾਰਾਂ ਨੂੰ ਆਪਣੇ ਨਿੱਜੀ ਲਾਭਾਂ ਲਈ ਵਰਤ ਕੇ ਇਸ ਦਾ ਨਾਜਾਇਜ਼ ਫਾਇਦਾ ਉਠਾ ਰਿਹਾ ਹੈ ਜਿਸ ਨੂੰ ਸਿੱਖ ਕਦੇ ਬਰਦਾਸ਼ਤ ਨਹੀਂ ਕਰ ਸਕਦੇ।


Related News