2017 ਦੀਆਂ ਚੋਣਾਂ ’ਚ ਮੋਦੀ ਦੇ ਹੁਕਮਾਂ ’ਤੇ ਅਕਾਲੀ ਦਲ ਅਤੇ ਭਾਜਪਾ ਵਰਕਰਾਂ ਨੇ ਕਾਂਗਰਸ ਨੂੰ ਪਾਈਆਂ ਸਨ ਵੋਟਾਂ : ਰਾਘਵ
Wednesday, Jul 14, 2021 - 03:05 PM (IST)
ਚੰਡੀਗੜ੍ਹ (ਰਮਨਜੀਤ): ਵਿਧਾਨ ਸਭਾ 2017 ਦੀਆਂ ਚੋਣਾਂ ਵੇਲੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੁਕਮਾਂ ’ਤੇ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੇ ਆਪਣੀਆਂ ਵੋਟਾਂ ਕਾਂਗਰਸ ਪਾਰਟੀਆਂ ਨੂੰ ਪਾਈਆਂ ਸਨ, ਜਿਸ ਦਾ ਖੁਲਾਸਾ ਅਕਾਲੀ ਦਲ ਬਾਦਲ ਦੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਨੇ ਇਕ ਅਖਬਾਰ ਨੂੰ ਦਿੱਤੀ ਇੰਟਰਵਿਊ ਵਿਚ ਕੀਤਾ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਚੰਡੀਗੜ੍ਹ ਵਿਖੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਹੈ। ਇਸ ਦੌਰਾਨ ‘ਆਪ’ ਪ੍ਰਧਾਨ ਭਗਵੰਤ ਮਾਨ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਨਰਿੰਦਰ ਮੋਦੀ ਦੇ ਕੰਟਰੋਲ ਵਾਲੀਆਂ ਪਾਰਟੀਆਂ ਦੀ ਸੱਚਾਈ ਜਾਣ ਚੁੱਕੇ ਹਨ ਅਤੇ 2022 ’ਚ ਤੀਜੇ ਬਦਲ ਦੀ ਚੋਣ ਕਰ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿਚ ਬਣਾਉਣਗੇ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਅਕਾਲੀ ਦਲ ਬਾਦਲ ਅਤੇ ਭਾਰਤੀ ਜਨਤਾ ਪਾਰਟੀ ਨਾਲ ਹੋਏ ਗਠਜੋੜ ਦੇ ਬਹੁਤ ਸਾਰੇ ਸਬੂਤ ਹਨ ਅਤੇ ਹੁਣ ਇਹ ਸਬੂਤ ਵਾਰੀ-ਵਾਰੀ ਲੋਕਾਂ ਸਾਹਮਣੇ ਉਜਾਗਰ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਨਰੇਸ਼ ਗੁਜਰਾਲ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨਾਂ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਸਮੇਤ ਸਾਬਕਾ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਕੈਪਟਨ ਅਮਰਿੰਦਰ ਸਿੰਘ ’ਤੇ ਬਾਦਲਾਂ ਨਾਲ ਰਲੇ ਹੋਣ ਦੇ ਦੋਸ਼ ਲਾਏ ਹਨ।
ਇਹ ਵੀ ਪੜ੍ਹੋ : ‘ਪੰਜਾਬ ਨਿਰਮਾਣ’ਦੇ ਨਾਂ ’ਤੇ ਇਕੱਲੇ ਬਠਿੰਡਾ ਨੂੰ ਜਾਰੀ ਹੋਏ 3285.35 ਲੱਖ ਰੁਪਏ, ਖ਼ਜ਼ਾਨਾ ਮੰਤਰੀ ’ਤੇ ਉਠੇ ਸਵਾਲ
ਇੱਥੋਂ ਤੱਕ ਕਿ ਕਾਂਗਰਸ ਦੇ ਵਿਧਾਇਕ ਰਾਜਾ ਵੜਿੰਗ ਨੇ ਕਾਂਗਰਸ ਸਰਕਾਰ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ’ਤੇ ਅਕਾਲੀ ਦਲ ਦੇ ਸਮਰਥਕਾਂ ਨੂੰ ਵੱਡੀਆਂ ਗ੍ਰਾਂਟਾਂ ਦੇਣ ਦੇ ਦੋਸ਼ ਸਬੂਤਾਂ ਸਮੇਤ ਲਾਏ ਹਨ। ਮਾਨ ਨੇ ਕਿਹਾ ਬਾਦਲਾਂ ਤੋਂ ਬਾਅਦ ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣਨ ਨਾਲ ਕੁਝ ਵੀ ਨਹੀਂ ਬਦਲਿਆ। ਰੇਤ ਮਾਫੀਆ, ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ, ਨਸ਼ਾ ਮਾਫੀਆ ਆਦਿ ਉਸੇ ਤਰ੍ਹਾਂ ਚੱਲ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀ, ਸਾਜਿਸ਼ਘਾੜੇ ਅਤੇ ਸੰਗਤ ’ਤੇ ਗੋਲੀ ਚਲਾਉਣ ਵਾਲੇ ਸਭ ਆਜ਼ਾਦ ਘੁੰਮ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਬਦਲਣ ਨਾਲ ਕੇਵਲ ਪੱਗਾਂ ਦੇ ਰੰਗ ਬਦਲੇ ਹਨ ਜਾਂ ਪੰਜਾਬ ਦੇ ਲੋਕਾਂ ਵਲੋਂ ਪੁਲਸ ਤੋਂ ਕੁੱਟ ਖਾਣ ਦੀ ਥਾਂ ਬਦਲੀ ਹੈ। ਪਹਿਲਾਂ ਪੰਜਾਬ ਦੇ ਲੋਕ ਆਪਣੇ ਹੱਕ ਮੰਗਦੇ ਹੋਏ ਬਠਿੰਡਾ ਵਿਚ ਕੁੱਟ ਖਾਂਦੇ ਸਨ ਅਤੇ ਹੁਣ ਪਟਿਆਲਾ ’ਚ ਡਾਂਗਾਂ ਖਾਂਦੇ ਹਨ। ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਗੱਠਜੋੜ ਨੂੰ ਦੇਖ ਲਿਆ ਹੈ ਅਤੇ ਪੰਜਾਬ ਵਾਸੀ ਸਰਕਾਰ ਬਦਲਣ ਲਈ ਤਤਪਰ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਹਿ ’ਤੇ ਸੂਬੇ ’ਚ ਅਕਾਲੀ ਦਲ ਬਾਦਲ, ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦਾ ਗੱਠਜੋੜ ਕਾਇਮ ਕੀਤਾ ਜਾ ਰਿਹਾ ਹੈ ਤਾਂ ਜੋ 2022 ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਪੰਜਾਬ ’ਚ ਬਣਨ ਤੋਂ ਰੋਕਿਆ ਜਾ ਸਕੇ ਕਿਉਂਕਿ ਇਨਾਂ ਸਾਰੀਆਂ ਪਾਰਟੀਆਂ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਸੀ. ਬੀ. ਆਈ., ਈ.ਡੀ. ਅਤੇ ਹੋਰ ਏਜੰਸੀਆਂ ਦੇ ਰੂਪ ਵਜੋਂ ਸੁਰੱਖਿਅਤ ਹੈ। ਚੱਢਾ ਨੇ ਪੰਜਾਬ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ 2022 ਦੀਆਂ ਚੋਣਾਂ ਸਮੇਂ ਪੰਜਾਬ ‘ਚ ਸਿੱਧੇ ਜਾਂ ਅਸਿੱਧੇ ਰੂਪ ਵਿਚ ਨਰਿੰਦਰ ਮੋਦੀ ਦੇ ਕੰਟਰੋਲ ਵਾਲੀ ਸਰਕਾਰ ਬਣਨ ਤੋਂ ਰੋਕਣ ਲਈ ਆਮ ਆਦਮੀ ਪਾਰਟੀ ਨੂੰ ਜ਼ਰੂਰ ਵੋਟਾਂ ਪਾਉਣ।
ਇਹ ਵੀ ਪੜ੍ਹੋ : ਪਿੰਡਾਂ ’ਚ ਰਾਜਸੀ ਆਗੂਆਂ ਦੇ ਦਖ਼ਲ ’ਤੇ ਪਾਬੰਦੀ ਦੇ ਪੋਸਟਰਾਂ ਨੇ ਫੜੀ ਤੇਜ਼ੀ
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ