ਅਕਾਲੀ ਦਲ ਦੇ ‘ਆਪ’ ਸਰਕਾਰ ’ਤੇ ਇਲਜ਼ਾਮ, ਕਿਹਾ-ਮਜੀਠੀਆ ਨਾਲ ਜੇਲ੍ਹ ’ਚ ਹੋ ਰਿਹੈ ਗ਼ੈਰ-ਮਨੁੱਖੀ ਵਰਤਾਅ

Monday, Apr 11, 2022 - 06:20 PM (IST)

ਅਕਾਲੀ ਦਲ ਦੇ ‘ਆਪ’ ਸਰਕਾਰ ’ਤੇ ਇਲਜ਼ਾਮ, ਕਿਹਾ-ਮਜੀਠੀਆ ਨਾਲ ਜੇਲ੍ਹ ’ਚ ਹੋ ਰਿਹੈ ਗ਼ੈਰ-ਮਨੁੱਖੀ ਵਰਤਾਅ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਤੇ ਸਾਬਕਾ ਰਾਜਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ  ‘ਆਪ’ ਸਰਕਾਰ ’ਤੇ ਵੱਡੇ ਇਲਜ਼ਾਮ ਲਾਏ ਹਨ। ਇਸ ਦੌਰਾਨ ਚੰਦੂਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜਸੀ ਵਿਰੋਧੀਆਂ ਨੂੰ ਦਬਾਉਣ ਤੇ ਧਮਕਾਉਣ ਲਈ ਹੱਥਕੰਡੇ ਵਰਤਣੇ ਸ਼ੁਰੂ ਕੀਤੇ ਗਏ ਹਨ, ਜੋ ਲੋਕਰਾਜੀ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਸੱਚ ਹੈ ਕਿ ਰਾਜਸੀ ਵਿਰੋਧੀ ਨੂੰ ਡਰਾ ਤੇ ਧਮਕਾ ਕੇ ਉਸ ਦੀ ਆਵਾਜ਼ ਬੰਦ ਨਹੀਂ ਕੀਤੀ ਜਾ ਸਕਦੀ।

ਇਹ ਵੀ ਪੜ੍ਹੋ : ਪੁੱਤ ਨੂੰ ਵਿਆਹੁਣ ਦੇ ਚਾਅ ਰਹਿ ਗਏ ਅਧੂਰੇ, ਅਬੋਹਰ ਵਿਖੇ ਹਾਦਸੇ ’ਚ ਇਕਲੌਤੇ ਪੁੱਤਰ ਦੀ ਮੌਤ

ਬਿਕਰਮ ਮਜੀਠੀਆ ਦੇ ਕੇਸ ’ਚ ਜੇਲ੍ਹ ਦੇ ਨਿਯਮਾਂ ਅਨੁਸਾਰ ਜਿਹੜੀਆਂ ਸਹੂਲਤਾਂ ਮਿਲਦੀਆਂ ਹਨ, ਉਹ ਵੀ ਰੋਕ ਦਿੱਤੀਆਂ ਗਈਆਂ ਹਨ। ਉਸ ਨਾਲ ਗ਼ੈਰ-ਮਨੁੱਖੀ ਵਰਤਾਅ ਕੀਤਾ ਜਾ ਰਿਹਾ ਹੈ। ਮਜੀਠੀਆ ਨਾਲ ਇਹ ਵਰਤਾਅ ਸਰਕਾਰ ਦੇ ਰਾਜਸੀ ਸ਼ਿਸ਼ਟਾਚਾਰ ਤੇ ਮਨੁੱਖੀ ਕਦਰਾਂ-ਕੀਮਤਾਂ ਦੇ ਉਲਟ ਹੈ। ਉਨ੍ਹਾਂ ਕਿਹਾ ਕਿ ਪੰਜਾਬ ’ਚ ਲੋਕਰਾਜੀ ਸਿਸਟਮ ਨੂੰ ਤਾਨਾਸ਼ਾਹੀ ਸਿਸਟਮ ’ਚ ਬਦਲਿਆ ਜਾ ਰਿਹਾ ਹੈ। ਕੋਈ ਵੀ ਪਾਰਟੀ ਜਦੋਂ ਮਨੁੱਖੀ ਹੱਕਾਂ ਲਈ ਲੜਦੀ ਤੇ ਸੰਘਰਸ਼ ਕਰਦੀ ਹੈ ਤਾਂ ਕਿਸੇ ਇਕ ਵਿਅਕਤੀ ਲਈ, ਧਿਰ ਜਾਂ ਪਾਰਟੀ ਧਿਰ ਲਈ ਨਹੀਂ ਸਗੋਂ ਸਮੁੱਚੇ ਭਾਈਚਾਰੇ ਦੇ ਹੱਕਾਂ ਲਈ ਲੜਦੀ ਹੈ। ਇਹ ਸੱਚ ਹੈ ਕਿ ਕੋਈ ਕਿੰਨਾ ਵੀ ਗੁਨਾਹਗਾਰ ਹੋਵੇ, ਜੇਲ੍ਹ ’ਚ ਉਸ ਨੂੰ ਮਨੁੱਖੀ ਜੀਵਨ ਜਿਊਣ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ : 6 ਮਹੀਨੇ ਪਹਿਲਾਂ ਵਿਆਹੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ, ਘਰ ’ਚ ਛਾਇਆ ਮਾਤਮ

ਉਨ੍ਹਾਂ ਕਿਹਾ ਕਿ ਇਥੋਂ ਤਕ ਕਿ ਜਿਸ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਵੀ ਸੁਣਾਈ ਜਾਂਦੀ ਹੈ, ਸਜ਼ਾ ਸੁਣਾਉਣ ਤੋਂ ਬਾਅਦ ਫਾਂਸੀ ਲੱਗਣ ਤਕ ਉਸ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਚੰਦੂਮਾਜਰਾ ਨੇ ਕਿਹਾ ਕਿ ਬਿਕਰਮ ਮਜੀਠੀਆ ਅਕਿਊਜ਼ਡ ਹਨ, ਕਨਵਿਕਟਿਡ ਨਹੀਂ। ਉਨ੍ਹਾਂ ਨੂੰ ਜਿਸ ਤਰ੍ਹਾਂ ਜੇਲ੍ਹ ’ਚ ਰੱਖਿਆ ਜਾ ਰਿਹਾ ਹੈ, ਉਸ ਤੋਂ ਰਾਜਸੀ ਬਦਲਾਖੋਰੀ ਦੀ ਬਦਬੂ ਆ ਰਹੀ ਹੈ। ਜੇਲ੍ਹ ਮੰਤਰੀ ਹਰਜੋਤ ਬੈਂਸ ਵੱਲੋਂ ਉਚੇਚੇ ਤੌਰ ’ਤੇ ਪਟਿਆਲਾ ਜੇਲ੍ਹ ਦੇ ਦੌਰੇ ਦੌਰਾਨ ਮਜੀਠੀਆ ਦੀ ਬੈਰਕ ਦਾ ਦੌਰਾ ਕਰਨਾ ਹੋਛੇਪਣ ਨੂੰ ਦਰਸਾਉਂਦਾ ਹੈ। ਜੇ ਸਰਕਾਰ ਨੂੰ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਸੀ ਕਿ ਬਿਕਰਮ ਨੂੰ ਵੱਧ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਤਾਂ ਏ. ਡੀ. ਜੀ. ਪੀ. ਜੇਲ੍ਹ ਵੀ ਜਾ ਸਕਦੇ ਸਨ ਪਰ ਮੰਤਰੀ ਸਾਬ੍ਹ ਵੱਲੋਂ ਜਾ ਕੇ ਜਿਸ ਤਰ੍ਹਾਂ ਦਾ ਹੁਕਮ ਸੁਣਾਇਆ ਗਿਆ, ਉਸ ਤੋਂ ਰਾਜਸੀ ਬਦਲਾਖੋਰੀ ਸਿੱਧੇ ਤੌਰ ’ਤੇ ਝਲਕਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਨਿੱਜੀ ਚੈਨਲ ਖਿਲਾਫ ਪੱਖਪਾਤੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਤੋਂ ਸਾਬਿਤ ਹੁੰਦਾ ਹੈ ਕਿ ਮੀਡੀਆ ਨੂੰ ਵੀ ਦਬਾਇਆ ਜਾ ਰਿਹਾ ਹੈ ਤੇ ਪ੍ਰੈੱਸ ਦੀ ਆਜ਼ਾਦੀ ਉੱਤੇ ਵੀ ਹਮਲਾ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੇਰਾ ਤਾਂ ਘਰ ਵੀ ਪਲੱਸਤਰ ਨੀਂ ਹੋਇਆ ਪਰ ਮੇਰੇ ਲੋਕਾਂ ਨੇ ਚੰਨੀ ਦੀਆਂ ਨੀਹਾਂ ਉਖਾੜ ਦਿੱਤੀਆਂ : ਉੱਗੋਕੇ (ਵੀਡੀਓ)


author

Manoj

Content Editor

Related News