ਅਕਾਲੀ ਦਲ ਵਲੋਂ ਮੁਕਤਸਰ ਸਾਹਿਬ ਦੇ ਐੱਸ. ਐੱਸ. ਪੀ. ਦੇ ਤਬਾਦਲੇ ਦੀ ਮੰਗ

04/19/2019 10:52:10 AM

ਚੰਡੀਗੜ੍ਹ (ਭੁੱਲਰ) : ਸ਼੍ਰੋਮਣੀ ਅਕਾਲੀ ਦਲ ਨੇ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਨ੍ਹਾਂ ਪੁਲਸ ਅਫਸਰਾਂ ਨੂੰ ਪੁਲਸ ਮੁਖੀ ਦੇ ਅਹੁਦੇ ਤੋਂ ਹਟਾਇਆ ਜਾਵੇ, ਜਿਨ੍ਹਾਂ ਦੀ ਕਾਰਗੁਜ਼ਾਰੀ ਪੰਚਾਇਤਾਂ, ਬਲਾਕ ਸੰਮਤੀ ਅਤੇ ਜ਼ਿਲਾ ਪਰਿਸ਼ਦ ਚੋਣਾਂ 'ਚ ਬੇਹੱਦ ਮਾੜੀ ਸਾਬਤ ਹੋਈ ਸੀ। ਇਸ ਸਬੰਧੀ ਇਕ ਲਿਖਤੀ ਪੱਤਰ ਰਾਹੀਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਵਲੋਂ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਭੇਜੇ ਪੱਤਰ ਵਿਚ ਜ਼ਿਕਰ ਕੀਤਾ ਗਿਆ ਕਿ ਉਪਰੋਕਤ ਚੋਣਾਂ 'ਚ ਪੰਜਾਬ ਦੀਆਂ ਬਹੁਤ ਸਾਰੀਆਂ ਥਾਵਾਂ 'ਤੇ ਬੁਥਾਂ ਉਪਰ ਜਬਰੀ ਕਬਜ਼ੇ ਅਤੇ ਜਾਅਲੀ ਵੋਟਾਂ ਪਾਉਣ ਦਾ ਕੰਮ ਕੀਤਾ ਗਿਆ।

ਇਸ ਦਾ ਪ੍ਰਤੱਖ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਸੂਬਾ ਚੋਣ ਕਮਿਸ਼ਨ ਵਲੋਂ 21 ਸਤੰਬਰ, 2018 ਨੂੰ 54 ਪੋਲਿੰਗ ਬੂਥਾਂ 'ਤੇ ਦੁਬਾਰਾ ਪੋਲਿੰਗ ਦੇ ਹੁਕਮ ਦੇਣੇ ਪਏ। ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ 54 ਬੂਥਾਂ 'ਚ 36 ਬੂਥ ਸਿਰਫ ਅਤੇ ਸਿਰਫ ਸ੍ਰੀ ਮੁਕਤਸਰ ਸਾਹਿਬ ਜ਼ਿਲੇ ਨਾਲ ਸਬੰਧਤ ਸਨ, ਜਿੱਥੇ ਉਸ ਵੇਲੇ ਵੀ ਪੁਲਸ ਮੁਖੀ ਮਨਜੀਤ ਸਿੰਘ ਢੇਸੀ ਸਨ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਦੇ ਓ. ਐੱਸ. ਡੀ. ਦੇ ਸਕੇ ਭਰਾ ਹਨ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਸ ਵੇਲੇ ਸੂਬਾ ਚੋਣ ਕਮਿਸ਼ਨ ਵਲੋਂ ਦੁਬਾਰਾ ਚੋਣਾਂ ਕਰਵਾਉਣ ਦੇ ਹੁਕਮ ਤਾਂ ਦੇ ਦਿੱਤੇ ਗਏ ਸਨ ਪਰ ਜ਼ਿਲਾ ਪੁਲਸ ਜਿਸ ਉਪਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਨੰਗਾ ਚਿੱਟਾ ਪੱਖਪਾਤ ਕਰਵਾਉਣ ਦੇ ਦੋਸ਼ ਲੱਗੇ ਸਨ ਨੂੰ ਪੁਲਸ ਮੁਖੀ ਦੇ ਅਹੁਦੇ ਤੋਂ ਹਟਾ ਕੇ ਨਿਯਮਾਂ ਮੁਤਾਬਿਕ ਕਾਰਵਾਈ ਨਹੀਂ ਸੀ ਕੀਤੀ ਗਈ।


Babita

Content Editor

Related News