ਚੋਣਾਂ 'ਚ ਔਰਤਾਂ ਦੀ 50 ਫੀਸਦੀ ਹਿੱਸੇਦਾਰੀ ਯਕੀਨੀ ਬਣਾਈ ਗਈ : ਜਗੀਰ ਕੌਰ

Monday, Dec 24, 2018 - 03:41 PM (IST)

ਚੋਣਾਂ 'ਚ ਔਰਤਾਂ ਦੀ 50 ਫੀਸਦੀ ਹਿੱਸੇਦਾਰੀ ਯਕੀਨੀ ਬਣਾਈ ਗਈ : ਜਗੀਰ ਕੌਰ

ਚੰਡੀਗੜ੍ਹ (ਮਨਮੋਹਨ) : ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਅਕਾਲੀ ਦਲ ਦੀ ਬੈਠਕ ਸੋਮਵਾਰ ਨੂੰ ਇੱਥੇ ਮੁੱਖ ਦਫਤਰ ਵਿਖੇ ਬੀਬੀ ਜਗੀਰ ਕੌਰ ਦੀ ਅਗਵਾਈ 'ਚ ਹੋਈ। ਇਸ ਮੀਟਿੰਗ 'ਚ ਕਈ ਅਹਿਮ ਫੈਸਲੇ ਲਏ ਗਏ। ਇਸ ਦੇ ਨਾਲ ਹੀ ਮੀਟਿੰਗ 'ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਹੀਦ ਚਾਰ ਸਾਹਿਬਜ਼ਾਦਿਆਂ ਨੂੰ 'ਸ਼ਹੀਦੀ ਹਫਤੇ' 'ਤੇ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਚੋਣਾਂ 'ਚ ਔਰਤਾਂ ਦੀ ਹਿੱਸੇਦਾਰੀ 50 ਫੀਸਦੀ ਯਕੀਨੀ ਬਣਾ ਦਿੱਤੀ ਗਈ ਹੈ, ਇਸ ਲਈ ਅਸੀਂ ਪਿੰਡਾਂ ਦੇ ਪੱਧਰ 'ਤੇ ਔਰਤਾਂ ਨੂੰ ਜਾਗਰੂਕ ਕਰਨ ਲਈ 11 ਔਰਤਾਂ ਨੂੰ ਹਰ ਬਲਾਕ 'ਚ ਤਿਆਰ ਕਰਾਂਗੇ, ਜੋ ਔਰਤਾਂ ਨੂੰ ਸਿਆਸਤ ਪ੍ਰਤੀ ਜਾਗਰੂਕ ਕਰਨਗੀਆਂ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ 'ਭਾਰਤ ਰਤਨ ਐਵਾਰਡ' ਵਾਪਸ ਲੈਣ ਦੀ ਹਮਾਇਤ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਹਾ ਕਿ ਐਵਾਰਡ ਉਨ੍ਹਾਂ ਨੂੰ ਦਿੱਤੇ ਜਾਂਦੇ ਹਨ, ਜਿਨ੍ਹਾਂ ਨੇ ਦੇਸ਼ ਅਤੇ ਦੇਸ਼ ਦੇ ਲੋਕਾਂ ਲਈ ਕੁਝ ਕੀਤਾ ਹੋਵੇ, ਜਿਨ੍ਹਾਂ ਨੇ ਲੋਕਾਂ ਨੂੰ ਬਰਬਾਦ ਕੀਤਾ ਹੈ, ਉਨ੍ਹਾਂ ਨੂੰ ਐਵਾਰਡ ਨਹੀਂ ਦਿੱਤੇ ਜਾਂਦੇ ਅਤੇ ਅਸੀਂ ਇਹ ਐਵਾਰਡ ਵਾਪਸ ਲੈਣ ਦੀ ਪੁਰਜ਼ੋਰ ਮੰਗ ਕਰਦੇ ਹਾਂ। ਬੀਬੀ ਜਗੀਰ ਕੌਰ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ 'ਸ਼ਹੀਦੀ ਹਫਤੇ' ਤੋਂ ਬਾਅਦ ਪੰਚਾਇਤੀ ਚੋਣਾਂ ਹੋਣੀਆਂ ਚਾਹੀਦੀਆਂ ਸਨ ਕਿਉਂਕਿ ਚੋਣਾਂ ਦੌਰਾਨ ਕਈ ਤਰ੍ਹਾਂ ਦੇ ਕੰਮ ਕੀਤੇ ਜਾਂਦੇ ਹਨ, ਸ਼ਰਾਬਾਂ ਵੰਡੀਆਂ ਜਾਂਦੀਆਂ ਹਨ, ਖੁਸ਼ੀਆਂ ਮਨਾਈਆਂ ਜਾਂਦੀਆਂ ਹਨ, ਜੋ ਕਿ 'ਸ਼ਹੀਦੀ ਹਫਤੇ' ਦੌਰਾਨ ਨਹੀਂ ਹੋਣਾ ਚਾਹੀਦਾ।


author

Babita

Content Editor

Related News