ਅਕਾਲੀਆਂ ਦੇ ਧਰਨੇ ਕਾਰਨ ਸੜਕੀ ਆਵਾਜਾਈ ਠੱਪ, ਸਵਾਰੀਆਂ ਪ੍ਰੇਸ਼ਾਨ, ਖੱਜਲ-ਖੁਆਰ ਹੋਏ ਲੋਕ
Friday, Dec 08, 2017 - 06:27 PM (IST)
ਬਾਘਾਪੁਰਾਣਾ (ਰਾਕੇਸ਼) : ਸ਼੍ਰੋਮਣੀ ਅਕਾਲੀ ਦਲ ਦੇ ਕੱਲ ਤੋਂ ਮੇਨ ਚੌਕ ਵਿਚ ਲਾਏ ਦੋ ਦਿਨਾਂ ਤੋਂ ਅਣਮਿਥੇ ਸਮੇਂ ਲਈ ਧਰਨੇ ਕਾਰਨ ਆਵਾਜਾਈ ਲਈ ਵੱਡੀ ਦਿੱਕਤ ਖੜੀ ਹੋ ਗਈ ਅਤੇ ਦੂਰ ਦੁਰਾਡੇ ਜਾਣ ਵਾਲੀਆਂ ਸਵਾਰੀਆਂ ਸਕੂਲੀ ਬੱਚਿਆਂ ਸਮੇਤ ਕਾਰਾਂ, ਜੀਪਾਂ, ਟਰੱਕਾਂ ਸਕੂਲੀ ਵੈਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਵ੍ਹੀਕਲਾਂ ਨੂੰ ਹੋਰ ਲਿੰਕ ਸੜਕਾਂ ਰਾਹੀਂ ਲੰਮਾ ਰਸਤਾ ਤੈਅ ਕਰਕੇ ਆਪਣੀ ਮੰਜ਼ਿਲ 'ਤੇ ਪਹੁੰਚਣਾ ਪਿਆ। ਪੁਲਸ ਵਲੋਂ ਥਾਂ-ਥਾਂ ਬੈਰੀਕੇਟ ਲਗਾ ਕੇ ਕਿਸੇ ਵ੍ਹੀਕਲ ਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸੀ ਅਤੇ ਵਾਪਿਸ ਮੋੜ ਦਿੱਤਾ ਜਾਂਦਾ ਸੀ।
ਬੱਸ ਸਟੈਂਡ ਅਤੇ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਕੋਟਕਪੂਰਾ, ਬਠਿੰਡਾ, ਮੁਕਤਸਰ, ਮੋਗਾ, ਲੁਧਿਆਨਾ, ਮਾੜੀ ਮੁਸਤਫਾ, ਨਿਹਾਲ ਸਿੰਘ ਵਾਲਾ, ਭਗਤਾ, ਚਨੂੰਵਾਲਾ, ਰਾਜੇਆਣਾ, ਸਮਾਲਸਰ, ਮੁੱਦਕੀ ਸਮੇਤ ਹੋਰਨਾਂ ਸ਼ਹਿਰਾਂ ਕਸਬਿਆਂ ਨੂੰ ਜਾਣ ਵਾਲੀਆਂ ਸਵਾਰੀਆਂ ਅਤੇ ਬਜ਼ੁਰਗਾਂ ਨੇ ਕਿਹਾ ਕਿ ਸਾਡਾ ਕੀ ਕਸੂਰ ਹੈ ਦੋ-ਦੋ ਘੰਟੇ ਤੋਂ ਉਡੀਕ ਵਿਚ ਹਾਂ ਅਤੇ ਭੁੱਖੇ-ਭਾਣੇ ਆਪਣੇ ਸਾਮਾਨ ਨਾਲ ਇਥੇ ਖੜੇ ਹਾਂ।
ਬੱਸ ਸਟੈਂਡ ਤੋਂ ਬਾਹਰ ਦੂਰ-ਦੂਰ ਖੜ੍ਹੀਆਂ ਬੱਸਾਂ ਦੇ ਡਰਾਈਵਰਾਂ ਨੇ ਦੱਸਿਆ ਕਿ ਅਸੀਂ ਬੱਸ ਸਟੈਂਡ ਤੇ ਕੰਡਕਟਰ ਭੇਜ ਕੇ ਸਵਾਰੀਆਂ ਨੂੰ ਪੈਦਲ ਬੱਸਾਂ ਤੱਕ ਪਹੁੰਚਣ ਲਈ ਆਖ ਰਹੇ ਹਾਂ। ਬੱਸਾਂ ਦੇ ਡਰਾਈਵਰਾਂ ਨੇ ਇਹ ਵੀ ਦੱਸਿਆ ਕਿ ਲਿੰਕ ਸੜਕਾਂ ਰਾਹੀਂ ਇਕ-ਇਕ ਘੰਟਾ ਵਾਧੂ ਸਮਾਂ ਲੱਗ ਰਿਹਾ ਹੈ ਅਤੇ ਸਵਾਰੀਆਂ ਬੇਹੱਦ ਦੁਖੀ ਹਨ ਲਿੰਕ ਸੜਕਾਂ 'ਤੇ ਵੱਧ ਸਮਾਂ ਲੱਗਣ ਕਰਕੇ ਉਨ੍ਹਾਂ ਨੇ ਆਪਣੇ ਕਈ ਰੂਟ ਵੀ ਰੱਦ ਕਰਨੇ ਪਏ ਹਨ, ਇਥੋਂ ਤੱਕ ਕਿ ਮੇਨ ਚੌਕ ਵਿਚ ਜਾਮ ਲੱਗਣ ਕਰਕੇ ਦੋ ਪਹੀਆਂ ਵ੍ਹੀਕਲ ਅਤੇ ਕਾਰਾਂ, ਜੀਪਾਂ, ਗਲੀਆਂ ਮੁਹੱਲਿਆਂ ਵਿਚੋਂ ਨਿਕਲ ਰਹੀਆਂ ਸਨ ਜਿਸ ਕਰਕੇ ਸ਼ਹਿਰ ਦੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬਾਅਦ ਸ਼ਾਮ ਡੀ. ਜੀ. ਪੀ. ਵਲੋਂ ਦਿੱਤੇ ਭਰੋਸੇ ਤੋਂ ਬਾਅਦ ਅਕਾਲੀ ਦਲ ਵਲੋਂ ਸੂਬੇ ਭਰ ਵਿਚ ਦਿੱਤੇ ਧਰਨੇ ਨੂੰ ਚੱਕ ਲਿਆ ਗਿਆ।
