ਹਾਰ ਦੇਖ ਕੇ ਕਾਂਗਰਸ ਅੰਦਰ ਖਾਨਾਜੰਗੀ ਵਰਗੇ ਹਾਲਾਤ ਬਣੇ : ਅਕਾਲੀ ਦਲ
Monday, May 20, 2019 - 10:52 AM (IST)

ਚੰਡੀਗੜ੍ਹ (ਅਸ਼ਵਨੀ)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਚੋਣਾਂ ਮਗਰੋਂ ਅਸਤੀਫਾ ਦੇਣ ਵਾਲਾ ਬਿਆਨ ਸਾਹਮਣੇ ਦਿਸ ਰਹੀ ਹਾਰ ਦੇਖ ਕੇ ਕਾਂਗਰਸ ਅੰਦਰ ਪੈਦਾ ਹੋਏ ਭੰਬਲਭੂਸੇ ਅਤੇ ਖਾਨਾਜੰਗੀ ਵਰਗੇ ਹਾਲਾਤ ਬਾਰੇ ਜਾਣਕਾਰੀ ਦਿੰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾਂ ਅਕਾਲੀ ਦਲ ਦੇ ਬੁਲਾਰੇ ਹਰਚਰਨ ਬੈਂਸ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਹੈ। ਉਨ੍ਹਾਂ ਕਿਹਾ ਕਿ ਅਮਰਿੰਦਰ ਨੇ ਸਪੱਸ਼ਟ ਕਿਹਾ ਹੈ ਕਿ ਉਸ ਦਾ ਬਿਆਨ ਪਾਰਟੀ ਦੇ ਬਾਜਵਾ ਵਰਗੇ ਆਗੂਆਂ ਵੱਲ ਸੇਧਿਤ ਹੈ। ਜੇਕਰ ਵੋਟਾਂ ਵਾਲੇ ਦਿਨ ਵੀ ਮੁੱਖ ਮੰਤਰੀ ਨੇ ਆਪਣੇ ਪਾਰਟੀ ਸਾਥੀਆਂ ਵਿਰੁੱਧ ਹੀ ਜੰਗ ਛੇੜ ਰੱਖੀ ਹੋਵੇ ਤਾਂ ਇਸ ਤੋਂ ਵੱਧ ਪਾਰਟੀ ਲਈ ਤਬਾਹੀ ਵਾਲੀ ਗੱਲ ਕਿਹੜੀ ਹੋ ਸਕਦੀ ਹੈ। ਦੂਜੇ ਪਾਸੇ ਸਾਹਮਣੇ ਦਿਸ ਰਹੀ ਹਾਰ ਨੇ ਕਾਂਗਰਸ ਪਾਰਟੀ ਅੰਦਰ ਪਹਿਲਾਂ ਹੀ ਖਿੱਚਧੂਹ ਸ਼ੁਰੂ ਕਰ ਰੱਖੀ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰ ਹਰ ਕੋਈ ਪਾਰਟੀ ਦੀ ਹਾਰ ਦੀ ਗੱਲ ਕਰ ਰਿਹਾ ਹੈ। ਪਹਿਲਾਂ ਸਿੱਧੂ ਨੇ ਮੁੱਖ ਮੰਤਰੀ ਵਿਰੁੱਧ ਜੰਗ ਦਾ ਐਲਾਨ ਕਰ ਕੇ ਉਨ੍ਹਾਂ ਦੀ ਬਠਿੰਡਾ ਰੈਲੀ ਦਾ ਸੱਤਿਆਨਾਸ ਕੀਤਾ ਸੀ। ਹੁਣ ਮੁੱਖ ਮੰਤਰੀ ਨੇ ਇਹ ਕਿਹਾ ਹੈ ਕਿ ਉਸ ਦਾ ਅਸਤੀਫੇ ਵਾਲਾ ਬਿਆਨ ਪਾਰਟੀ ਦੇ ਬੰਦਿਆਂ ਵਲੋਂ ਉਸ ਖਿਲਾਫ਼ ਛੇੜੀ ਮੁਹਿੰਮ ਦਾ ਜੁਆਬ ਸੀ। ਇਸੇ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੁੱਖ ਮੰਤਰੀ ਖ਼ਿਲਾਫ ਆਪਣੀ ਭੜਾਸ ਕੱਢੀ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੈਪਟਨ ਵਲੋਂ ਪਾਰਟੀ ਦੇ ਹਾਰਨ ਦੀ ਸੂਰਤ 'ਚ ਆਪਣੇ ਕੈਬਨਿਟ ਅਤੇ ਪਾਰਟੀ ਸਾਥੀਆਂ ਦੀ ਛੁੱਟੀ ਕਰਨ ਦੀ ਧਮਕੀ ਤੋਂ ਸ਼ੁਰੂ ਹੋਇਆ ਸੀ।