ਪੁਲਸ ਨੇ ਚੁੱਪ ਚਪੀਤੇ ਕਈ ਅਕਾਲੀ ਆਗੂਆਂ ਖ਼ਿਲਾਫ਼ ਅਦਾਲਤਾਂ ’ਚ ਪੇਸ਼ ਕੀਤੇ ਚਲਾਨ, ਸੁਖਬੀਰ ਸਣੇ ਕਈ ਬਣੇ ਮੁਲਜ਼ਮ

Wednesday, Dec 15, 2021 - 11:56 AM (IST)

ਪੁਲਸ ਨੇ ਚੁੱਪ ਚਪੀਤੇ ਕਈ ਅਕਾਲੀ ਆਗੂਆਂ ਖ਼ਿਲਾਫ਼ ਅਦਾਲਤਾਂ ’ਚ ਪੇਸ਼ ਕੀਤੇ ਚਲਾਨ, ਸੁਖਬੀਰ ਸਣੇ ਕਈ ਬਣੇ ਮੁਲਜ਼ਮ

ਨਵਾਂਸ਼ਹਿਰ (ਤ੍ਰਿਪਾਠੀ, ਮਨੋਰੰਜਨ) : ਅੱਜ ਜਦੋਂ ਸ਼੍ਰੋਮਣੀ ਅਕਾਲੀ ਦਲ ਆਪਣਾ 100ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ ਤਾਂ ਉਸ ਸਮੇਂ ਪੰਜਾਬ ’ਚ ਇਸ ਪਾਰਟੀ ਦੇ ਲਗਭਗ ਸਾਰੇ ਪ੍ਰਮੁੱਖ ਆਗੂਆਂ ਖ਼ਿਲਾਫ਼ ਵੱਖ-ਵੱਖ ਅਦਾਲਤਾਂ ਵਿਚ ਕੇਸ ਚੱਲ ਰਹੇ ਹਨ। 8 ਦਸੰਬਰ 2017 ਨੂੰ ਪੂਰੇ ਪੰਜਾਬ ਵਿਚ ਟ੍ਰੈਫਿਕ ਜਾਮ ਕਰਨ ਕਰਕੇ ਅਕਾਲੀ ਦਲ ਦੇ ਪ੍ਰਮੁੱਖ ਆਗੂਆਂ ਖ਼ਿਲਾਫ਼ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿਚ ਮੁਕੱਦਮੇ ਦਰਜ ਕਰ ਲਏ ਗਏ ਸਨ। ਆਰ.ਟੀ.ਆਈ. ਐਕਟਿਵਿਸਟ ਪਰਵਿੰਦਰ ਸਿੰਘ ਕਿੱਤਣਾ ਵਲੋਂ ਸੂਚਨਾ ਅਧਿਕਾਰ ਕਾਨੂੰਨ ਤਹਿਤ ਵੱਖ-ਵੱਖ ਜ਼ਿਲ੍ਹਿਆਂ ਦੇ ਪੁਲਸ ਅਧਿਕਾਰੀਆਂ ਤੋਂ ਕਈ ਵਾਰ ਸੂਚਨਾ ਮੰਗੀ ਗਈ ਕਿ ਮੁਕੱਦਮੇ ਦਰਜ ਹੋਣ ਤੋਂ ਬਾਅਦ ਪੁਲਸ ਨੇ ਕੀ ਕਾਰਵਾਈ ਕੀਤੀ ਹੈ ਪਰ ਹਰ ਵਾਰ ਪੁਲਸ ਵਲੋਂ ਇਹ ਲਿਖ ਕੇ ਦਿੱਤਾ ਜਾਂਦਾ ਰਿਹਾ ਕਿ ਪੁਲਸ ਵਲੋਂ ‘ਮੁਲਜ਼ਮਾਂ’ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਜਾਂ ਹਾਲੇ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਮੋਗਾ ’ਚ ਬੋਲੇ ਪ੍ਰਕਾਸ਼ ਸਿੰਘ ਬਾਦਲ, ਇਸ ਵਾਰ ਚੋਣਾਂ ਦੇ ਨਤੀਜੇ ਸਾਰਿਆਂ ਨੂੰ ਕਰਨਗੇ ਹੈਰਾਨ

ਪਰਵਿੰਦਰ ਸਿੰਘ ਕਿੱਤਣਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਕੀਲ ਐੱਚ. ਸੀ. ਅਰੋੜਾ ਰਾਹੀਂ ਪੰਜਾਬ ਸਰਕਾਰ ਨੂੰ ਨੋਟਿਸ ਭੇਜਿਆ ਕਿ ਟ੍ਰੈਫਿਕ ਜਾਮ ਕਰਨ ਵਾਲੇ ਅਕਾਲੀ ਲੀਡਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ ਪਰ ਕਾਰਵਾਈ ਨਾ ਹੋਣ ’ਤੇ ਪੰਜਾਬ ਦੇ ਤਿੰਨ ਸਮਾਜਿਕ ਕਾਰਕੁੰਨਾਂ ਪਰਵਿੰਦਰ ਸਿੰਘ ਕਿੱਤਣਾ, ਕੁਲਦੀਪ ਸਿੰਘ ਖਹਿਰਾ ਅਤੇ ਐਡਵੋਕੇਟ ਹਾਕਮ ਸਿੰਘ ਨੇ ਪੰਜਾਬ ਸਰਕਾਰ, ਡੀ.ਜੀ.ਪੀ., ਐੱਸ.ਐੱਸ.ਪੀ. ਫਿਰੋਜ਼ਪੁਰ ਤੇ ਐੱਸ.ਐੱਚ.ਓ. ਮੱਖੂ ਨੂੰ ਧਿਰ ਬਣਾ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਕੇਸ ਦਾਇਰ ਕੀਤਾ ਅਤੇ ਕੋਰਟ ਨੇ 22 ਅਕਤੂਬਰ 2019 ਨੂੰ ਨੋਟਿਸ ਜਾਰੀ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਆਉਣ ਵਾਲੇ ਐੱਨ. ਆਰ. ਆਈਜ਼ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਨੇ ਕੀਤਾ ਇਹ ਐਲਾਨ

ਅਗਲੀ ਤਰੀਕ 11 ਫਰਵਰੀ 2020 ਪਈ ਸੀ ਪਰ ਕੋਵਿਡ ਕਾਰਨ ਅਦਾਲਤਾਂ ਬੰਦ ਰਹਿਣ ਕਰਕੇ ਕੇਸ ਦੀ ਸੁਣਵਾਈ ਨਹੀਂ ਸੀ ਹੋ ਸਕੀ। ਹੁਣ ਜਦੋਂ ਦੋ ਕੁ ਮਹੀਨੇ ਪਹਿਲਾਂ ਅਦਾਲਤਾਂ ਦਾ ਕੰਮ ਆਮ ਵਾਂਗ ਸ਼ੁਰੂ ਹੋਇਆ ਤਾਂ ਪੁਲਸ ਨੇ ਟ੍ਰੈਫਿਕ ਜਾਮ ਕਰਨ ਵਾਲੇ ਅਕਾਲੀ ਆਗੂਆਂ ਖ਼ਿਲਾਫ਼ ਚੁੱਪ ਚਪੀਤੇ ਅਦਾਲਤਾਂ ਵਿਚ ਚਲਾਨ ਪੇਸ਼ ਕਰਨੇ ਸ਼ੁਰੂ ਕਰ ਦਿੱਤੇ। ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਮੱਖੂ ਦੀ ਪੁਲਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਹੋਰ ਪ੍ਰਮੁੱਖ ਅਕਾਲੀ ਆਗੂਆਂ ਜਿਨ੍ਹਾਂ ਵਿਚ ਬਿਕਰਮ ਸਿੰਘ ਮਜੀਠੀਆ, ਰਣਜੀਤ ਸਿੰਘ ਬ੍ਰਹਮਪੁਰਾ, ਕੈਪਟਨ ਧਰਮ ਸਿੰਘ, ਪ੍ਰਕਾਸ਼ ਸਿੰਘ ਬੱਲੂਆਣਾ, ਮਨਤਾਰ ਸਿੰਘ ਬਰਾੜ, ਰਣਜੀਤ ਸਿੰਘ ਢਿੱਲੋਂ, ਐੱਮ.ਐੱਲ.ਏ. ਹਰੀ ਸਿੰਘ ਜ਼ੀਰਾ, ਮਹੇਸ਼ ਇੰਦਰ ਸਿੰਘ ਗਰੇਵਾਲ, ਤਜਿੰਦਰ ਸਿੰਘ, ਕੰਵਰਜੀਤ ਸਿੰਘ ਰੋਜੀ ਬਰਕੰਦੀ, ਜਗਮੀਤ ਸਿੰਘ ਸੰਧੂ, ਰਵੀ ਕਿਰਨ ਕਾਹਲੋਂ, ਬਰਜਿੰਦਰ ਸਿੰਘ ਮੱਖਣ ਬਰਾੜ, ਸ਼੍ਰੋਮਣੀ ਕਮੇਟੀ ਮੈਂਬਰਾਂ ਲਖਬੀਰ ਸਿੰਘ ਰਾਈਆ ਵਾਲਾ, ਸ਼ੇਰ ਸਿੰਘ ਮੰਡ, ਗੁਰਮੀਤ ਸਿੰਘ ਬੂਹ, ਸਤਪਾਲ ਸਿੰਘ ਤਲਵੰਡੀ ਭਾਈ, ਦਰਸ਼ਨ ਸਿੰਘ ਸ਼ੇਰਖਾ ਆਦਿ ਖ਼ਿਲਾਫ਼ ਦਰਜ ਮੁਕੱਦਮਾ ਨੰਬਰ 171 08 ਦਸੰਬਰ 2017 ਦੇ ਆਧਾਰ ’ਤੇ ਚਲਾਨ ਪੇਸ਼ ਕਰ ਦਿੱਤਾ।

ਇਹ ਵੀ ਪੜ੍ਹੋ : ਏ.ਡੀ.ਜੀ.ਪੀ. ਨੇ ਪੁੱਛਿਆ, ਜਦੋਂ ਈ. ਡੀ. ਤੇ ਹਾਈਕੋਰਟ ਨੇ ਮਜੀਠੀਆ ’ਤੇ ਕਾਰਵਾਈ ਨਹੀਂ ਕੀਤੀ ਤਾਂ ਅਸੀ ਕਿਵੇਂ ਕਰੀਏ

ਇਸੇ ਤਰ੍ਹਾਂ ਥਾਣਾ ਲਾਡੋਵਾਲ ਜ਼ਿਲ੍ਹਾ ਲੁਧਿਆਣਾ ਪੁਲਸ ਨੇ ਮੁਕੱਦਮਾ ਨੰ 233 ਅਨੁਸਾਰ ਮਹੇਸ਼ ਇੰਦਰ ਸਿੰਘ ਗਰੇਵਾਲ, ਹੀਰਾ ਸਿੰਘ ਗਾਬੜੀਆ, ਸ਼ਰਨਜੀਤ ਸਿੰਘ ਢਿੱਲੋਂ, ਮਨਪ੍ਰੀਤ ਸਿੰਘ ਇਯਾਲੀ, ਦਰਸ਼ਨ ਸਿੰਘ ਸ਼ਿਵਾਲਿਕ, ਸੰਤਾ ਸਿੰਘ ਉਮੈਦਪੁਰ ਤੇ ਯਾਦਵਿੰਦਰ ਸਿੰਘ ਯਾਦੂ ਆਦਿ ਖ਼ਿਲਾਫ਼ 9 ਸਤੰਬਰ 2021 ਨੂੰ ਚਲਾਨ ਪੇਸ਼ ਕਰ ਦਿੱਤਾ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਪੁਲਸ ਨੇ ਸਾਬਕਾ ਮੰਤਰੀ ਸੋਹਣ ਸਿੰਘ ਠੰਡਲ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਕਮੇਟੀ ਮੈਂਬਰ, ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਰਜਿੰਦਰ ਸਿੰਘ ਸ਼ੂਕਾ, ਸਤਵਿੰਦਰ ਸਿੰਘ ਢੱਟ, ਅਡ਼ਤਾਰ ਸਿੰਘ ਜੌਹਲ ਤੇ ਹੋਰ ਕਈ ਆਗੂਆਂ ਖ਼ਿਲਾਫ਼ ਹੁਸ਼ਿਆਰਪੁਰ ਦੀ ਅਦਾਲਤ ਵਿਚ 08 ਫਰਵਰੀ 2021 ਨੂੰ ਚਲਾਨ ਪੇਸ਼ ਕਰ ਦਿੱਤਾ ਹੈ। ਇਨ੍ਹਾਂ ਸਾਰੇ ਆਗੂਆਂ ਨੂੰ ਥਾਣੇ ਜਾ ਕੇ ਜ਼ਮਾਨਤਾਂ ਕਰਵਾਉਣੀਆਂ ਪਈਆਂ ਸਨ।

ਇਹ ਵੀ ਪੜ੍ਹੋ : ਸਿਆਸਤ ’ਚ ਜਾਣ ਦੀਆਂ ਚਰਚਾਵਾਂ ਦਰਮਿਆਨ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਬਿਆਨ

ਨਵਾਂਸ਼ਹਿਰ ਵਿਖੇ ਟ੍ਰੈਫਿਕ ਜਾਮ ਕਰਨ ਵਾਲੇ ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਸੁੱਖੀ, ਨਵਾਂਸ਼ਹਿਰ ਦੇ ਹਲਕਾ ਇੰਚਾਰਜ ਜਰਨੈਲ ਸਿੰਘ ਵਾਹਦ, ਬੁੱਧ ਸਿੰਘ ਬਲਾਕੀਪੁਰ, ਸੁਖਦੀਪ ਸਿੰਘ ਸ਼ੁਕਾਰ ਆਦਿ ਖਿਲਾਫ ਮਿਤੀ 13 ਸਤੰਬਰ ਨੂੰ ਚਲਾਨ ਪੇਸ਼ ਕਰ ਦਿੱਤਾ। ਇਸੇ ਤਰ੍ਹਾਂ ਪਠਾਨਕੋਟ ਜ਼ਿਲੇ ’ਚ ਥਾਣਾ ਸੁਜਾਨਪੁਰ ’ਚ ਸਾਬਕਾ ਮੰਤਰੀ ਦੇਸ ਰਾਜ ਧੁੱਗਾ, ਸੁਖਬੀਰ ਸਿੰਘ ਵਾਹਲਾ ਅਤੇ ਕਮਲੇਸ਼ ਕੌਰ ਆਦਿ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਬਿਆਸ ਥਾਣਾ ’ਚ ਦਰਜ ਮੁਕੱਦਮਾ ਨੰ. 236 ਦੇ ਆਧਾਰ ’ਤੇ ਗੁਲਜ਼ਾਰ ਸਿੰਘ ਰਣੀਕੇ ਆਦਿ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਹੈ। ਦਿਲਚਸਪ ਗੱਲ ਇਹ ਹੈ ਕਿ ਪੁਲਸ ਥਾਣਾ ਢਿੱਲਵਾਂ ਵਿਖੇ ਦਰਜ ਮੁਕੱਦਮਾ ਨੰ 100 ਮਿਤੀ 08 ਦਸੰਬਰ 2017, ਜਿਸ ਵਿਚ ਬੀਬੀ ਜਗੀਰ ਕੌਰ ਅਤੇ ਕੁਝ ਹੋਰ ਅਕਾਲੀ ਮੁਲਜ਼ਮ ਸਨ, ਸਬੰਧੀ ਪੁਲਸ ਨੇ ਅਖਰਾਜ ਰਿਪੋਰਟ (ਐੱਫ.ਆਈ.ਆਰ. ਰੱਦ ਕਰਨ ਲਈ ਕਾਰਵਾਈ) ਤਿਆਰ ਕਰਕੇ ਪੇਸ਼ ਕਰ ਦਿੱਤੀ ਜਿਸਨੂੰ ਲੋਕ ਅਦਾਲਤ ਵਿਚ ਪ੍ਰਵਾਨ ਕਰ ਲਿਆ ਗਿਆ।

ਇਹ ਵੀ ਪੜ੍ਹੋ : ਭਿਆਨਕ ਹਾਦਸੇ ਨੇ ਉਜਾੜ ਕੇ ਰੱਖ ਦਿੱਤਾ ਪਰਿਵਾਰ, ਇਕ ਭਰਾ ਦੀ ਮੌਤ, ਦੂਜੇ ਦੀਆਂ ਕੱਟੀਆਂ ਗਈਆਂ ਲੱਤਾਂ ਤੇ ਬਾਂਹ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News