ਗੁਰੂ ਸਾਹਮਣੇ ਸਹੁੰਆਂ ਖਾ ਕੇ ਹੋਰ ਕਿੰਨੇ ਆਗੂ ਮੁੱਕਰਨਗੇ
Saturday, Feb 15, 2020 - 06:40 PM (IST)
ਜਲੰਧਰ (ਬੁਲੰਦ) : ਸਿਆਸਤ 'ਚ ਸਹੁੰਆਂ ਅਤੇ ਵਾਅਦੇ ਕੋਈ ਮਾਇਨੇ ਨਹੀਂ ਰੱਖਦੇ। ਇਸ ਗੱਲ ਦਾ ਸਬੂਤ ਇਕ ਵਾਰ ਫਿਰ ਉਸ ਵੇਲੇ ਦਿਖਾਈ ਦਿੱਤਾ ਜਦੋਂ ਸੀਨੀਅਰ ਅਕਾਲੀ ਆਗੂ ਬੋਨੀ ਅਜਨਾਲਾ ਅਕਾਲੀ ਦਲ ਵਿਚ ਸ਼ਾਮਲ ਹੋਏ। ਇਸ ਤੋਂ ਪਹਿਲਾਂ ਜਦੋਂ ਉਨ੍ਹਾਂ ਨੇ ਦਸੰਬਰ 2018 ਵਿਚ ਟਕਸਾਲੀ ਅਕਾਲੀ ਦਲ ਦੀ ਨੀਂਹ ਰੱਖੀ ਸੀ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸਹੁੰਆਂ ਖਾਧੀਆਂ ਸਨ ਕਿ ਉਹ ਸਾਰੀ ਉਮਰ ਟਕਸਾਲੀ ਅਕਾਲੀ ਦਲ ਨਾਲ ਗੁਜ਼ਾਰਣਗੇ ਪਰ ਕੁਝ ਮਹੀਨਿਆਂ 'ਚ ਹੀ ਸਹੁੰਆਂ ਧਰੀਆਂ-ਧਰਾਈਆਂ ਰਹਿ ਗਈਆਂ ਅਤੇ ਬੋਨੀ ਅਜਨਾਲਾ ਨੇ ਬੀਤੇ ਦਿਨੀਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅੰਮ੍ਰਿਤਸਰ ਰੈਲੀ ਦੌਰਾਨ ਵਾਪਸ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਹੁਣ ਸਿਆਸੀ ਹਲਕਿਆਂ 'ਚ ਸਵਾਲ ਉੱਠਣ ਲੱਗੇ ਹਨ ਕਿ ਆਖਿਰ ਆਉਣ ਵਾਲੇ ਦਿਨਾਂ 'ਚ ਕਿੰਨੇ ਟਕਸਾਲੀ ਨੇਤਾ ਗੁਰੂ ਜੀ ਦੇ ਸਾਹਮਣੇ ਖਾਧੀਆਂ ਸਹੁੰਆਂ ਤੋਂ ਮੁੱਕਰਨਗੇ।
ਟਕਸਾਲੀ ਇਕ-ਇਕ ਕਰ ਕੇ ਵਾਪਸ ਆਉਣਗੇ : ਚੀਮਾ
ਉੱਧਰ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਅੰਦਰੂਨੀ ਸੂਤਰਾਂ ਦੀ ਮੰਨੀਏ ਤਾਂ ਆਉਣ ਵਾਲੇ ਦਿਨਾਂ 'ਚ ਟਕਸਾਲੀ ਅਕਾਲੀ ਦਲ ਦੇ ਇਕ ਹੋਰ ਮਾਝੇ ਦੇ ਵੱਡੇ ਨੇਤਾ ਨੂੰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਬਾਰੇ ਅਕਾਲੀ ਦਲ ਦੇ ਇਕ ਵੱਡੇ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਦਾ ਕਹਿਣਾ ਹੈ ਕਿ ਅਸਲ 'ਚ ਕਾਂਗਰਸ ਦੇ ਬਹਿਕਾਵੇ 'ਚ ਆ ਕੇ ਬਣੀ ਇਕ ਪਾਰਟੀ ਹੈ ਅਤੇ ਟਕਸਾਲੀ ਅਕਾਲੀ ਦਲ ਦੇ ਕਈ ਨੇਤਾ ਸ਼੍ਰੋਮਣੀ ਅਕਾਲੀ ਦਲ ਨਾਲ ਸੰਪਰਕ 'ਚ ਹਨ। ਜਿਵੇਂ-ਜਿਵੇਂ ਉਨ੍ਹਾਂ ਨੂੰ ਆਪਣੀਆਂ ਗਲਤੀਆਂ ਦਾ ਅਹਿਸਾਸ ਹੋਵੇਗਾ, ਉਹ ਵਾਪਸ ਆਪਣੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਪਰਿਵਾਰ 'ਚ ਆ ਜਾਣਗੇ। ਜਿਵੇਂ ਅਜਨਾਲਾ ਆਏ ਹਨ।
ਕੋਈ ਟਕਸਾਲੀ ਵਾਪਸ ਨਹੀਂ ਜਾਵੇਗਾ ਸ਼੍ਰੋਅਦ 'ਚ : ਬ੍ਰਹਮਪੁਰਾ
ਉਪਰੋਕਤ ਮਾਮਲੇ ਬਾਰੇ ਬੋਲਦਿਆਂ ਟਕਸਾਲੀ ਅਕਾਲੀ ਦਲ ਦੇ ਨੇਤਾ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਅਦ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਪੂਰੀ ਤਰ੍ਹਾਂ ਫੇਲ ਸਾਬਤ ਹੋ ਰਹੀ ਹੈ। ਇਸ ਲਈ ਹੁਣ ਉਹ ਆਪਣੇ ਪਿਤਾ ਨੂੰ ਦੁਬਾਰਾ ਮੈਦਾਨ 'ਚ ਲਿਆਏ ਹਨ। ਉਨ੍ਹਾਂ ਕਿਹਾ ਕਿ ਬੋਨੀ ਅਜਨਾਲਾ ਦੇ ਸ਼੍ਰੋਅਦ 'ਚ ਜਾਣ ਨਾਲ ਟਕਸਾਲੀ ਅਕਾਲੀ ਦਲ ਨੂੰ ਕੋਈ ਫਰਕ ਨਹੀਂ ਪੈਣ ਵਾਲਾ। ਉਨ੍ਹਾਂ ਕਿਹਾ ਕਿ ਜੋ ਵੀ ਗੁਰੂ ਸਾਹਿਬ ਜੀ ਦੇ ਅੱਗੇ ਸਹੁੰਆਂ ਖਾ ਕੇ ਮੁਕਰੇਗਾ, ਸੰਗਤ ਉਸ ਨੂੰ ਪ੍ਰਵਾਨ ਨਹੀਂ ਕਰੇਗੀ।