ਜ਼ਿਲ੍ਹਾ ਡਿਪਟੀ ਕਮਿਸ਼ਨਰ ਖੁਦ ਦੇਖਣ ਸ਼ਹਿਰ ਬੁਢਲਾਡਾ ਦਾ ਮੌਕਾ, ਮੁੱਖ ਸਮੱਸਿਆਵਾਂ ਦਾ ਕਰਨ ਹੱਲ
Friday, Feb 06, 2026 - 09:26 PM (IST)
ਬੁਢਲਾਡਾ, (ਮਨਜੀਤ)- ਸਥਾਨਕ ਸ਼ਹਿਰ ਵਿਖੇ ਕੂੜੇ ਦੇ ਵੱਡੇ-ਵੱਡੇ ਡੰਪ ਸ਼ਹਿਰ ਦੀ ਸੁੰਦਰਤਾ ਨੂੰ ਢਾਅ ਲਗਾ ਰਹੇ ਹਨ। ਇਹ ਕੂੜੇ ਦੇ ਵੱਡੇ-ਵੱਡੇ ਆਰਜ਼ੀ ਡੰਪ ਪਵਨ ਹਸਪਤਾਲ ਦੇ ਨੇੜੇ, ਰਾਮਲੀਲਾ ਗਰਾਉਂਡ ਦੁਰਗਾ ਮੰਦਰ ਨੇੜੇ, ਮਾਲ ਗੁਦਾਮ ਵਾਲਾ ਦਰਵਾਜਾ, ਮਾਲ ਗੁਦਾਮ ਰੋਡ, ਥਾਣਾ ਸਿਟੀ ਨੇੜੇ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਨੇੜੇ, ਬੀ.ਡੀ.ਪੀ.ਓ ਦਫਤਰ ਨੇੜੇ, ਬੱਸ ਸਟੈਂਡ ਨੇੜੇ ਤੋਂ ਇਲਾਵਾ ਅਨੇਕਾਂ ਥਾਵਾਂ ਤੇ ਵੱਡੇ-ਵੱਡੇ ਕੂੜੇ ਦੇ ਢੇਰ ਲੱਗ ਚੁੱਕੇ ਹਨ। ਜਿਨ੍ਹਾਂ ਨੂੰ ਰਾਤ ਸਮੇਂ ਅਵਾਰਾ ਪਸ਼ੂਆਂ ਵੱਲੋਂ ਖਿਲਾਰਿਆ ਜਾਂਦਾ ਹੈ। ਜਿਸ ਨਾਲ ਬਦਬੂ ਹੀ ਬਦਬੂ ਹੋ ਜਾਂਦੀ ਹੈ। ਜਿਸ ਤੋਂ ਭਿਆਨਕ ਬਿਮਾਰੀਆਂ ਫੈਲਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸਤੋਂ ਇਲਾਵਾ ਸ਼ਹਿਰ ਵਿੱਚ ਸੈਂਕੜੇ ਅਵਾਰਾ ਖੂੰਖਾਰ ਕੁੱਤਿਆਂ ਦੀ ਭਰਮਾਰ ਵਧ ਰਹੀ ਹੈ। ਇਸ ਨੂੰ ਲੈ ਕੇ ਸ਼ਹਿਰ ਵਾਸੀਆਂ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਪ੍ਰਤੀ ਰੋਸ ਜਾਹਿਰ ਕੀਤਾ ਜਾ ਰਿਹਾ ਹੈ। ਇਹ ਸਮੱਸਿਆਵਾਂ ਦਿਨੋ-ਦਿਨ ਵਧ ਰਹੀਆਂ ਹਨ। ਇਸ ਦਾ ਕੋਈ ਵੀ ਹੱਲ ਨਹੀਂ ਕੀਤਾ ਜਾ ਰਿਹਾ। ਇਸ ਤੇ ਰਾਜਨੀਤੀ ਵੀ ਕੀਤੀ ਜਾ ਰਹੀ ਹੈ ਜੋ ਕਿ ਅਤਿ ਨਿੰਦਣਯੋਗ ਹੈ। ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।
ਸ਼ਹਿਰ ਦੇ ਉੱਘੇ ਸਮਾਜ ਸੇਵੀ ਅਤੇ ਭਾਜਪਾ ਆਗੂ ਕਾਕਾ ਅਮਰਿੰਦਰ ਸਿੰਘ ਦਾਤੇਵਾਸ, ਅਮਨਦੀਪ ਸਿੰਘ ਗੁਰੂ, ਯੰਗਜ ਸਪੋਰਟਸ ਕਲੱਬ ਦੇ ਪ੍ਰਧਾਨ ਪ੍ਰਭਜੋਤ ਸਿੰਘ ਕੋਹਲੀ, ਯੂਥ ਕਾਂਗਰਸ ਦੇ ਸੀਨੀਅਰ ਆਗੂ ਲਵਲੀ ਬੋੜਾਵਾਲੀਆ, ਅਕਾਲੀ ਦਲ ਦੇ ਰਾਜਿੰਦਰ ਸਿੰਘ ਝੰਡਾ ਨੇ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਨੂੰ ਜਿੱਥੇ ਢਾਅ ਲੱਗ ਰਹੀ ਹੈ, ਉੱਥੇ ਸ਼ਹਿਰ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰਤੀ ਸਮਾਜ ਸੇਵੀਆਂ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ, ਸਮਾਜ ਸੇਵੀਆਂ ਅਤੇ ਸ਼ਹਿਰ ਵਾਸੀਆਂ ਵੱਲੋਂ ਵਾਰ-ਵਾਰ ਮੀਡੀਆ ਰਾਹੀਂ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ। ਪਰ ਅਜੇ ਤੱਕ ਕੋਈ ਹੱਲ ਨਹੀਂ ਹੋਇਆ।

ਉਨ੍ਹਾਂ ਕਿਹਾ ਕਿ ਜ਼ਿਲ੍ਹਾ ਮਾਨਸਾ ਦੇ ਡਿਪਟੀ ਕਮਿਸ਼ਨਰ ਆਇਆਂ ਨੂੰ ਕਈ ਮਹੀਨੇ ਹੋ ਗਏ ਪਰ ਅਜੇ ਤੱਕ ਉਨ੍ਹਾਂ ਨੇ ਖੁਦ ਇਸ ਸਥਿਤੀ ਦਾ ਮੌਕਾ ਤੱਕ ਨਹੀਂ ਦੇਖਿਆ। ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਦਾ ਖੁਦ ਦੌਰਾ ਕਰਨ। ਉਸ ਤੋਂ ਬਾਅਦ ਸ਼ਹਿਰ ਦੇ ਮੋਹਤਬਰ ਵਿਅਕਤੀਆਂ ਨਾਲ ਇੱਕ ਮੀਟਿੰਗ ਕਰਕੇ ਕੂੜੇ ਦੇ ਡੰਪ ਨੂੰ ਇੱਕ ਥਾਂ ਲਗਵਾਉਣ ਸਬੰਧੀ, ਸ਼ਹਿਰ ਨੂੰ ਸੁੰਦਰ ਬਣਾਉਣ ਲਈ ਸੈਂਕੜੇ ਅਵਾਰਾ ਜਾਨਵਰਾਂ ਲਈ ਨੰਦੀ ਸ਼ਾਲਾ ਅਤੇ ਅਵਾਰਾ ਕੁੱਤਿਆਂ ਨੂੰ ਸ਼ਹਿਰ ਵਿੱਚੋਂ ਬਾਹਰ ਇੱਕ ਥਾਂ ਰੱਖਣ ਦੀ ਚਰਚਾ ਕਰਨ ਤਾਂ ਜੋ ਅਵਾਰਾ ਕੁੱਤਿਆਂ ਅਤੇ ਖੂੰਖਾਰ ਢੱਠਿਆਂ ਦੇ ਨੁਕਸਾਨ ਤੋਂ ਸ਼ਹਿਰ ਵਾਸੀ ਬਚ ਸਕਣ ਅਤੇ ਕੂੜੇ ਦੀ ਸਮੱਸਿਆ ਦਾ ਹੱਲ ਹੋ ਸਕੇ।
ਉੱਧਰ ਐਡਵੋਕੇਟ ਸਵਰਨ ਸਿੰਘ ਦਲਿਓ ਨੇ ਕਿਹਾ ਕਿ ਸ਼ਹਿਰ ਵਿੱਚ ਇਹ ਮਾਮਲਾ ਕਈ ਮਹੀਨਿਆਂ ਤੋਂ ਅਸੀਂ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਨੂੰ ਜਾਣੂ ਕਰਵਾ ਰਹੇ ਹਨ। ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈ।ਉਨ੍ਹਾਂ ਕਿਹਾ ਕਿ ਜੇਕਰ ਇਹ ਸਮੱਸਿਆ ਦਾ ਪ੍ਰਸ਼ਾਸ਼ਨ ਅਤੇ ਸਰਕਾਰ ਨੇ ਹੱਲ ਨਾ ਕੀਤਾ ਤਾਂ ਸ਼ਹਿਰ ਵਿੱਚੋਂ ਇੱਕ ਵੱਡਾ ਸੰਘਰਸ਼ ਊੱਠੇਗਾ। ਜੋ ਪਹਿਲਾਂ ਵੀ ਉੱਠ ਚੁੱਕਿਆ ਹੈ। ਇਸ ਸਬੰਧੀ ਡਿਪਟੀ ਕਮਿਸ਼ਨਰ ਮਾਨਸਾ ਖੁਦ ਇਸ ਮਸਲੇ ਨੂੰ ਹੱਲ ਕਰਨ ਵੱਲ ਧਿਆਨ ਦੇਣ।
