ਮਜੀਠੀਆ ਦੇ ਹੱਕ ’ਚ ਤਲਬੀਰ ਗਿੱਲ ਦੀ ਅਗਵਾਈ ’ਚ ਨਿੱਤਰੇ ਅਕਾਲੀ-ਬਸਪਾ ਆਗੂ ਤੇ ਵਰਕਰ

Friday, Dec 24, 2021 - 10:27 PM (IST)

ਮਜੀਠੀਆ ਦੇ ਹੱਕ ’ਚ ਤਲਬੀਰ ਗਿੱਲ ਦੀ ਅਗਵਾਈ ’ਚ ਨਿੱਤਰੇ ਅਕਾਲੀ-ਬਸਪਾ ਆਗੂ ਤੇ ਵਰਕਰ

ਅੰਮ੍ਰਿਤਸਰ (ਗੁਰਿੰਦਰ ਸਾਗਰ)-ਚੌਂਕੜਾ ਮਾਰ ਕੇ ਪ੍ਰਮਾਤਮਾ ਦਾ ਨਾਮ ਧਿਆਉਣ ਵਾਲੇ ਸੱਚੇ-ਸੁੱਚੇ ਤੇ ਪਾਕ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ’ਤੇ ਮੁੱਖ ਮੰਤਰੀ ਚੰਨੀ, ਸੁਖਜਿੰਦਰ ਸਿੰਘ ਰੰਧਾਵਾ ਸੁੱਖੀ ਅਤੇ ਨਵਜੋਤ ਸਿੱਧੂ ਨੇ ਝੂਠਾ ਪਰਚਾ ਦਰਜ ਕਰਵਾਇਆ। ਸਿੱਧੂ ਉਹ ਦਿਨ ਯਾਦ ਕਰੇ, ਜਦੋਂ ਸਾਰੇ ਹਲਕਿਆਂ ’ਚ ਉਹ ਹਾਰ ਰਿਹਾ ਸੀ ਤਾਂ ਬਿਕਰਮ ਸਿੰਘ ਮਜੀਠੀਆ ਦੇ ਹਲਕੇ ’ਚ 22-23 ਹਜ਼ਾਰ ਵੋਟਾਂ ਨਾਲ ਜਿੱਤ ਗਿਆ ਤਾਂ ਸਿੱਧੂ ਨੇ ਕਿਹਾ ਕਿ ਮਜੀਠੀਆ ਤੂੰ ਮੇਰੀ ਇੱਜ਼ਤ ਰੱਖ ਲਈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਤਲਬੀਰ ਸਿੰਘ ਗਿੱਲ ਨੇ ਬਿਕਰਮ ਸਿੰਘ ਮਜੀਠੀਆ ਵਿਰੁੱਧ ਪੰਜਾਬ ਸਰਕਾਰ ਵੱਲੋਂ ਦਰਜ ਕੀਤੇ ਗਏ ਪਰਚੇ ਨੂੰ ਲੈ ਕੇ ਅਕਾਲੀ-ਬਸਪਾ ਗੱਠਜੋੜ ਦੇ ਆਗੂਆਂ ਤੇ ਵਰਕਰਾਂ ਵੱਲੋਂ ਅੱਜ ਪੁਲਸ ਕਮਿਸ਼ਨਰ ਦੇ ਦਫ਼ਤਰ ਬਾਹਰ ਰੋਸ ਧਰਨੇ ਦੌਰਾਨ ਕੀਤਾ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਝਬਾਲ ਨੇੜੇ ਅਕਾਲੀ ਸਰਪੰਚ ਨੂੰ ਅਣਪਛਾਤੇ ਨੌਜਵਾਨਾਂ ਨੇ ਮਾਰੀਆਂ ਗੋਲੀਆਂ

PunjabKesari

ਇਸ ਮੌਕੇ ਗਿੱਲ ਨੇ ਕਿਹਾ ਕਿ ਮਜੀਠੀਆ ’ਤੇ ਕੀਤਾ ਗਿਆ ਪਰਚਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚਲੀ ਕਾਂਗਰਸ ਸਰਕਾਰ ਨੇ ਮਜੀਠੀਆ ’ਤੇ ਪਰਚਾ ਕਰਵਾ ਕੇ ਡਰਾਉਣ-ਧਮਕਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਮਜੀਠੀਆ ਮਾਝੇ ਦਾ ਜਰਨੈਲ ਹੈ ਅਤੇ ਉਨ੍ਹਾਂ ਨੇ ਖੇਮਕਰਨ ਤੋਂ ਲੈ ਕੇ ਪਠਾਨਕੋਟ ਤੱਕ ਇਨ੍ਹਾਂ ਦੀ ਫੱਟੀ ਪੋਚ ਕੇ ਰੱਖਣ ਦੇਣੀ ਹੈ, ਇਸ ਡਰੋਂ ਸੂਬਾ ਸਰਕਾਰ ਨੇ ਉਨ੍ਹਾਂ ’ਤੇ ਝੂਠਾ ਪਰਚਾ ਦਰਜ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦਾ ਭਾਰੀ ਇਕੱਠ ਇਹ ਸਾਬਤ ਕਰਦਾ ਹੈ ਕਿ ਉਨ੍ਹਾਂ ਦੇ ਦਿਲਾਂ ’ਚ ਮਜੀਠੀਆ ਪ੍ਰਤੀ ਜਿੱਤ ਬਰਕਰਾਰ ਹੈ ਅਤੇ ਆਉਂਦੇ ਸਮੇਂ ਮਜੀਠੀਆ ਦੀ ਜਿੱਤ ਸੂਬਾ ਸਰਕਾਰ ਦੇ ਕਫ਼ਨ ’ਚ ਕਿੱਲ ਦਾ ਕੰਮ ਕਰੇਗੀ। ਇਸ ਮੌਕੇ ਗੱਠਜੋੜ ਆਗੂਆਂ ਤੇ ਵਰਕਰਾਂ ਦੇ ਭਾਰੀ ਇਕੱਠ ਵੱਲੋਂ ਜਿੱਥੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ, ਉਥੇ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਡੀ. ਜੀ. ਪੀ. ਪੰਜਾਬ ਸਿਧਾਰਥ ਚਟੌਪਾਧਿਆਏ ਦਾ ਪੁਤਲਾ ਫੂਕਿਆ।

ਗਿੱਲ ਨੇ ਕਿਹਾ ਕਿ ਚੰਨੀ, ਸਿੱਧੂ ਤੇ ਰੰਧਾਵਾ ਨੇ ਇਕ ਕੋਝੀ ਹਰਕਤ ਕੀਤੀ ਹੈ, ਜਿਸ ਦਾ ਖਮਿਆਜ਼ਾ ਆਉਣ ਵਾਲੇ ਸਮੇਂ ’ਚ ਇਨ੍ਹਾਂ ਨੂੰ ਭੁਗਤਣਾ ਪਵੇਗਾ। ਇਸ ਮੌਕੇ ਗਿੱਲ ਨੇ ਹਾਈਕਮਾਂਡ ਅਤੇ ਮਜੀਠੀਆ ਪਰਿਵਾਰ ਵੱਲੋਂ ਕਦਮ ਨਾਲ ਕਦਮ ਮਿਲਾ ਕੇ ਪੁੱਜੇ ਸਮੂਹ ਅਕਾਲੀ-ਬਸਪਾ ਆਗੂਆਂ ਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਗੁਰਪ੍ਰਤਾਪ ਸਿੰਘ ਟਿੱਕਾ, ਮੇਜਰ ਸ਼ਿਵਚਰਨ ਸਿੰਘ ਓ. ਐੱਸ. ਡੀ., ਵੀਰ ਸਿੰਘ ਲੋਪੋਕੇ, ਅਮਰਪਾਲ ਸਿੰਘ ਬੋਨੀ ਅਜਨਾਲਾ, ਮਨਜੀਤ ਸਿੰਘ ਮੰਨਾ ਬਾਬਾ ਬਕਾਲਾ, ਡਾ. ਦਲਬੀਰ ਸਿੰਘ ਵੇਰਕਾ, ਅਨਿਲ ਜੋਸ਼ੀ, ਗੁਰਪ੍ਰੀਤ ਸਿੰਘ ਰੰਧਾਵਾ, ਬਲਜੀਤ ਸਿੰਘ ਜਲਾਲਉਸਮਾਂ, ਸੰਦੀਪ ਸਿੰਘ ਏ. ਆਰ., ਰਾਜਇੰਦਰ ਸਿੰਘ ਮਹਿਤਾ ਆਦਿ ਸਮੇਤ ਵੱਡੀ ਗਿਣਤੀ ’ਚ ਅਕਾਲੀ-ਬਸਪਾ ਵਰਕਰ ਤੇ ਲੋਕ ਹਾਜ਼ਰ ਸਨ।


author

Manoj

Content Editor

Related News