ਜ਼ਿਮਨੀ ਚੋਣ ਮਗਰੋਂ ਅਕਾਲੀ-ਬਸਪਾ ਗਠਜੋੜ ਨੇ ਲਾਵਾਰਿਸ ਛੱਡਿਆ ਜਲੰਧਰ ਲੋਕ ਸਭਾ ਹਲਕਾ

Thursday, Jan 25, 2024 - 05:54 PM (IST)

ਜਲੰਧਰ (ਮ੍ਰਿਦੁਲ) : ਸਾਲ 2023 ’ਚ ਜਲੰਧਰ ਲੋਕ ਸਭਾ ਸੀਟ ਤੋਂ ਜ਼ਿਮਨੀ ਚੋਣ ਹਾਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ-ਬਸਪਾ ਗੱਠਜੋੜ ਨੇ ਇਸ ਸੀਟ ਨੂੰ ਇਕਦਮ ਲਾਵਾਰਿਸ ਛੱਡ ਦਿੱਤਾ ਹੈ। ਖ਼ਾਸ ਕਰ ਕੇ ਜ਼ਿਮਨੀ ਚੋਣ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਜ਼ਿਮਨੀ ਚੋਣ ਦੇ ਬਾਅਦ ਤੋਂ ਜਲੰਧਰ ’ਚ ਆਪਣੀ ਪੈਂਠ ਮਜ਼ਬੂਤ ਤਾਂ ਕੀ ਕਰਨੀ ਸੀ, ਉਹ ਤਾਂ ਜਲੰਧਰ ’ਚ ਪਾਰਟੀ ਜਾਂ ਕੋਈ ਆਪਣੀ ਸਰਗਰਮੀ ਕਰਨ ’ਚ ਨਾਕਾਮਯਾਬ ਰਹੇ ਹਨ। ਮੌਜੂਦਾ ਹਾਲਾਤ ਅਜਿਹੇ ਬਣ ਚੁੱਕੇ ਹਨ ਕਿ ਜਲੰਧਰ ਦੇ ਵਰਕਰਾਂ ਦੀ ਕੋਈ ਸਾਰ ਤਕ ਲੈਣ ਵਾਲਾ ਨਹੀਂ ਹੈ, ਜਿਸ ਕਾਰਨ ਵਰਕਰਾਂ ਅਤੇ ਲੋਕਾਂ ਵਿਚ ਨਿਰਾਸ਼ਾ ਦਾ ਮਾਹੌਲ ਬਣ ਚੁੱਕਾ ਤੇ ਰੋਸ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਦਰਅਸਲ ਜਲੰਧਰ ਸੀਟ ’ਤੇ ਪਿਛਲੇ ਸਾਲ ਜ਼ਿਮਨੀ ਚੋਣ ’ਚ ਆਮ ਆਦਮੀ ਪਾਰਟੀ ਨੇ ਆਪਣਾ ਕਬਜ਼ਾ ਜਮਾ ਲਿਆ ਸੀ, ਉਦੋਂ ਤੋਂ ਲੈ ਕੇ ਹੁਣ ਤਕ ਕਾਂਗਰਸ ਅਤੇ ਭਾਜਪਾ ਹੀ ਇਸ ਸੀਟ ’ਤੇ ਵਿਰੋਧੀ ਧਿਰ ਵਿਚ ਰਹਿ ਕੇ ਆਪਣੀਆਂ ਸਰਗਰਮੀਆਂ ਕਰ ਰਹੀਆਂ ਹਨ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਰਹੀਆਂ ਹਨ ਪਰ ਦੂਜੇ ਪਾਸੇ ਮੌਜੂਦਾ ਸਥਿਤੀ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਤਾਂ ਜ਼ਿਮਨੀ ਚੋਣ ਤੋਂ ਬਾਅਦ ਜਲੰਧਰ ਨੂੰ ਛੱਡ ਕੇ ਆਪਣੀ ਵਿਧਾਇਕੀ ਸੰਭਾਲਣ ’ਚ ਰੁੱਝੇ ਹੋਏ ਹਨ। ਸੂਤਰਾਂ ਦੀ ਮੰਨੀਏ ਤਾਂ ਜਿਸ ਸਮੇਂ ਲੋਕ ਸਭਾ ਦੀ ਜ਼ਿਮਨੀ ਚੋਣ ਦਾ ਬਿਗੁਲ ਵੱਜਿਆ, ਉਸ ਸਮੇਂ ਅਕਾਲੀ ਦਲ ਅਤੇ ਬਸਪਾ ਦੀ ਸੀਨੀਅਰ ਲੀਡਰਸ਼ਿਪ ਨੇ ਡਾ. ਸੁਖਵਿੰਦਰ ਕੁਮਾਰ ਸੁੱਖੀ ਨੂੰ ਇਸ ਸੀਟ ਤੋਂ ਚੋਣ ਲੜਾਉਣ ਦਾ ਫੈਸਲਾ ਲਿਆ, ਜਦੋਂ ਕਿ ਪਾਰਟੀ ਕੋਲ ਉਨ੍ਹਾਂ ਤੋਂ ਵੱਡੇ ਅਤੇ ਤਜ਼ਰਬੇਕਾਰ ਆਗੂ ਵੀ ਸਨ ਪਰ ਉਨ੍ਹਾਂ ਨੂੰ ਨਜ਼ਰਅੰਦਾਜ਼ ਕਰ ਕੇ ਡਾ. ਸੁੱਖੀ ਨੂੰ ਚੋਣ ਲੜਾਉਣ ਲਈ ਰਾਜ਼ੀ ਕੀਤਾ ਗਿਆ। ਉਨ੍ਹਾਂ ਨੂੰ ਟਿਕਟ ਦਿਵਾਉਣ ’ਚ ਬਸਪਾ ਦੇ ਇਕ ਸਾਬਕਾ ਸੂਬਾ ਪ੍ਰਧਾਨ ਦਾ ਜ਼ੋਰ ਚੱਲ ਗਿਆ ਅਤੇ ਉਸਨੇ ਅਕਾਲੀ-ਬਸਪਾ ਗੱਠਜੋੜ ਦੇ ਆਗੂਆਂ ਨੂੰ ਭਰੋਸਾ ਦਿਵਾਇਆ ਸੀ ਕਿ ਜਿਸ ਤਰ੍ਹਾਂ 2019 ਦੀਆਂ ਲੋਕ ਸਭਾ ਚੋਣਾਂ ’ਚ ਬਲਵਿੰਦਰ ਕੁਮਾਰ ਨੇ 2 ਲੱਖ ਤੋਂ ਵੱਧ ਵੋਟਾਂ ਬਸਪਾ ਨੇ ਪੁਆਈਆਂ ਸਨ, ਉਸੇ ਤਰ੍ਹਾਂ ਇਸ ਚੋਣ ’ਚ ਵੀ ਉਮੀਦਵਾਰ ਇਸੇ ਤਰ੍ਹਾਂ ਜ਼ੋਰ-ਸ਼ੋਰ ਨਾਲ ਜਿਤਾਇਆ ਜਾਵੇਗਾ ਪਰ ਚੋਣ ਨਤੀਜੇ ਨੇ ਤਾਂ ਅਕਾਲੀ ਦਲ ਤੇ ਬਸਪਾ ਦੋਵਾਂ ਨੂੰ ਹਾਸ਼ੀਏ ’ਤੇ ਲਿਆ ਕੇ ਖੜ੍ਹਾ ਕਰ ਦਿੱਤਾ।

ਇਹ ਵੀ ਪੜ੍ਹੋ : ਪੰਜਾਬ ਪੁਲਸ ਦਾ ਅਹਿਮ ਕਦਮ, ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲੈਬ ਕੀਤੀ ਜਾਵੇਗੀ ਸਥਾਪਿਤ 

ਪਾਰਟੀ ਦੇ ਅੰਦਰੂਨੀ ਸੂਤਰਾਂ ਦੀ ਗੱਲ ਕੀਤੀ ਜਾਵੇ ਤਾਂ ਦੱਬੀ ਆਵਾਜ਼ ’ਚ ਪਾਰਟੀ ਦੇ ਕਿੰਨੇ ਹੀ ਆਗੂ ਡਾ. ਸੁੱਖੀ ਨੂੰ ਜਲੰਧਰ ਤੋਂ ਚੋਣ ਲੜਾਉਣ ਦੇ ਖ਼ਿਲਾਫ਼ ਸਨ ਕਿਉਂਕਿ ਇਕ ਤਾਂ ਉਹ ਬਸਪਾ ਤੋਂ ਆਏ ਸਨ, ਦੂਜਾ ਉਹ ਅਕਾਲੀ ਦਲ ’ਚ ਆਉਣ ਤੋਂ ਬਾਅਦ ਬੰਗਾ ਤੋਂ ਵਿਧਾਇਕ ਚੁਣੇ ਗਏ ਅਤੇ ਉਨ੍ਹਾਂ ਦਾ ਜਲੰਧਰ ’ਚ ਕੋਈ ਜਨਤਕ ਆਧਾਰ ਨਹੀਂ ਸੀ। ਜਲੰਧਰ ਦਾ ਇਕ ਵੱਡਾ ਹਿੱਸਾ ਸ਼ਹਿਰੀ ਹੈ, ਉਹ ਸ਼ਹਿਰੀ ਵੋਟਰਾਂ ਅਤੇ ਵਰਕਰਾਂ ਨੂੰ ਨਾਲ ਜੋੜਨ ’ਚ ਅਸਫ਼ਲ ਰਹੇ, ਜਦੋਂ ਕਿ ਉਨ੍ਹਾਂ ਦੀ ਜਗ੍ਹਾ ਪਾਰਟੀ ਦੇ ਕਈ ਹੋਰ ਸੀਨੀਅਰ ਆਗੂ ਸਨ, ਜਿਨ੍ਹਾਂ ਦਾ ਇਥੇ ਕਾਫੀ ਜਨਤਕ ਆਧਾਰ ਵੀ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਸਿਰੇ ਤੋਂ ਨਕਾਰ ਦਿੱਤਾ। ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਇਸੇ ਗਲਤ ਫੈਸਲੇ ਦੇ ਨਤੀਜੇ ਵਜੋਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਗੱਠਜੋੜ ਨੇ ਇਸ ਜ਼ਿਮਨੀ ਚੋਣ ’ਚ ਢਾਈ ਫੀਸਦੀ ਵੋਟ ਬੈਂਕ ਗੁਆ ਦਿੱਤਾ, ਜੋ ਕਿ ਬੇਹੱਦ ਚਿੰਤਾਜਨਕ ਹੈ। ਸੂਤਰਾਂ ਦੀ ਮੰਨੀਏ ਤਾਂ ਜਲੰਧਰ ਸੀਟ ਦੀ ਜ਼ਿਮਨੀ ਚੋਣ ਹਾਰਨ ਦੇ ਬਾਅਦ ਤੋਂ ਪਾਰਟੀ ਦੇ ਅੰਦਰ 2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਕਈ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ। ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਕਈ ਆਗੂ ਆਪਣੇ-ਆਪਣੇ ਆਗੂਆਂ ਦੀ ਲਾਬਿੰਗ ਕਰ ਰਹੇ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇਕ ਖੇਮਾ ਅਜਿਹਾ ਵੀ ਹੈ, ਜੋ ਇਸ ਗੱਲ ਲਈ ਪਾਰਟੀ ਵਿਰੋਧ ਕਰਦਾ ਰਿਹਾ ਹੈ ਕਿਤੇ ਇਨ੍ਹਾਂ ਆਮ ਚੋਣਾਂ ਵਿਚ ਪਾਰਟੀ ਉਕਤ ਗਲਤੀ ਨੂੰ ਦੁਬਾਰਾ ਨਾ ਦੁਹਰਾ ਦੇਵੇ।

ਇਹ ਵੀ ਪੜ੍ਹੋ : ਅਕਾਲੀਆਂ ਨਾਲ ਗਠਜੋੜ ’ਤੇ CM ਮਾਨ ਦੇ ਦੋਸ਼ਾਂ 'ਤੇ ਕੀ ਬੋਲੇ ਫਤਿਹਜੰਗ ਸਿੰਘ ਬਾਜਵਾ, ਸੁਣੋ ਖ਼ਾਸ ਇੰਟਰਵਿਊ (ਵੀਡੀਓ)

ਸਮਾਰਟ ਸਿਟੀ, ਲਾਅ ਐਂਡ ਆਰਡਰ ਅਤੇ ਹੋਰਨਾਂ ਮੁੱਦਿਆਂ ’ਤੇ ਇਕਦਮ ਚੁੱਪ ਧਾਰੀ ਬੈਠਾ ਅਕਾਲੀ-ਬਸਪਾ ਗੱਠਜੋੜ!
ਦੂਜੇ ਪਾਸੇ ਹੈਰਾਨੀ ਦੀ ਗੱਲ ਹੈ ਕਿ ਜਿਸ ਤਰ੍ਹਾਂ ਬਾਕੀ ਵਿਰੋਧੀ ਪਾਰਟੀਆਂ ਕਾਂਗਰਸ ਤੇ ਭਾਜਪਾ ਸਮੇਂ-ਸਮੇਂ ’ਤੇ ਸਰਕਾਰ ਨੂੰ ਘੇਰਦੀਆਂ ਆਈਆਂ ਹਨ, ਉਥੇ ਹੀ ਅਕਾਲੀ-ਬਸਪਾ ਗੱਠਜੋੜ ਨੇ ਕਿਸੇ ਵੀ ਮੁੱਦੇ ’ਤੇ ਕੋਈ ਵੀ ਸਰਗਰਮੀ ਤਾਂ ਦੂਰ ਇਕ ਬਿਆਨ ਤਕ ਵੀ ਜਾਰੀ ਨਹੀਂ ਕੀਤਾ। ਉਦਾਹਰਣ ਵਜੋਂ ਜਲੰਧਰ ਦਾ ਸਮਾਰਟ ਸਿਟੀ ਸਕੈਮ, ਜੋ ਕਿ ਕਰੋੜਾਂ ਰੁਪਏ ਦਾ ਹੈ, ਉਸ ’ਤੇ ਕਾਂਗਰਸੀ ਤਾਂ ਚੁੱਪ ਹੀ ਹਨ ਪਰ ਭਾਜਪਾ ਨੇ ਇਸ ਮੁੱਦੇ ਨੂੰ ਇੰਨਾ ਗਰਮਾ ਦਿੱਤਾ ਹੈ ਕਿ ਕੇਂਦਰੀ ਮੰਤਰੀ ਮੇਘਵਾਲ ਨੇ ਇਸ ਮਾਮਲੇ ’ਚ ਸੀ. ਬੀ. ਆਈ. ਜਾਂਚ ਦੀ ਮੰਗ ਕਰਦਿਆਂ ਇਕ ਚਿੱਠੀ ਕੇਂਦਰ ਸਰਕਾਰ ਨੂੰ ਸੌਂਪ ਦਿੱਤੀ ਹੈ, ਜਦੋਂ ਕਿ ਅਕਾਲੀ ਦਲ ਅਤੇ ਬਸਪਾ ਦੋਵੇਂ ਹੀ ਇਸ ਹਾਈ-ਪ੍ਰੋਫਾਈਲ ਅਤੇ ਗੰਭੀਰ ਘਪਲੇ ਬਾਰੇ ਚੁੱਪ ਧਾਰੀ ਬੈਠੀਆਂ ਹਨ, ਜੋ ਕਿ ਕਈ ਸਵਾਲ ਖੜ੍ਹੇ ਕਰਦਾ ਹੈ। ਇਨ੍ਹਾਂ ਤੋਂ ਇਲਾਵਾ ਲਾਅ ਐਂਡ ਆਰਡਰ ਤੋਂ ਲੈ ਕੇ ਸ਼ਹਿਰ ’ਚ ਲਗਾਤਾਰ ਚੱਲ ਰਹੀਆਂ ਗੋਲੀਆਂ ਅਤੇ ਲੁੱਟਾਂ-ਖੋਹਾਂ ਕਾਰਨ ਬਾਕੀ ਸਭ ਪਾਰਟੀਆਂ ਸਰਕਾਰ ਨੂੰ ਘੇਰ ਰਹੀਆਂ ਹਨ ਪਰ ਅਕਾਲੀ-ਬਸਪਾ ਗੱਠਜੋੜ ਦੇ ਕੰਨ ’ਤੇ ਜੂੰ ਨਹੀਂ ਰੇਂਗ ਰਹੀ। ਜੇਕਰ ਉਹ ਸ਼ਹਿਰ ’ਚ ਕੋਈ ਸਰਗਰਮੀ ਨਹੀਂ ਕਰਨਗੀਆਂ ਤਾਂ ਆਉਣ ਵਾਲੀਆਂ ਚੋਣਾਂ ’ਚ ਲੋਕਾਂ ਕੋਲੋਂ ਵੋਟਾਂ ਕਿਸ ਨਾਂ ’ਤੇ ਮੰਗਣਗੀਆਂ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਕਦਮ, ਆਂਗਣਵਾੜੀ ਸੈਟਰਾਂ ਨੂੰ ਰਾਸ਼ੀ ਕੀਤੀ ਜਾਰੀ

'ਜਗਬਾਣੀ' ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

 


Anuradha

Content Editor

Related News