ਅਕਾਲੀ-ਬਸਪਾ ਗਠਜੋੜ ਨੇ ਕੈਬਨਿਟ ਮੰਤਰੀ ਧਰਮਸੋਤ ਦੀਆਂ ਮੁਸ਼ਕਲਾਂ ’ਚ ਕੀਤਾ ਵਾਧਾ

2021-06-17T14:58:12.953

ਭਾਦਸੋਂ (ਅਵਤਾਰ) : ਸ਼੍ਰੋਮਣੀ ਅਕਾਲੀ ਦਲ ਦੇ ਬਸਪਾ ਨਾਲ ਗਠਜੋੜ ਦੇ ਐਲਾਨ ਤੋਂ ਵਿਧਾਨ ਸਭਾ ਹਲਕਾ ਨਾਭਾ ਦੇ ਮੌਜੂਦਾ ਵਿਧਾਇਕ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਹਲਕੇ ਦੀ ਐੱਸ. ਸੀ. ਭਾਈਚਾਰੇ ਦੇ ਤਕਰੀਬਨ 35 ਹਜ਼ਾਰ ਵੋਟ ਹੀ ਇਸ ਹਲਕੇ ਦੀ ਜਿੱਤ ਹਾਰ ਦਾ ਫੈਸਲਾ ਕਰਦੀ ਹੈ। ਵਿਧਾਨ ਸਭਾ ਹਲਕਾ ਨਾਭਾ ’ਚ ਤਕਰੀਬਨ 1 ਲੱਖ 80 ਹਜ਼ਾਰ ਵੋਟਰ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੂੰ 61 ਹਜ਼ਾਰ, ਆਪ ਪਾਰਟੀ ਦੇ ਗੁਰਦੇਵ ਸਿੰਘ ਦੇਵ ਮਾਨ ਨੂੰ 42 ਹਜ਼ਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਕਬੀਰ ਦਾਸ ਨੂੰ 32 ਹਜ਼ਾਰ ਦੇ ਕਰੀਬ ਵੋਟਾਂ ਮਿਲੀਆਂ ਸਨ। ਕਾਂਗਰਸ ਸਰਕਾਰ ਦੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਆਗਾਮੀ 2022 ਦੀਆਂ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਕੁਝ ਸਮਾਂ ਪਹਿਲਾਂ 65 ਕਰੋੜੀ ਵਜ਼ੀਫਾ ਘੋਟਾਲੇ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਕਾਫ਼ੀ ਚਰਚਾ ਵਿੱਚ ਰਹੇ ਸਨ ਜੋ ਕਿ ਸਰਕਾਰ ਵੱਲੋਂ ਮੰਤਰੀ ਧਰਮਸੋਤ ਨੂੰ ਕਲੀਨ ਚਿੱਟ ਦੇ  ਕੇ ਮਾਮਲਾ ਠੰਡੇ ਬਸਤੇ ਵਿੱਚ ਪਾ ਦਿੱਤਾ ਸੀ ਪਰ ਹੁਣ ਵਿਧਾਨ ਸਭਾ ਨੇੜੇ ਆਉਦਿਆਂ ਹੀ ਆਮ ਆਦਮੀ ਪਾਰਟੀ ਨੇ ਮਾਮਲਾ ਮੁੜ ਗਰਮਾ ਦਿੱਤਾ ਹੈ ਅਤੇ ਮੰਤਰੀ ਧਰਮਸੋਤ ਖ਼ਿਲਾਫ਼ ਥਾਂ-ਥਾਂ ’ਤੇ ਧਰਨਾ ਪ੍ਰਦਰਸ਼ਨ ਜਾਰੀ ਹੈ ਜੋ ਕਿ ਕਿਤੇ ਨਾ ਕਿਤੇ ਆਗਾਮੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੰਤਰੀ ਧਰਮਸੋਤ ਲਈ ਨੁਕਸਾਨ ਦਾਇਕ ਸਿੱਧ ਹੋ ਸਕਦਾ ਹੈ।

ਇਹ ਵੀ ਪੜ੍ਹੋ : 32 ਕਿਸਾਨ ਜੱਥੇਬੰਦੀਆਂ ਵਲੋਂ ਕੇਂਦਰ ਸਰਕਾਰ ਦੀਆਂ ਲੁਕਵੀਆਂ ਚਾਲਾਂ ਖ਼ਿਲਾਫ਼ ਸੰਘਰਸ਼ ਤੇਜ਼ ਕਰਨ ਦਾ ਐਲਾਨ

ਪਿੰਡਾਂ ’ਚ ਹੁੰਦੀ ਖੁੰਢ ਚਰਚਾ ’ਚ ਅੱਜ ਕੱਲ ਵਜੀਫਾ ਘੁਟਾਲਾ ਪ੍ਰਮੁੱਖ ਮੁੱਦਾ ਬਣ ਚੁੱਕਾ ਹੈ ਅਤੇ ਇਹ ਮੁੱਦਾ ਖਾਸ ਕਰਕੇ ਨੌਜਵਾਨ ਵਰਗ ’ਚ ਮੌਜੂਦਾ ਸਰਕਾਰ ਦੇ ਵਿਰੋਧ ਵਿੱਚ ਭੁਗਤਣ ਦੇ ਆਲਮ ਵਿੱਚ ਹੈ। ਦੂਜੇ ਪਾਸੇ ਟਕਸਾਲੀ ਕਾਂਗਰਸੀ ਆਗੂ ਪਾਰਟੀ ਵਿੱਚ ਪੁੱਛ ਪ੍ਰਤੀਤ ਨਾ ਹੋਣ ਕਾਰਨ ਨਿਰਾਸ਼ਾ ਦੇ ਆਲਮ ਵਿੱਚ ਹਨ ਅਤੇ ਅੰਦਰੋ ਖਾਤੇ ਨਾਰਾਜ਼ ਆਗੂ ਪਾਰਟੀ ਵਿਰੋਧੀ ਵੋਟ ਬੈਂਕ ਭੁਗਤਾਉਣ ਦੇ ਰੌਂਅ ਵਿੱਚ ਹਨ। ਜਿਨ੍ਹਾਂ ਪਿੰਡਾਂ ’ਚ ਪੰਚਾਇਤਾਂ ਅਕਾਲੀ ਜਾਂ ਆਪ ਪਾਰਟੀ ਦੇ ਆਗੂਆਂ ਦੀਆਂ ਹਨ, ਉਨਾਂ ਪਿੰਡਾਂ ਦੀਆਂ ਪੰਚਾਇਤਾਂ ਨਾਲ ਪੱਖ ਪਾਤ ਕਰਨ ਅਤੇ ਅਕਾਲੀ ਤੇ ਆਪ ਆਗੂ ਵਿਰੁੱਧ ਨਜ਼ਾਇਜ਼ ਮੁਕੱਦਮੇ ਦਰਜ ਹੋਣ ਕਾਰਨ ਵੀ ਲੋਕ ਨਿਰਾਸ਼ ਹਨ। ਵਿਧਾਨ ਸਭਾ ਨੇੜੇ ਆਉਂਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਗਠਜੋੜ ਤੋਂ ਇਲਾਵਾ ਆਮ ਆਦਮੀ ਪਾਰਟੀ ਆਪ ਵੱਲੋਂ ਪਾਰਟੀ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਹਨ।ਪਿੰਡਾਂ ਵਿੱਚ ਮੀਟਿੰਗ ਕਰਕੇ ਕਾਂਗਰਸ ਸਰਕਾਰ ਵੱਲੋਂ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਦੇਖਣਾ ਹੁਣ ਇਹ ਹੈ ਕਿ ਅਕਾਲੀ ਬਸਪਾ ਗਠਜੋੜ ਆਗਾਮੀ ਵਿਧਾਨ ਸਭਾ ਚੋਣਾਂ ’ਚ ਕੀ ਰੰਗ ਲਿਆਉਂਦਾ ਹੈ ?

ਇਹ ਵੀ ਪੜ੍ਹੋ : ਢੋਲ ਪ੍ਰਦਰਸ਼ਨ, ਭੀਖ ਮੰਗਣ ਤੋਂ ਬਾਅਦ ਵੋਕੇਸ਼ਨਲ ਅਧਿਆਪਕਾਂ ਨੇ ਸੀ. ਐੱਮ. ਨੂੰ ਖੂਨ ਨਾਲ ਲਿਖਿਆ ਮੰਗ-ਪੱਤਰ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ

 


Anuradha

Content Editor

Related News