ਅਕਾਲੀ-ਬਸਪਾ ਗਠਜੋੜ ਮਗਰੋਂ ਲੁਧਿਆਣਾ ''ਚ ਜਸ਼ਨ ਵਾਲਾ ਮਾਹੌਲ, ਵੰਡੇ ਗਏ ਲੱਡੂ

Saturday, Jun 12, 2021 - 03:29 PM (IST)

ਅਕਾਲੀ-ਬਸਪਾ ਗਠਜੋੜ ਮਗਰੋਂ ਲੁਧਿਆਣਾ ''ਚ ਜਸ਼ਨ ਵਾਲਾ ਮਾਹੌਲ, ਵੰਡੇ ਗਏ ਲੱਡੂ

ਲੁਧਿਆਣਾ (ਨਰਿੰਦਰ) : ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ ਤੋਂ ਬਿਗੁਲ ਵੱਜ ਚੁੱਕਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਇਸ ਦੀ ਸ਼ੁਰੂਆਤ ਬਸਪਾ ਨਾਲ ਗੱਠਜੋੜ ਕਰਕੇ ਕੀਤੀ ਹੈ ਅਤੇ ਲੁਧਿਆਣਾ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਉੱਤਰੀ ਦੇ ਪਾਇਲ ਹਲਕੇ ਤੋਂ ਬਸਪਾ ਦੇ ਉਮੀਦਵਾਰ ਚੋਣ ਲੜਨਗੇ। ਇਸ ਤੋਂ ਬਾਅਦ ਲੁਧਿਆਣਾ ਵਿੱਚ ਦੋਵਾਂ ਪਾਰਟੀਆਂ ਵੱਲੋਂ ਅੱਜ ਜਸ਼ਨ ਮਨਾਏ ਗਏ ਅਤੇ ਲੱਡੂ ਵੰਡ ਕੇ ਇੱਕ-ਦੂਜੇ ਦਾ ਮੂੰਹ ਮਿੱਠਾ ਕਰਵਾਇਆ ਗਿਆ। ਇਸ ਦੌਰਾਨ ਅਕਾਲੀ ਦਲ ਅਤੇ ਬਸਪਾ ਦੇ ਚੋਣ ਨਿਸ਼ਾਨ ਵਾਲੇ ਝੰਡੇ ਇਕੱਠਿਆਂ ਹੀ ਝੂਲਦੇ ਵਿਖਾਈ ਦਿੱਤੇ ਅਤੇ ਦੋਵਾਂ ਪਾਰਟੀਆਂ ਦੇ ਆਗੂ ਜਲੰਧਰ ਬਾਈਪਾਸ 'ਤੇ ਸਥਿਤ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਦੀ ਪ੍ਰਤਿਮਾ ਅੱਗੇ ਨਤਮਸਤਕ ਹੁੰਦੇ ਵਿਖਾਈ ਦਿੱਤੇ।

ਇਸ ਦੌਰਾਨ ਲੁਧਿਆਣਾ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਇਹ ਗਠਜੋੜ ਇਤਿਹਾਸਿਕ ਹੈ ਅਤੇ ਜਦੋਂ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੋਇਆ ਹੈ, ਉਦੋਂ ਪੰਜਾਬ ਦੇ ਵਿੱਚ ਹਾਲਾਤ ਬਦਲੇ ਹਨ। ਇਸ ਦਾ ਇਤਿਹਾਸ ਗਵਾਹ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੱਠਜੋੜ ਹੁਣ ਇਕਜੁੱਟ ਹੋ ਕੇ ਕੰਮ ਕਰੇਗਾ ਅਤੇ ਜਿਨ੍ਹਾਂ ਸੀਟਾਂ 'ਤੇ ਵੰਡ ਹੋਈ ਹੈ, ਸਿਰਫ਼ ਉਹੀ ਨਹੀਂ ਸਗੋਂ ਹਰ ਸੀਟ 'ਤੇ ਇਕੱਠੇ ਚੋਣ ਪ੍ਰਚਾਰ ਹੋਵੇਗਾ ਅਤੇ ਇਕੱਠਿਆਂ ਹੀ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਨੇ ਜੋ ਪੰਜ ਸਾਲ ਵਿਚ ਲੋਕਾਂ ਨਾਲ ਦਗ਼ਾ ਕਮਾਇਆ ਹੈ, ਉਸ ਦਾ ਮੂੰਹਤੋੜ ਜਵਾਬ ਦਿੱਤਾ ਜਾਵੇਗਾ। ਉੱਧਰ ਲੁਧਿਆਣਾ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਵੀ ਬਸਪਾ ਆਗੂਆਂ ਦਾ ਮੂੰਹ ਮਿੱਠਾ ਕਰਵਾਉਂਦੇ ਵਿਖਾਈ ਦਿੱਤੇ। ਉਨ੍ਹਾਂ ਨੇ ਕਿਹਾ ਕਿ ਇਹ ਗੱਠਜੋੜ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਹੁਣ ਜੋ ਮੁੜ ਤੋਂ ਇਹ ਗੱਠਜੋੜ ਹੋਇਆ ਹੈ, ਇਹ ਬਾਕੀ ਵਿਰੋਧੀ ਪਾਰਟੀਆਂ ਨੂੰ ਹਿਲਾ ਦੇਵੇਗਾ ਅਤੇ ਖ਼ਾਸ ਕਰਕੇ ਜੋ ਪੰਜਾਬ ਦੀ ਕਾਂਗਰਸ ਸਰਕਾਰ ਹੈ ਉਸ ਦਾ ਤਖ਼ਤਾ ਪਲਟ ਦੇਵੇਗਾ। ਉਨ੍ਹਾਂ ਕਿਹਾ ਕਿ ਭਾਈਚਾਰਕ ਸਾਂਝ ਦਾ ਪ੍ਰਤੀਕ ਵੀ ਗੱਠਜੋੜ ਹੈ, ਜਿਸ ਨਾਲ ਦਲਿਤਾਂ ਦੇ ਨਾਲ ਜੋ ਗ਼ਰੀਬ ਅਤੇ ਪਛੜੇ ਲੋਕਾਂ ਨੇ ਉਨ੍ਹਾਂ ਦੇ ਵਿਕਾਸ ਲਈ ਦੋਵੇਂ ਪਾਰਟੀਆਂ ਮਿਲ-ਜੁਲ ਕੇ ਕੰਮ ਕਰਨਗੀਆਂ।


author

Babita

Content Editor

Related News