ਭਾਜਪਾ ਹਰ ਜੋੜ-ਤੋੜ ਲਈ ਤਿਆਰ, ਅਕਾਲੀ ਦਲ ਪੂਰੀ ਰਣਨੀਤੀ ਨਾਲ ਚੁੱਕ ਰਿਹੈ ਕਦਮ

03/25/2024 9:05:25 AM

ਚੰਡੀਗੜ੍ਹ (ਅੰਕੁਰ): ਪੰਜਾਬ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਗੱਠਜੋੜ ਨੂੰ ਲੈ ਕੇ ਦੋਵੇਂ ਸਿਆਸੀ ਪਾਰਟੀਆਂ ਦੀ ਮਗਰੂਰੀ ਜਾਂ ਮਜਬੂਰੀ ਸਾਫ਼ ਹੁੰਦੀ ਜਾ ਰਹੀ ਹੈ। ਭਾਜਪਾ ਪੰਜਾਬ ’ਚ ਅਕਾਲੀ ਦਲ ਨਾਲ ਗੱਠਜੋੜ ਤੇ ਹੋਰਨਾਂ ਵੱਡੀਆਂ ਪਾਰਟੀਆਂ ਦੇ ਸਿਆਸੀ ਆਗੂਆਂ ਨੂੰ ਪਾਰਟੀ ’ਚ ਸ਼ਾਮਲ ਕਰ ਕੇ ਲੋਕਾਂ ’ਚ ਆਧਾਰ ਵਧਾਉਣ ਅਤੇ ਪ੍ਰਧਾਨ ਮੰਤਰੀ ਵਲੋਂ ਦਿੱਤੇ 400 ਪਾਰ ਦੇ ਨਾਅਰੇ ਨੂੰ ਪੂਰਾ ਕਰਨ ਲਈ ਹਰ ਜੋੜ-ਤੋੜ ਲਈ ਤਿਆਰ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਤੇ 6 ਮਹੀਨੇ ਪਹਿਲਾਂ ਹੀ ਲੋਕ ਸਭਾ ਲਈ ਆਪਣੇ ਉਮੀਦਵਾਰਾਂ ਨੂੰ ਤਿਆਰੀ ਰੱਖਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ।

ਅਕਾਲੀ ਦਲ ਨਾਲ ਗੱਠਜੋੜ ਕਰ ਕੇ ਭਾਜਪਾ ਵੱਲੋਂ ਪਹਿਲਾਂ ਪੰਜਾਬ ਦੀਆਂ ਤਿੰਨ ਲੋਕ ਸਭਾ ਸੀਟਾਂ ਗੁਰਦਾਸਪੁਰ, ਅੰਮ੍ਰਿਤਸਰ ਅਤੇ ਹੁਸ਼ਿਆਰਪੁਰ ਤੋਂ ਆਪਣੇ ਉਮੀਦਵਾਰ ਖੜ੍ਹੇ ਕੀਤੇ ਜਾਂਦੇ ਸਨ ਪਰ ਹੁਣ ਅਕਾਲੀ ਦਲ ਤੇ ਕਾਂਗਰਸ ਦੇ ਕਈ ਵੱਡੇ ਆਗੂਆਂ ਦੇ ਭਾਜਪਾ ’ਚ ਆਉਣ ਨਾਲ ਪੰਜਾਬ ਦੀ ਸਿਆਸਤ ਅਤੇ ਅਕਾਲੀ ਦਲ ਨਾਲ ਮੁੜ ਹੁੰਦੇ ਗੱਠਜੋੜ ਦਰਮਿਆਨ ਕੁਝ ਨਾ ਕੁਝ ਸੀਟਾਂ ਨੂੰ ਲੈ ਕੇ ਰੇੜਕਾ ਹੋਣਾ ਲਾਜ਼ਮੀ ਗੱਲ ਹੈ। ਇਸ ਤੋਂ ਇਲਾਵਾ ਅਕਾਲੀ ਦਲ ਦੇ ਕਈ ਆਗੂਆਂ ਦਾ ਮੰਨਣਾ ਹੈ ਕਿ ਕਿਸਾਨ ਅੰਦੋਲਨ ਤੇ ਬੰਦੀ ਸਿੱਖਾਂ ਦੀ ਰਿਹਾਈ ਦਾ ਮੁੱਦਾ ਮੁੱਖ ਹੈ। ਅਜਿਹੀ ਸਥਿਤੀ ’ਚ ਅਕਾਲੀ ਦਲ ਪੂਰੀ ਰਣਨੀਤੀ ਨਾਲ ਕਦਮ ਚੁੱਕ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਉੱਜੈਨ ਦੇ ਮਹਾਕਾਲ ਮੰਦਰ ਦੇ ਗਰਭ ਗ੍ਰਹਿ 'ਚ ਭਸਮ ਆਰਤੀ ਦੌਰਾਨ ਲੱਗੀ ਅੱਗ, ਪੁਜਾਰੀਆਂ ਸਣੇ ਕਈ ਸ਼ਰਧਾਲੂ ਝੁਲਸੇ

ਅਕਾਲੀ ਦਲ ਦੇ ਇਕ ਸੀਨੀਅਰ ਨੇਤਾ ਨੇ ਪਾਰਟੀ ਹਾਈ ਕਮਾਂਡ ਨੂੰ ਸਲਾਹ ਦਿੱਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਸੰਪਰਦਾਇਕ ਮੁੱਦਿਆਂ 'ਤੇ ਵਿਚਾਰ ਕਰ ਕੇ ਹੀ ਭਾਜਪਾ ਨਾਲ ਗੱਠਜੋੜ ਕਰਨਾ ਚਾਹੀਦਾ ਹੈ। ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਕਾਫ਼ੀ ਸਮੇਂ ਤੋਂ ਪਾਰਟੀ ਗਤੀਵਿਧੀਆਂ ਤੋਂ ਦੂਰ ਨਜ਼ਰ ਆ ਰਹੇ ਸਨ। ਪਾਰਟੀ ’ਚ ਉਨ੍ਹਾਂ ਦੇ ਵਿਚਾਰਧਾਰਕ ਮਤਭੇਦ ਵੀ ਸਾਹਮਣੇ ਆ ਗਏ ਹਨ।

ਇਯਾਲੀ ਨੇ ਹੁਣ ਫੇਸਬੁੱਕ ’ਤੇ ਵੀਡੀਓ ਸ਼ੇਅਰ ਕੀਤੀ ਹੈ। ਅਕਾਲੀ ਦਲ ਅਤੇ ਭਾਜਪਾ ਵਿਚਾਲੇ ਗੱਠਜੋੜ ਨੂੰ ਲੈ ਕੇ ਗੱਲਬਾਤ ਆਖ਼ਰੀ ਪੜਾਅ ’ਤੇ ਹੈ। ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਮਾਮਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਦਾ ਦੌਰ ਚੱਲ ਰਿਹਾ ਹੈ। ਦੋਵੇਂ ਪਾਸਿਆਂ ਤੋਂ ਇਕ-ਦੂਜੇ ਨੂੰ ਪੇਸ਼ਕਸ਼ਾਂ ਕੀਤੀਆਂ ਜਾ ਰਹੀਆਂ ਹਨ। ਹਾਲਾਂਕਿ ਸੂਤਰਾਂ ਦੀ ਮੰਨੀਏ ਤਾਂ ਸੀਟਾਂ ਦੀ ਵੰਡ ਤੇ ਪੰਜਾਬ ਨਾਲ ਜੁੜੇ ਕੁਝ ਮੁੱਦਿਆਂ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਾਲੇ ਤਕਰਾਰ ਚੱਲ ਰਹੀ ਹੈ।

ਮਾਲਵੇ ਦੇ ਕਈ ਧਾਕੜ ਆਏ ਭਾਜਪਾ ’ਚ

ਭਾਜਪਾ ਦਾ ਪੰਜਾਬ ’ਚ ਸ਼ੁਰੂ ਤੋਂ ਹੀ ਸ਼ਹਿਰੀ ਲੋਕ ਆਧਾਰ ਜਲੰਧਰ, ਲੁਧਿਆਣਾ ਅਤੇ ਅਨੰਦਪੁਰ ਸਾਹਿਬ ਸੀਟਾਂ ਤੇ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਉਂਦਾ ਰਿਹਾ ਹੈ। ਮਾਲਵੇ ਦੇ ਕਈ ਕਾਂਗਰਸੀ ਆਗੂਆਂ ਨੇ ਭਾਜਪਾ ’ਚ ਸ਼ਾਮਲ ਹੋ ਕੇ ਮਾਲਵਾ ਖਿੱਤੇ ’ਚ ਪਾਰਟੀ ਨੂੰ ਮਜ਼ਬੂਤ ਕੀਤਾ ਹੈ। ਇਨ੍ਹਾਂ ’ਚੋਂ ਪਟਿਆਲਾ ’ਚ ਕੈਪਟਨ ਪਰਿਵਾਰ, ਫ਼ਿਰੋਜ਼ਪੁਰ ਤੋਂ ਜਾਖੜ ਪਰਿਵਾਰ, ਸੰਗਰੂਰ ਤੋਂ ਅਰਵਿੰਦ ਖੰਨਾ ਤੇ ਬਠਿੰਡਾ ਤੋਂ ਮਨਪ੍ਰੀਤ ਸਿੰਘ ਬਾਦਲ ਵਰਗੇ ਕਈ ਵੱਡੇ ਆਗੂ ਸ਼ਾਮਲ ਸਨ। ਦੂਜੇ ਪਾਸੇ ਫ਼ਤਹਿਗੜ੍ਹ ਸਾਹਿਬ, ਬਠਿੰਡਾ, ਫ਼ਿਰੋਜ਼ਪੁਰ, ਲੁਧਿਆਣਾ ਅਤੇ ਫ਼ਰੀਦਕੋਟ ’ਚ ਅਕਾਲੀ ਦਲ ਵੱਲੋਂ ਹੀ ਲੜਨ ਲਈ ਦਬਾਅ ਬਣਾਇਆ ਜਾ ਰਿਹਾ ਹੈ। ਮਾਲਵੇ ’ਚ ਕਾਂਗਰਸ ਤੋਂ ਭਾਜਪਾ ’ਚ ਸ਼ਾਮਲ ਹੋਣ ਵਾਲੇ ਆਗੂਆਂ ਵੱਲੋਂ ਸੀਟਾਂ ਲਈ ਅਕਾਲੀ ਦਲ ’ਤੇ ਦਬਾਅ ਬਣਾਇਆ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਵਿਦਿਆਰਥੀਆਂ ਦੇ ਮਾਪਿਆਂ ਲਈ ਬੇਹੱਦ ਅਹਿਮ ਖ਼ਬਰ, ਨਵੇਂ ਸੈਸ਼ਨ ਤੋਂ ਪਹਿਲਾਂ ਜਾਰੀ ਹੋਏ ਨਿਰਦੇਸ਼

ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੇ ਅੰਦੋਲਨ ਤੋਂ ਬਾਅਦ ਦੋਵੇਂ ਧਿਰਾਂ ਵੱਖ ਹੋ ਗਈਆਂ ਸਨ। 2019 ਦੀਆਂ ਲੋਕ ਸਭਾ ਚੋਣਾਂ ਤੱਕ ਦੋਵੇਂ ਪਾਰਟੀਆਂ ਇਕੱਠੀਆਂ ਲੜੀਆਂ ਸਨ। ਗੱਠਜੋੜ 13 ’ਚੋਂ ਚਾਰ ਸੀਟਾਂ ਜਿੱਤਣ ’ਚ ਸਫ਼ਲ ਰਿਹਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News