ਅਕਾਲੀ-ਭਾਜਪਾ ਗੱਠਜੋੜ ’ਤੇ ਮੀਟਿੰਗਾਂ ਦਾ ਦੌਰ ਖ਼ਤਮ, ਬਸੰਤ ਪੰਚਮੀ ਨੇੜੇ ਵੱਡੀ ਰੈਲੀ ਕਰ ਕੇ ਕੀਤਾ ਜਾਵੇਗਾ ਐਲਾਨ

02/10/2024 5:50:02 AM

ਚੰਡੀਗੜ੍ਹ (ਹਰੀਸ਼ਚੰਦਰ): ਕਰੀਬ ਸਾਢੇ 3 ਸਾਲ ਤੱਕ ਵੱਖ ਰਹਿਣ ਤੋਂ ਬਾਅਦ ਇਕ ਵਾਰ ਫਿਰ ਪੰਜਾਬ ਵਿਚ ਨਹੁੰ-ਮਾਸ ਦਾ ਰਿਸ਼ਤਾ ਭਾਵ ਅਕਾਲੀ-ਭਾਜਪਾ ਗੱਠਜੋੜ ਸਿਰੇ ਚੜ੍ਹਦਾ ਨਜ਼ਰ ਆ ਰਿਹਾ ਹੈ। ਦਿੱਲੀ ਵਿਚ ਦੋਵ ਾਂ ਪਾਰਟੀਆਂ ਦੀ ਮੀਟਿੰਗਾਂ ਦਾ ਦੌਰ ਚੱਲਣ ਤੋਂ ਬਾਅਦ ਅੱਜ ਇਹ ਪ੍ਰਦੇਸ਼ ਸੰਘ ਨੇਤਾਵਾਂ ਦੀ ਬੈਠਕ ਤੋਂ ਬਾਅਦ ਪ੍ਰਦੇਸ਼ ਭਾਜਪਾ ਨੇਤਾਵਾਂ ਦੀ ਵੀ ਮੀਟਿੰਗ ਹੋਈ।

ਇਹ ਖ਼ਬਰ ਵੀ ਪੜ੍ਹੋ - ਕਾਂਗਰਸ ਨਾਲ ਗਠਜੋੜ ਦੇ ਚਰਚਿਆਂ ਵਿਚਾਲੇ 'ਆਪ' ਨੇ ਸ਼ੁਰੂ ਕੀਤਾ ਉਮੀਦਵਾਰਾਂ 'ਤੇ ਮੰਥਨ, ਸ਼ਾਰਟਲਿਸਟ ਕੀਤੇ ਨਾਂ

ਸੈਕਟਰ-29 ਸਥਿਤ ਸੇਵਾ ਧਾਮ ਵਿਖੇ ਦੁਪਹਿਰ 12:30 ਤੋਂ ਸ਼ਾਮ 6 ਵਜੇ ਤੱਕ ਚੱਲੀ ਇਸ ਮੈਰਾਥਨ ਮੀਟਿੰਗ ਦੀ ਪ੍ਰਧਾਨਗੀ ਭਾਜਪਾ ਦੇ ਰਾਸ਼ਟਰੀ ਸੰਗਠਨ ਮੰਤਰੀ ਬੀ. ਐੱਲ. ਸੰਤੋਸ਼ ਨੇ ਕੀਤੀ। ਉਹ ਅਕਾਲੀ ਦਲ ਨਾਲ ਸੰਭਾਵੀਂ ਗੱਠਜੋੜ ਬਾਰੇ ਪੰਜਾਬ ਦੇ ਯੂਨੀਅਨ ਆਗੂਆਂ ਤੋਂ ਫੀਡਬੈਕ ਲੈਣ ਆਏ ਸਨ। ਮੀਟਿੰਗ ਵਿਚ ਪ੍ਰਦੇਸ਼ ਭਾਜਪਾ ਇੰਚਾਰਜ ਵਿਜੈ ਰੂਪਾਨੀ, ਸਹਿ-ਇੰਚਾਰਜ ਡਾ. ਨਰਿੰਦਰ ਰੈਨਾ, ਭਾਜਪਾ ਦੇ ਰਾਸ਼ਟਰੀ ਦਫ਼ਤਰ ਇੰਚਾਰਜ ਅਤੇ ਸੰਸਦ ਮੈਂਬਰ ਅਰੁਣ ਸਿੰਘ ਅਤੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਵੀ ਹਾਜ਼ਰ ਸਨ।

ਅਕਾਲੀ-ਭਾਜਪਾ ਗੱਠਜੋੜ 23 ਸਾਲਾਂ ਤੋਂ ਵੱਧ ਚੱਲਿਆ ਸੀ ਅਤੇ ਪੰਜਾਬ ਵਿਚ ਤਿੰਨ ਵਾਰ ਸੱਤਾ ਵਿਚ ਰਹਿਣ ਦੇ ਬਾਵਜੂਦ 26 ਸਤੰਬਰ, 2020 ਨੂੰ ਅਕਾਲੀ ਦਲ ਦੇ ਮੁਖੀ ਸੁਖਬੀਰ ਸਿੰਘ ਬਾਦਲ ਨੇ ਐੱਨ. ਡੀ. ਏ. ਤੋਂ ਬਾਹਰ ਨਿਕਲਣ ਦਾ ਐਲਾਨ ਕੀਤਾ ਸੀ। ਹਾਲਾਂਕਿ ਇਸ ਤੋਂ ਪਹਿਲਾਂ ਬਠਿੰਡਾ ਤੋਂ ਅਕਾਲੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਉਦੋਂ ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਪੈਦਾ ਹੋਏ ਉਥਲ-ਪੁਥਲ ਕਾਰਨ ਅਕਾਲੀ ਦਲ ਨੇ ਭਾਜਪਾ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਸੀ। ਹੁਣ ਦੋਵਾਂ ਪਾਰਟੀਆਂ ਵਿਚਾਲੇ ਗੱਲਬਾਤ ਲਗਭਗ ਅੰਤਿਮ ਪੜਾਅ ’ਤੇ ਪਹੁੰਚ ਚੁੱਕੀ ਹੈ ਅਤੇ ਬਸੰਤ ਪੰਚਮੀ ਦੇ ਆਸ-ਪਾਸ ਗੱਠਜੋੜ ’ਤੇ ਰਸਮੀ ਮੋਹਰ ਲੱਗ ਜਾਵੇਗੀ। ਦੋਵੇਂ ਪਾਰਟੀਆਂ ਸਾਂਝੀ ਰੈਲੀ ਕਰ ਕੇ ਗੱਠਜੋੜ ਦਾ ਐਲਾਨ ਕਰ ਸਕਦੀਆਂ ਹਨ। ਸੂਤਰਾਂ ਦੀ ਮੰਨੀਏ ਤਾਂ ਅਕਾਲੀ ਦਲ ਪਟਿਆਲਾ ਸੀਟ ਦੇ ਨਾਲ-ਨਾਲ ਭਾਜਪਾ ਦੇ ਕੋਟੇ ਦੀਆਂ 3 ਸੀਟਾਂ ਅੰਮ੍ਰਿਤਸਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਨੂੰ ਛੱਡਣ ਲਈ ਤਿਆਰ ਹੈ, ਪਰ ਭਾਜਪਾ ਲੁਧਿਆਣਾ ਅਤੇ ਜਲੰਧਰ ਤੋਂ ਵੀ 1 ਹੋਰ ਸੀਟ ਦੀ ਮੰਗ ਕਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - Breaking: ਬਰਗਾੜੀ ਬੇਅਦਬੀ ਮਾਮਲੇ ਨਾਲ ਜੁੜੀ ਵੱਡੀ ਖ਼ਬਰ: ਭਗੌੜਾ ਪ੍ਰਦੀਪ ਕਲੇਰ ਅਯੁੱਧਿਆ ਤੋਂ ਗ੍ਰਿਫ਼ਤਾਰ

ਅਮਿਤ ਸ਼ਾਹ ਅਤੇ ਨੱਡਾ ਨਾਲ ਮੁਲਾਕਾਤ ਕਰ ਕੇ ਆਏ ਅਕਾਲੀ

ਸੂਤਰਾਂ ਅਨੁਸਾਰ ਅਕਾਲੀ ਦਲ ਦੇ ਕੁਝ ਵੱਡੇ ਨੇਤਾ ਦਿੱਲੀ ਵਿਚ ਪਿਛਲੇ ਦਿਨੀਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨਾਲ ਮੁਲਾਕਾਤ ਕਰ ਚੁੱਕੇ ਹਨ। ਇਕ ਸੀਨੀਅਰ ਅਕਾਲੀ ਨੇਤਾ ਨੇ ਦੱਸਿਆ ਕਿ 3 ਸੀਨੀਅਰ ਪਾਰਟੀ ਨੇਤਾਵਾਂ ਨੇ ਭਾਜਪਾ ਦੇ ਦੋਵਾਂ ਸੀਨੀਅਰ ਨੇਤਾਵਾਂ ਨਾਲ ਮੁਲਾਕਾਤ ਕੀਤੀ ਸੀ। ਇਸ ਵਿਚ 1 ਲੋਕ ਸਭਾ ਅਤੇ 1 ਰਾਜ ਸਭਾ ਦਾ ਸਾਬਕਾ ਸੰਸਦ ਮੈਂਬਰ ਵੀ ਸ਼ਾਮਲ ਸੀ। ਸੁਖਬੀਰ ਸਿੰਘ ਬਾਦਲ ਦੀ ਉਕਤ ਮੀਟਿੰਗ ਵਿਚ ਮੌਜੂਦਗੀ ਬਾਰੇ ਸਵਾਲ ’ਤੇ ਉਕਤ ਨੇਤਾ ਦਾ ਕਹਿਣਾ ਸੀ ਕਿ ‘ਨਾਂ ਕਿਉਂ ਦੇਣੇ ਜੀ, ਬਸ ਗੱਲਬਾਤ ਸਿਰੇ ਚੜ੍ਹਨ ਵਾਲੀ ਹੈ। ਜਦੋਂ ਅਨਾਊਂਸ ਹੋਜੇ, ਉਦੋਂ ਲਿਖ ਲੈਣਾ ਸਭ ਕੁਝ।’

ਜਾਖੜ ਵੀ ਸਿਖਰਲੀ ਲੀਡਰਸ਼ਿਪ ਨਾਲ ਗੱਲ ਕਰਨ ਲਈ ਦਿੱਲੀ ’ਚ ਰਹੇ

ਸੂਤਰਾਂ ਅਨੁਸਾਰ ਸੋਮਵਾਰ ਨੂੰ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਵੀ ਦਿੱਲੀ ਪਹੁੰਚ ਗਏ ਸਨ। ਹਾਲਾਂਕਿ ਉਨ੍ਹਾਂ ਦਾ ਉੱਥੇ 2 ਦਿਨ ਰਹਿਣ ਦਾ ਪ੍ਰੋਗਰਾਮ ਸੀ ਪਰ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਦੀ ਅਗਵਾਈ ਨੇ ਉਨ੍ਹਾਂ ਨੂੰ 2 ਦਿਨ ਹੋਰ ਰੁਕਣ ਲਈ ਕਿਹਾ ਸੀ। ਅਕਾਲੀ ਦਲ ਵਲੋਂ ਗਠਜੋੜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤੇ ਜਾਣ ਤੋਂ ਬਾਅਦ ਲੀਡਰਸ਼ਿਪ ਅਗਵਾਈ ਨੇ ਜਾਖੜ ਨਾਲ ਇਸ ਮੁੱਦੇ ’ਤੇ ਗੱਲਬਾਤ ਕੀਤੀ ਸੀ। ਇਸ ਕਾਰਣ ਸ਼ਾਮ 7 ਵਜੇ ਚੰਡੀਗੜ੍ਹ ਪਰਤਣ ਵਾਲੇ ਪ੍ਰਦੇਸ਼ ਭਾਜਪਾ ਪ੍ਰਧਾਨ ਨੇ ਆਪਣੀ ਫਲਾਈਟ ਦੀ ਟਿਕਟ ਕੈਂਸਲ ਕਰਵਾ ਕੇ 8 ਫਰਵਰੀ ਨੂੰ ਵਾਪਿਸ ਪਰਤ ਆਏ ਸਨ ਅਤੇ ਸੂਬਾ ਸੈੱਲ ਦੀ ਮੀਟਿੰਗ ਵਿਚ ਵੀ ਹਾਜ਼ਰ ਨਹੀਂ ਰਹੇ ਸਨ।

ਇਹ ਖ਼ਬਰ ਵੀ ਪੜ੍ਹੋ - "ਪੰਜਾਬ ’ਚ ਭਾਜਪਾ ਨਾਲ ਗੱਠਜੋੜ ਦਾ ਅਜੇ ਸਵਾਲ ਹੀ ਨਹੀਂ", ਅਕਾਲੀ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਬਿਆਨ

ਟੌਹੜਾ ਨੂੰ ਨਜ਼ਰਅੰਦਾਜ਼ ਕਰ ਕੇ ਬਾਦਲ ਨੇ ਕੀਤਾ ਸੀ ਭਾਜਪਾ ਨਾਲ ਗੱਠਜੋੜ

ਵਰਨਣਯੋਗ ਹੈ ਕਿ ਅਕਾਲੀ ਦਲ ਐੱਨ. ਡੀ.ਏ. ਭਾਜਪਾ ਨਾਲ ਸਭ ਤੋਂ ਲੰਬੇ ਸਮੇਂ ਤੱਕ ਸਹਿਯੋਗੀ ਰਿਹਾ। ਇਹ ਗਠਜੋੜ 1996 ਵਿਚ ਹੋਂਦ ਵਿਚ ਆਇਆ ਸੀ ਜਦੋਂ ਅਕਾਲੀ ਦਲ ਨੇ ਕਰੀਬ 6 ਮਹੀਨੇ ਪਹਿਲਾਂ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਕਰ ਕੇ ਲੋਕ ਸਭਾ ਚੋਣਾਂ ਲੜੀਆਂ ਸਨ। ਫਿਰ ਅਕਾਲੀ ਦਲ ਨੇ ਫਿਰਕੂ ਸਿਆਸਤ ਤੋਂ ਦੂਰ ਰਹਿ ਕੇ ਕੁਝ ਨਰਮ ਰੁਖ਼ ਅਪਣਾਉਂਦੇ ਹੋਏ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਅਰਾ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News