ਅਕਾਲੀ-ਭਾਜਪਾ ਗਠਜੋੜ ਤੋੜਨ ''ਚ ਹਰਸਿਮਰਤ ਨਿਭਾਵੇਗੀ ਭੂਮਿਕਾ : ਬ੍ਰਹਮਪੁਰਾ

02/01/2019 11:53:47 PM

ਚੰਡੀਗੜ੍ਹ,(ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਨੇ ਦਿੱਤਾ ਪੰਜਾਬ ਦੇ ਲੋਕਾਂ ਨੂੰ ਧੋਖਾ ਤੇ ਹੁਣ ਇਹ ਜਿੰਨੀ ਮਰਜ਼ੀ ਕਿੱਕਲੀ ਪਾ ਲੈਣ ਜਾਂ ਫਿਰ ਢੋਲ ਵਜਾ ਲੈਣ ਇਸ ਦਾ ਕੋਈ ਫਾਇਦਾ ਨਹੀਂ। ਪੰਜਾਬ ਦੇ ਲੋਕ ਸਭ ਜਾਣਦੇ ਹਨ ਤੇ ਹੁਣ ਇਹ ਅਕਾਲੀਆਂ ਤੇ ਭਾਜਪਾਈਆਂ ਦੀ ਸਾਂਝ ਜਲਦੀ ਖ਼ਤਮ ਹੋ ਜਾਵੇਗੀ ਕਿਉਂਕਿ ਕੇਂਦਰ ਦੀ ਮੋਦੀ ਸਰਕਾਰ ਵੀ ਬਾਦਲਾਂ ਦੇ ਡਿਗੇ ਗ੍ਰਾਫ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੈ, ਅਜਿਹੇ ਹਾਲਾਤਾਂ 'ਚ ਕਿਹੜੀ ਪਾਰਟੀ ਕਿਵੇਂ ਨਹੁੰ-ਮਾਸ ਦਾ ਰਿਸ਼ਤਾ ਨਿਭਾਵੇਗੀ।
ਇਥੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਬਾਦਲ ਪਰਿਵਾਰ 'ਤੇ ਹਮਲਾ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦਾ ਗੱਠਜੋੜ ਆਗਾਮੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਟੁੱਟ ਜਾਵੇਗਾ ਕਿਉਂਕਿ ਮੌਜੂਦਾ ਸਮੇਂ 'ਚ ਬਾਦਲਾਂ ਦੇ ਦਸ ਸਾਲਾਂ ਦੇ ਕਾਰਜਕਾਲ ਦੌਰਾਨ ਹੋਏ ਮੰਦਭਾਗੇ ਕੰਮਾਂ ਤੋਂ ਪੂਰੀ ਦੁਨੀਆ ਚੰਗੀ ਤਰ੍ਹਾਂ ਨਾਲ ਜਾਣੂ ਹੈ। ਉਨ੍ਹਾਂ ਕਿਹਾ ਕਿ ਜੋ ਬਾਦਲ ਪਰਿਵਾਰ ਨੇ ਸੂਬੇ ਦੇ ਲੋਕਾਂ ਤੇ ਸਿੱਖ ਕੌਮ ਨਾਲ ਧੋਖਾ ਕੀਤਾ ਹੈ। ਉਸ ਲਈ ਪੂਰੇ ਦੇਸ਼ ਤੇ ਵਿਦੇਸ਼ਾਂ 'ਚ ਬਾਦਲ ਪਰਿਵਾਰ ਖ਼ਿਲਾਫ਼ ਤਿੱਖੀ ਅਲੋਚਨਾ ਹੋ ਰਹੀ ਹੈ। ਬ੍ਰਹਮਪੁਰਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ 'ਚ ਸਿਰਫ਼ ਬਾਦਲ ਪਰਿਵਾਰ ਇਕੱਲਾ ਹੀ ਰਹਿ ਜਾਵੇਗਾ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਬਾਦਲ ਪਰਿਵਾਰ ਨੂੰ ਪੰਜਾਬ ਦੇ ਲੋਕਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ ਅਤੇ ਹੁਣ ਬਾਦਲ ਪਰਿਵਾਰ ਸਿੱਖਾਂ ਦੀ ਹਮਦਰਦੀ ਵਟੋਰਨ ਲਈ ਧਾਰਮਿਕ ਮੁਦਿਆਂ 'ਤੇ ਸਿਆਸੀ ਰੋਟੀਆਂ ਸੇਕ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ 'ਚ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਤੋੜਨ 'ਚ ਅਹਿਮ ਭੂਮਿਕਾ ਨਿਭਾਵੇਗੀ ਕਿਉਕਿ ਜੋ ਧਾਰਮਿਕ ਮੁੱਦਿਆਂ 'ਤੇ ਫਿਰ ਤੋਂ ਸਿੱਖਾਂ ਦੀਆਂ ਭਾਵਨਾਵਾਂ ਵਟੋਰਨ ਲਈ  ਹੁਣ ਕੇਂਦਰ ਸਰਕਾਰ 'ਚੋਂ ਅਸਤੀਫ਼ਾ ਦੇਵੇਗੀ। ਹੁਣ ਭਾਵੇਂ ਬਾਦਲ ਪਰਿਵਾਰ ਜਿੰਨਾਂ ਮਰਜ਼ੀ ਪਖੰਡ ਕਰ ਲਵੇ ਪਰ ਲੋਕ ਇਨ੍ਹਾਂ ਦੇ ਪਖੰਡਵਾਦ 'ਚ ਨਹੀਂ ਆਉਣਗੇ।


Related News