ਅਜਨਾਲਾ : ਮਾਮੂਲੀ ਤਕਰਾਰ ਪਿੱਛੋਂ ਕਾਂਗਰਸੀ ਸਰਪੰਚ ਨੂੰ ਗੋਲੀਆਂ ਨਾਲ ਭੁੰਨ੍ਹਿਆ
Sunday, Jul 14, 2019 - 09:20 AM (IST)

ਅਜਨਾਲਾ (ਬਾਠ) : ਬੀਤੀ ਰਾਤ ਅਜਨਾਲਾ ਦੇ ਬਾਹਰੀ ਪਿੰਡ ਨੰਗਲ ਵੰਝਾਂਵਾਲਾ ਦੇ ਕਾਂਗਰਸੀ ਸਰਪੰਚ ਸੁਖਵਿੰਦਰ ਸਿੰਘ ਪੁੱਤਰ ਰਘਬੀਰ ਸਿੰਘ ਅਤੇ ਬਲਵਿੰਦਰ ਸਿੰਘ ਪੁੱਤਰ ਭਗਵੰਤ ਸਿੰਘ (ਦੋਵੇਂ) ਵਾਸੀ ਨੰਗਲ ਵੰਝਾਂਵਾਲਾ ਵਿਚਕਾਰ ਬਿਜਲੀ ਸਪਲਾਈ ਦੀ ਤਾਰ ਲਾਉਣ ਨੂੰ ਲੈ ਕੇ ਹੋਈ ਤਕਰਾਰ ਪਿੱਛੋਂ ਹਾਲਾਤ ਉਸ ਵੇਲੇ ਖੂਨੀ ਰੂਪ ਧਾਰਨ ਕਰ ਗਏ ਜਦੋਂ ਬਲਵਿੰਦਰ ਸਿੰਘ ਨੇ ਆਪਣੀ ਲਾਇਸੈਂਸੀ ਰਾਈਫਲ ਨਾਲ 3-4 ਫਾਇਰ ਸਰਪੰਚ ਸੁਖਵਿੰਦਰ ਸਿੰਘ ’ਤੇ ਦਾਗ ਦਿੱਤੇ, ਜਿਸ ਦੌਰਾਨ ਫਾਇਰ ਸਰਪੰਚ ਦੇ ਢਿੱਡ ’ਚ ਲੱਗੇ ਅਤੇ ਨਾਲ ਖਡ਼੍ਹੇ ਪਾਲ ਸਿੰਘ ਪੁੱਤਰ ਬਲਬੀਰ ਸਿੰਘ ਵਾਸੀ ਨੰਗਲ ਵੰਝਾਂਵਾਲਾ ਦੇ ਛਰੇ ਲੱਗੇ, ਜਿਸ ਨਾਲ ਦੋਵੇਂ ਜ਼ਖਮੀ ਹੋ ਕੇ ਜ਼ਮੀਨ ’ਤੇ ਡਿੱਗ ਪਏ, ਜਿਨ੍ਹਾਂ ਨੂੰ ਆਈ. ਵੀ. ਵਾਈ. ਹਸਪਤਾਲ (ਅੰਮ੍ਰਿਤਸਰ) ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਸਰਪੰਚ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਦੱਸੀ ਜਾ ਰਹੀ ਹੈ।
ਇਸ ਸਬੰਧੀ ਮਾਮਲੇ ਦੀ ਮੁੱਢਲੀ ਜਾਂਚ ਉਪਰੰਤ ਡੀ. ਐੱਸ. ਪੀ. ਅਜਨਾਲਾ ਨੇ ਦੱਸਿਆ ਕਿ ਮ੍ਰਿਤਕ ਦੇ ਪੁੱਤਰ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਅਾਧਾਰ ’ਤੇ ਥਾਣਾ ਅਜਨਾਲਾ ਦੀ ਪੁਲਸ ਨੇ ਬਲਵਿੰਦਰ ਸਿੰਘ ਪੁੱਤਰ ਬਲਵੰਤ ਸਿੰਘ, ਮੱਖਣ ਸਿੰਘ ਪੁੱਤਰ ਲਸ਼ਮਣ ਸਿੰਘ, ਗੁਰਦੇਵ ਸਿੰਘ ਪੁੱਤਰ ਮੱਖਣ ਸਿੰਘ, ਲਾਭ ਸਿੰਘ ਪੱੁਤਰ ਕੁਲਬੀਰ ਸਿੰਘ, ਗੁਰਦੇਵ ਸਿੰਘ ਪੁੱਤਰ ਪਲਵਿੰਦਰ ਸਿੰਘ (ਸਾਰੇ) ਵਾਸੀ ਨੰਗਲ ਵੰਝਾਂਵਾਲਾ ਵਿਰੁੱਧ ਪਰਚਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।