ਅਜਨਾਲਾ ਪਿਉ-ਪੁੱਤ ਤੋਂ ਬਗੈਰ ਪਹਿਲੀ ਵਾਰ ਸੁਖਬੀਰ ਬਾਦਲ ਹੋਣਗੇ ਵਰਕਰਾਂ ਦੇ ਰੂਬਰੂ

01/19/2019 11:51:59 AM

ਗੁਰੂ ਕਾ ਬਾਗ (ਭੱਟੀ) : ਸ਼੍ਰੋਮਣੀ ਅਕਾਲੀ ਦਲ ਦੀਆਂ ਜੜ੍ਹਾਂ ਲਾਉਣ ਵਾਲੇ ਵਿਧਾਨ ਸਭਾ ਹਲਕਾ ਅਜਨਾਲਾ ਅੰਦਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਹਲਕੇ ਦੇ ਅਕਾਲੀ ਵਰਕਰਾਂ ਨਾਲ 21 ਜਨਵਰੀ ਨੂੰ ਅੰਮ੍ਰਿਤਸਰ ਰੋਡ 'ਤੇ ਸਥਿਤ ਜੀ. ਆਰ. ਫਾਰਮ ਦਾਲਮ ਵਿਖੇ ਮੀਟਿੰਗ ਕਰਨਗੇ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਅਜਨਾਲਾ ਤੋਂ 6 ਵਾਰ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਜਿੱਤ ਹਾਸਲ ਕਰ ਚੁੱਕੇ ਡਾ. ਰਤਨ ਸਿੰਘ ਅਜਨਾਲਾ ਅਤੇ ਉਨ੍ਹਾਂ ਦੇ ਸਪੁੱਤਰ ਬੋਨੀ ਅਮਰਪਾਲ ਸਿੰਘ ਅਜਨਾਲਾ ਵਲੋਂ ਪਾਰਟੀ ਨਾਲ ਬਗਾਵਤ ਕਰਕੇ ਵੱਖਰੇ ਤੌਰ 'ਤੇ ਬਣਾਈ ਗਈ ਪਾਰਟੀ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) 'ਚ ਸ਼ਾਮਲ ਹੋਣ ਮਗਰੋਂ ਅਤੇ ਹਲਕੇ ਦੇ ਬਦਲੇ ਸਿਆਸੀ ਸਮੀਕਰਨਾਂ ਵਿਚਕਾਰ ਦੋਵਾਂ ਪਿਉ-ਪੁੱਤ ਤੋਂ ਬਗੈਰ ਪਾਰਟੀ ਪ੍ਰਧਾਨ ਵਰਕਰਾਂ ਦੇ ਰੂਬਰੂ ਹੋਣ ਜਾ ਰਹੇ ਹਨ। ਜਿਸ ਦੀਆਂ ਤਿਆਰੀਆਂ ਸਬੰਧੀ ਹਲਕੇ ਦੇ ਕਈ ਸੀਨੀਅਰ ਆਗੂ ਪੱਬਾਂ ਭਾਰ ਹੋਏ ਪਏ ਹਨ। ਪਾਰਟੀ ਵਲੋ ਹਲਕੇ ਦੇ ਇੰਚਾਰਜ ਥਾਪੇ ਗਏ ਗੁਰੂ ਕਾ ਬਾਗ ਤੋ ਸ਼੍ਰੋਮਣੀ ਕਮੇਟੀ ਮੈਂਬਰ ਜੋਧ ਸਿੰਘ ਸਮਰਾ ਆਪਣੇ ਸਾਥੀਆਂ ਐਗਜੈਕਟਿਵ ਕਮੇਟੀ ਮੈਂਬਰ ਮਾ. ਅਮਰੀਕ ਸਿੰਘ ਵਿਛੋਆ, ਜਥੇ. ਕੁਲਦੀਪ ਸਿੰਘ ਤੇੜਾ, ਸਰਕਲ ਪ੍ਰਧਾਨ ਸਵਿੰਦਰ ਸਿੰਘ ਸੈਸਰਾ, ਸੀਨੀਅਰ ਅਕਾਲੀ ਆਗੂ  ਮੁਖਤਾਰ ਸਿੰਘ ਸੂਫੀਆਂ ਆਦਿ ਨੂੰ ਨਾਲ ਲੈ ਕੇ ਲਗਾਤਾਰ ਵੱਖ-ਵੰਖ ਪਿੰਡਾਂ ਵਿੱਚ ਵਰਕਰਾਂ ਨੂੰ ਮਿਲ ਕੇ ਉਹਨਾਂ ਨੂੰ ਇਸ ਪ੍ਰੋਗਰਾਮ ਸਬੰਧੀ ਲਾਮਬੰਦ ਕੀਤਾ ਜਾ ਰਿਹਾ ਹੈ।


Baljeet Kaur

Content Editor

Related News