ਏਅਰਸ਼ੋਅ ''ਚ ਆਸਮਾਨ ''ਤੇ ਜਹਾਜ਼ਾਂ ਨੇ ਦਿਖਾਇਆ ਦਮ : ਚਿਨੂਕ, ਬਾਦਲ, ਨੇਤਰ ਤੇਜਸ, ਜੰਬੋ ਤੇ ਪ੍ਰਚੰਡ ਗਰਜੇ

Sunday, Oct 09, 2022 - 03:45 PM (IST)

ਏਅਰਸ਼ੋਅ ''ਚ ਆਸਮਾਨ ''ਤੇ ਜਹਾਜ਼ਾਂ ਨੇ ਦਿਖਾਇਆ ਦਮ : ਚਿਨੂਕ, ਬਾਦਲ, ਨੇਤਰ ਤੇਜਸ, ਜੰਬੋ ਤੇ ਪ੍ਰਚੰਡ ਗਰਜੇ

ਚੰਡੀਗੜ੍ਹ (ਰਾਜਿੰਦਰ/ਲਲਨ) : ਭਾਰਤੀ ਹਵਾਈ ਫ਼ੌਜ ਦੇ 90 ਸਾਲ ਪੂਰੇ ਹੋਣ ’ਤੇ ਸੁਖ਼ਨਾ ਝੀਲ ਵਿਖੇ ਏਅਰਸ਼ੋਅ ਕਰਵਾਇਆ ਗਿਆ, ਜਿਸ 'ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦੋਂਕਿ ਰੱਖਿਆ ਮੰਤਰੀ ਰਾਜਨਾਥ ਸਿੰਘ, ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ, ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਅਤੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਵੀ ਮੌਜੂਦ ਸਨ। ਏਅਰ ਚੀਫ਼ ਮਾਰਸ਼ਲ ਵੀ. ਆਰ. ਚੌਧਰੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦਾ ਸੁਆਗਤ ਕੀਤਾ। ਸ਼ੋਅ ਦੌਰਾਨ ਰਾਫੇਲ, ਚਿਨੂਕ, ਸੁਖੋਈ ਅਤੇ ਤੇਜਸ ਜਹਾਜ਼ਾਂ ਨੇ ਆਸਮਾਨ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

PunjabKesari

ਸ਼ੋਅ 'ਚ 80 ਲੜਾਕੂ ਜਹਾਜ਼ਾਂ ਨੇ ਹਿੱਸਾ ਲਿਆ। ਇਹ ਸਾਰੇ ਭਾਰਤ 'ਚ ਬਣੇ ਹਨ। ਭਾਰਤੀ ਹਵਾਈ ਫ਼ੌਜ ਦੇ ਅਨਮੈਨਡ ਕਾਂਬੈਂਟ ਏਰੀਅਲ ਵ੍ਹੀਕਲ (ਯੂ. ਸੀ. ਏ. ਵੀ.) ਘਟਕ, ਚਿਨੂਕ, ਬਾਦਲ, ਨੇਤਰ ਤੇਜਸ, ਜੰਬੋ, ਪ੍ਰਚੰਡ, ਬਿਗ ਬੁਆਏ ਆਦਿ ਨੇ ਸ਼ੋਅ 'ਚ ਉਡਾਣ ਭਰੀ। ਹਵਾਈ ਫ਼ੌਜ ਦੇ ਮਿਗ-21, ਮਿਗ -29 ਸਮੇਤ ਵਿੰਟੇਜ ਜਹਾਜ਼ਾਂ ਨੇ ਵੀ ਇਸ ਦੌਰਾਨ ਉਡਾਣ ਭਰੀ ਅਤੇ ਆਸਮਾਨ 'ਚ ਸ਼ਾਨਦਾਰ ਕਾਰਨਾਮੇ ਦਿਖਾਏ। ਹਵਾਈ ਫ਼ੌਜ ਦੇ ਸਿਖਲਾਈ ਪ੍ਰਾਪਤ ਪੈਰਾਸ਼ੂਟ ਜੰਪਰ ਸ਼ੋਅ ਦੌਰਾਨ ਗੋਲਫ਼ ਕਲੱਬ 'ਚ ਉਤਰੇ। ਵਿੰਗ ਕਮਾਂਡਰ ਅਜੈ ਕੁਮਾਰ ਯਾਦਵ ਦੀ ਅਗਵਾਈ 'ਚ 10 ਜਵਾਨਾਂ ਦੀ ਟੀਮ ਨੇ ਹਵਾਈ ਫ਼ੌਜ ਦਾ ਝੰਡਾ ਅਤੇ ਰਾਸ਼ਟਰੀ ਝੰਡਾ ਬਣਾ ਕੇ ਸਕਾਈ ਡਾਈਵਿੰਗ ਕੀਤੀ। ਸਕਾਈ-ਡਾਈਵਿੰਗ ਕਰਦਿਆਂ ਜਵਾਨ ਸੁਖ਼ਨਾ ਝੀਲ ’ਤੇ ਬੈਠੇ ਲੋਕਾਂ ਦੇ ਉਪਰੋਂ ਲੰਘੇ, ਜਿਸ ਨੂੰ ਦੇਖ ਕੇ ਲੋਕ ਦੰਗ ਰਹਿ ਗਏ। ਇਨ੍ਹਾਂ ਵਿਚੋਂ ਇਕ ਜਵਾਨ ਨੂੰ 100 ਤੋਂ ਵੱਧ ਵਾਰ ਸਕਾਈਡਾਈਵ ਦਾ ਤਜ਼ਰਬਾ ਸੀ। ਇਸ ਤੋਂ ਇਲਾਵਾ ਮਿਗ ਕਿਵੇਂ ਅੱਗ ਬੁਝਾਉਣ ਲਈ ਪਾਣੀ ਨੂੰ ਸ਼ਿਫ਼ਟ ਕਰਦਾ ਹੈ, ਇਹ ਵੀ ਸ਼ੋਅ ਦੌਰਾਨ ਦਿਖਾਇਆ ਗਿਆ। ਜਹਾਜ਼ ਇਕ ਵਾਰ 'ਚ 3,500 ਲੀਟਰ ਪਾਣੀ ਨਾਲ ਉਡਾਣ ਭਰਦਾ ਹੈ ਅਤੇ ਉਸ ਥਾਂ ’ਤੇ ਸੁੱਟ ਜਾਂਦਾ ਹੈ ਜਿੱਥੇ ਅੱਗ ਲੱਗੀ ਹੋਵੇ। ਇਸ ਤੋਂ ਇਲਾਵਾ ਦੁਸ਼ਮਣ ਦੇ ਇਲਾਕਿਆਂ 'ਚ ਰਾਡਾਰ ਤੋਂ ਬਚਦੇ ਹੋਏ ਜਵਾਨਾਂ ਅਤੇ ਸਮਾਨ ਨੂੰ ਪਹੁੰਚਾਉਣ ਲਈ ਕਿਵੇਂ ਜਹਾਜ਼ਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਹ ਸੁਖ਼ਨਾ ਝੀਲ 'ਚ ਕਿਸ਼ਤੀ ਉਤਾਰ ਕੇ ਦਿਖਾਇਆ ਗਿਆ, ਜਿਸ ਤੋਂ ਬਾਅਦ ਜਵਾਨ ਕਿਸ਼ਤੀ 'ਚ ਸਵਾਰ ਹੋ ਕੇ ਆਪਣਾ ਆਪਰੇਸ਼ਨ ਕਰਦੇ ਹਨ। ਇਸ ਸਾਰੀ ਪ੍ਰਕਿਰਿਆ ਨੂੰ ‘ਹੈਲੋ ਕਾਸਟਿੰਗ’ ਕਿਹਾ ਜਾਂਦਾ ਹੈ।

PunjabKesari

‘ਸੂਰਯਾ ਕਿਰਨ’ ਟੀਮ ਦੇ ਸ਼ੋਅ ਨੂੰ ਲੋਕਾਂ ਨੇ ਕੈਮਰਿਆਂ ’ਚ ਕੀਤਾ ਕੈਦ
ਇਸ ਸ਼ੋਅ 'ਚ ‘ਸੂਰਯਾ ਕਿਰਨ’ ਟੀਮ ਦਾ ਸ਼ੋਅ ਮੁੱਖ ਆਕਰਸ਼ਣ ਰਿਹਾ। ਹਾਕ ਜਹਾਜ਼ਾਂ ਨੂੰ ਉਡਾਉਂਦੇ ਹੋਏ ‘ਸੂਰਯਾ ਕਿਰਨ’ ਟੀਮ ਨੇ ਕਈ ਕਾਰਨਾਮੇ ਕੀਤੇ, ਜਿਨ੍ਹਾਂ ਨੂੰ ਲੋਕ ਆਪਣੇ ਮੋਬਾਇਲ ਫ਼ੋਨਾਂ ਦੇ ਕੈਮਰਿਆਂ 'ਚ ਕੈਦ ਕਰਦੇ ਰਹੇ। ਇਸ ਦੌਰਾਨ ਜਿਵੇਂ ਹੀ ਜਹਾਜ਼ ਇਕ-ਦੂਜੇ ਤੋਂ ਥੋੜ੍ਹੀ ਦੂਰੀ ’ਤੇ ਬਾਹਰ ਨਿਕਲੇ ਤਾਂ ਦ੍ਰਿਸ਼ ਦੇਖਦੇ ਹੀ ਬਣਦਾ ਸੀ। ਇਸ 'ਚ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਲੜਾਕੂ ਜਹਾਜ਼ ਘੱਟ ਉਚਾਈ ’ਤੇ ਇਕ-ਦੂਜੇ ਨੂੰ ਕ੍ਰਾਸ ਕਰ ਰਹੇ ਸਨ।
‘ਸਾਰੰਗ’ ਟੀਮ ਨੇ ਸਰੋਤਿਆਂ ਦੀ ਧੜਕਣਾਂ ਵਧਾਈਆਂ
ਏਅਰ ਸ਼ੋਅ 'ਚ ‘ਸਾਰੰਗ’ ਦੀ ਟੀਮ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਟੀਮ ਨੇ ਏਅਰ ਸ਼ੋਅ ਦੌਰਾਨ ਚਾਰ ਹੈਲੀਕਾਪਟਰਾਂ ਨਾਲ ਆਸਮਾਨ 'ਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਇਹ ਉਹੀ ‘ਸਾਰੰਗ’ ਟੀਮ ਸੀ, ਜਿਸ ਨੇ ਭਾਰਤ ਵਲੋਂ ਵਿਸ਼ਵ ਏਅਰ ਸ਼ੋਅ 'ਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ। ਇਸ ਦੌਰਾਨ ਹੈਲੀਕਾਪਟਰਾਂ ਨੇ ਆਸਮਾਨ 'ਚ ਇਕ-ਦੂਜੇ ਨੂੰ ਕ੍ਰਾਸ ਕਰਨ ਦਾ ਹੁਨਰ ਦਿਖਾਇਆ। ਇਹ ਦੇਖ ਕੇ ਦਰਸ਼ਕਾਂ ਦੇ ਦਿਲਾਂ ਦੀ ਧੜਕਣ ਵਧ ਗਈ।
ਸੁਖਨਾ ਝੀਲ ’ਤੇ ਇਕੱਠੀ ਹੋਈ ਭੀੜ, ਲੋਕ ਹੋਏ ਪਰੇਸ਼ਾਨ
ਲੋਕਾਂ ਨੂੰ ਬੱਸਾਂ 'ਚ ਬਿਠਾ ਕੇ ਪਿਕਅਪ ਪੁਆਇੰਟ ਤੋਂ ਸੁਖ਼ਨਾ ਝੀਲ ਤੱਕ ਲਿਜਾਇਆ ਗਿਆ। ਇਸ ਦੌਰਾਨ ਮੱਧ ਮਾਰਗ ਸਮੇਤ ਹੋਰ ਸੜਕਾਂ ’ਤੇ ਇਕ ਕਿਲੋਮੀਟਰ ਤੱਕ ਜਾਮ ਲੱਗ ਗਿਆ। ਇਸ ਤੋਂ ਇਲਾਵਾ ਸੁਖ਼ਨਾ ਝੀਲ ਪਹੁੰਚਣ ਲਈ ਵੀ ਲੰਬੀਆਂ ਕਤਾਰਾਂ ਲੱਗਣ ਕਾਰਣ ਲੋਕ ਪਰੇਸ਼ਾਨ ਰਹੇ, ਜਿਸ ਕਾਰਨ ਲੋਕਾਂ ਨੂੰ ਐਂਟਰੀ ਲੈਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਸ਼ਨੀਵਾਰ ਨੂੰ ਸਵੇਰੇ 10.30 ਵਜੇ ਤੋਂ ਸ਼ਾਮ 8.00 ਵਜੇ ਤੱਕ ਟ੍ਰਾਈਸਿਟੀ 'ਚ ਸੀ. ਟੀ .ਯੂ. ਬੱਸ ਸੇਵਾ ਪ੍ਰਭਾਵਿਤ ਹੋਈ ਕਿਉਂਕਿ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਕਰੀਬ 400 ਬੱਸਾਂ ਏਅਰ ਸ਼ੋਅ ਦੀ ਸ਼ਟਲ ਸੇਵਾ ਲਈ ਤਾਇਨਾਤ ਕੀਤੀਆਂ ਗਈਆਂ ਸਨ। ਇਹ ਸਾਰੀਆਂ ਬੱਸਾਂ ਲੋਕਾਂ ਨੂੰ ਏਅਰ ਸ਼ੋਅ 'ਚ ਲਿਆਉਣ ਦਾ ਕੰਮ ਕਰ ਰਹੀਆਂ ਸਨ। 


author

Babita

Content Editor

Related News