ਦੋਆਬਾ ਵਾਸੀਆਂ ਲਈ ਸ਼ਾਨਦਾਰ ਤੋਹਫ਼ਾ, 20 ਤੋਂ 3 ਸ਼ਹਿਰਾਂ ਲਈ ਸ਼ੁਰੂ ਹੋਵੇਗੀ ਸਪਾਈਸ ਜੈੱਟ ਫਲਾਈਟ ਸਰਵਿਸ

Saturday, Nov 07, 2020 - 02:48 PM (IST)

ਜਲੰਧਰ (ਦਿਲਬਾਗੀ, ਚਾਂਦ, ਚੋਪੜਾ, ਧਵਨ) : ਕਰੀਬ 39 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ 4.3 ਕਿਲੋਮੀਟਰ ਲੰਬੀ ਨਵੀਂ ਅਪਰੋਚ ਰੋਡ ਦੇ ਲਟਕੇ ਮੁੱਦਿਆਂ ਸਬੰਧੀ ਜਲਦੀ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਇਆ ਜਾਵੇਗਾ ਤਾਂ ਜੋ ਯਾਤਰੀਆਂ ਦੀ ਸੁਵਿਧਾ ਲਈ ਜਲਦੀ ਤੋਂ ਜਲਦੀ ਨਵੀਂ ਰੋਡ ਮੁਹੱਈਆ ਕਰਵਾਈ ਜਾ ਸਕੇ। ਇਹ ਪ੍ਰਗਟਾਵਾ ਆਦਮਪੁਰ ਏਅਰਪੋਰਟ ਦੀ ਐਡਵਾਇਜ਼ਰੀ ਕਮੇਟੀ ਦੀ ਪਹਿਲੀ ਬੈਠਕ ਦੀ ਅਗਵਾਈ ਕਰਦਿਆਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕੀਤਾ। ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ, ਆਦਮਪੁਰ ਏਅਰਪੋਰਟ ਦੇ ਡਾਇਰੈਕਟਰ ਕੇਵਲ ਕ੍ਰਿਸ਼ਨ ਅਤੇ ਹੋਰ ਅਧਿਕਾਰੀ ਮੌਜੂਦ ਸਨ। ਮੀਟਿੰਗ 'ਚ ਆਦਮਪੁਰ ਏਅਰਪੋਰਟ ਰੋਡ ਲਈ 4.3 ਕਿਲੋਮੀਟਰ ਲੰਬੀ ਡਾਇਰੈਕਟ ਅਪਰੋਚ ਰੋਡ ਦਾ ਮੁੱਦਾ ਵਿਚਾਰ-ਚਰਚਾ ਲਈ ਰੱਖਿਆ ਗਿਆ। ਅਧਿਕਾਰੀਆਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਇਸ ਰੋਡ ਲਈ ਸਰਵੇਅ ਕੀਤਾ ਗਿਆ ਹੈ ਅਤੇ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ, ਜਿਸ 'ਤੇ ਕੁੱਲ 39 ਕਰੋੜ ਰੁਪਏ ਖ਼ਰਚ ਆਵੇਗਾ। ਇਹ ਰੋਡ ਜਲੰਧਰ-ਹੁਸ਼ਿਆਰਪੁਰ ਹਾਈਵੇਅ ਤੋਂ ਪਿੰਡ ਮਹਿਤਿਆਣਾ ਹੁੰਦੇ ਹੋਏ ਸਿੱਧਾ ਏਅਰਪੋਰਟ ਤੱਕ ਆਵੇਗੀ ਅਤੇ ਬਿਲਕੁਲ ਸਿੱਧੀ ਹੋਵੇਗੀ। ਇਸ ਮੌਕੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਕਿਹਾ ਕਿ ਉਹ ਜਲਦੀ ਹੀ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂੰ ਕਰਵਾਉਣਗੇ ਤਾਂ ਜੋ ਇਸ ਰੋਡ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕਰਵਾਇਆ ਜਾ ਸਕੇ, ਉਦੋਂ ਤੱਕ ਉਨ੍ਹਾਂ ਅਧਿਕਾਰੀਆਂ ਨੂੰ ਮੌਜੂਦਾ ਕੁਨੈਕਟਿੰਗ ਰੋਡ ਦੀ ਸਥਿਤੀ ਸੁਧਾਰਣ ਅਤੇ ਮੁਰੰਮਤ ਕਰਵਾਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਦੱਸਿਆ ਕਿ 20 ਨਵੰਬਰ 2020 ਤੋਂ ਆਦਮਪੁਰ ਤੋਂ ਤਿੰਨ ਵੱਡੇ ਸ਼ਹਿਰਾਂ ਮੁੰਬਈ, ਜੈਪੁਰ ਅਤੇ ਨਵੀਂ ਦਿੱਲੀ ਲਈ ਫਲਾਈਟ ਸਰਵਿਸ ਸ਼ੁਰੂ ਹੋ ਰਹੀ ਹੈ। ਮੁੰਬਈ ਸ਼ਹਿਰ ਲਈ ਰੋਜ਼ਾਨਾ ਫਲਾਈਟ ਸਰਵਿਸ ਮਿਲੇਗੀ। ਨਵੀਂ ਦਿੱਲੀ ਲਈ ਹਫਤੇ 'ਚ ਤਿੰਨ ਦਿਨ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਨੂੰ ਫਲਾਈਟ ਸਰਵਿਸ ਸ਼ੁਰੂ ਕੀਤੀ ਜਾ ਰਹੀ ਹੈ ਜਦਕਿ ਜੈਪੁਰ ਲਈ ਹਫ਼ਤੇ 'ਚ ਤਿੰਨ ਦਿਨ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਸਰਵਿਸ 20 ਨਵੰਬਰ ਤੋਂ ਸ਼ੁਰੂ ਹੋ ਰਹੀ ਹੈ।

ਇਹ ਵੀ ਪੜ੍ਹੋ : ਡੇਰਾਬੱਸੀ ਨੇੜਲੇ ਪਿੰਡ ਵਿਖੇ ਪਾਵਨ ਸਰੂਪ ਦੀ ਬੇਅਦਬੀ ਦੀ ਭਾਈ ਲੌਂਗੋਵਾਲ ਨੇ ਕੀਤੀ ਨਿੰਦਾ

ਇਸ ਦੌਰਾਨ ਸੰਸਦ ਮੈਂਬਰ ਨੇ ਆਦਮਪੁਰ ਏਅਰਪੋਰਟ ਦੇ ਨਾਲ ਬਣ ਰਹੇ ਨਵੇਂ ਟਰਮੀਨਲ ਦੇ ਨਿਰਮਾਣ ਕਾਰਜ ਦਾ ਜਾਇਜ਼ਾ ਵੀ ਲਿਆ। ਏਅਰਪੋਰਟ ਅਥਾਰਿਟੀ ਦੇ ਅਧਿਕਾਰੀਆਂ ਨੇ ਸੰਸਦ ਮੈਂਬਰ ਨੂੰ ਦੱਸਿਆ ਕਿ ਇਹ ਟਰਮੀਨਲ ਅਗਲੇ ਸਾਲ ਜੂਨ ਤੱਕ ਮੁਕੰਮਲ ਹੋ ਜਾਵੇਗਾ। ਇਹ ਟਰਮੀਨਲ 6 ਹਜ਼ਾਰ ਸਕੇਅਰ ਮੀਟਰ ਸਮਰੱਥਾ ਦਾ ਹੋਵੇਗਾ, ਜਿਸ 'ਚ 300 ਯਾਤਰੀਆਂ ਅਤੇ 150 ਕਾਰਾਂ ਦੀ ਪਾਰਕਿੰਗ ਦੀ ਵਿਵਸਥਾ ਹੋਵੇਗੀ। ਇਸ ਦੌਰਾਨ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਤੇ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਪੌਦੇ ਵੀ ਲਾਏ। ਇਸ ਮੌਕੇ ਕਮੇਟੀ ਮੈਂਬਰ ਜੀ. ਐੱਸ. ਸਿਆਲ, ਜਗਮੋਹਨ ਸਿੰਘ, ਭੁਪਿੰਦਰ ਸਿੰਘ ਜੌਲੀ, ਸੰਜੀਵ ਮੋਹਨ, ਜੇ.ਡੀ. ਏ. ਦੀ ਮੁੱਖ ਪ੍ਰਸ਼ਾਸਕ ਬਬੀਤਾ ਕਲੇਰ, ਪ੍ਰਾਜੈਕਟ ਡਾਇਰੈਕਟਰ ਹਰਗੋਬਿੰਦ ਮੀਨਾ, ਐੱਸ. ਪੀ. ਸਕਿਓਰਿਟੀ ਗੁਰਪਾਲ ਸਿੰਘ ਸਮੇਤ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀ ਮੌਜੂਦ ਸਨ। ਨਵੀਂ ਦਿੱਲੀ ਲਈ ਹਫ਼ਤੇ 'ਚ ਸੱਤੇ ਦਿਨ ਫਲਾਈਟ ਸ਼ੁਰੂ ਕਰਨ ਲਈ ਏਅਰਲਾਈਨ ਕੰਪਨੀ ਨੂੰ ਲਿਖੇਗੀ ਕਮੇਟੀ ਐਡਵਾਇਜ਼ਰੀ ਕਮੇਟੀ ਨੇ ਇਹ ਫੈਸਲਾ ਲਿਆ ਕਿ ਜਲੰਧਰ-ਨਵੀਂ ਦਿੱਲੀ ਫਲਾਈਟ ਨੂੰ ਪੂਰਾ ਹਫ਼ਤਾ ਚਲਵਾਉਣ ਲਈ ਕਮੇਟੀ ਵੱਲੋਂ ਏਅਰਲਾਈਨ ਕੰਪਨੀ ਨੂੰ ਲਿਖਿਆ ਜਾਵੇਗਾ ਤਾਂ ਜੋ ਲੋਕਾਂ ਨੂੰ ਪੂਰਾ ਹਫ਼ਤਾ ਫਲਾਈਟ ਸਰਵਿਸ ਮਿਲ ਸਕੇ। ਸੰਸਦ ਮੈਂਬਰ ਨੇ ਦੱਸਿਆ ਕਿ ਪਹਿਲਾਂ ਜਲੰਧਰ ਤੋਂ ਨਵੀਂ ਦਿੱਲੀ ਲਈ ਹਫ਼ਤੇ 'ਚ 6 ਦਿਨ ਫਲਾਈਟ ਸਰਵਿਸ ਸੀ ਪਰ ਨਵੇਂ ਸ਼ਡਿਊਲ ਮੁਤਾਬਕ ਇਸ ਨੂੰ ਤਿੰਨ ਦਿਨ ਕਰ ਦਿੱਤਾ ਗਿਆ ਹੈ। ਇਸ ਸਰਵਿਸ ਨੂੰ ਵਾਪਸ ਪੂਰਾ ਹਫਤਾ ਕਰਨ ਲਈ ਕਮੇਟੀ ਵੱਲੋਂ ਏਅਰਲਾਈਨ ਕੰਪਨੀ ਤੇ ਏਅਰਪੋਰਟ ਅਥਾਰਟੀ ਆਫ ਇੰਡੀਆ ਨੂੰ ਲਿਖਿਆ ਜਾਵੇਗਾ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਸ ਦੀ ਜੱਗੋਂ-ਤੇਹਰਵੀਂ, ਛੇੜਛਾੜ ਦੀ ਸ਼ਿਕਾਰ ਨਾਬਾਲਗ ਨੂੰ ਹੀ ਬਣਾਇਆ ਮੁਲਜ਼ਮ


Anuradha

Content Editor

Related News