ਆਕਰਸ਼ਕ ਛੋਟਾਂ ਫਿਰ ਵੀ ਏਅਰਲਾਈਨਾਂ ਨੇ ਨਵੇਂ ਸ਼ਹਿਰਾਂ ਲਈ ਉਡਾਣ ਲਈ ਨਹੀਂ ਦਿਖਾਈ ਦਿਲਚਸਪੀ

Sunday, Feb 01, 2026 - 12:47 PM (IST)

ਆਕਰਸ਼ਕ ਛੋਟਾਂ ਫਿਰ ਵੀ ਏਅਰਲਾਈਨਾਂ ਨੇ ਨਵੇਂ ਸ਼ਹਿਰਾਂ ਲਈ ਉਡਾਣ ਲਈ ਨਹੀਂ ਦਿਖਾਈ ਦਿਲਚਸਪੀ

ਚੰਡੀਗੜ੍ਹ (ਲਲਨ) : ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ, ਚੰਡੀਗੜ੍ਹ ਤੋਂ ਘਰੇਲੂ ਤੇ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਲਈ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਵੱਲੋਂ ਵੱਡੇ ਪੱਧਰ ’ਤੇ ਏਅਰਲਾਈਨਾਂ ਨੂੰ ਛੋਟਾਂ ਦੇਣ ਦਾ ਪ੍ਰਸਤਾਵ ਦਿੱਤਾ ਸੀ। ਇਕ ਮਹੀਨੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਕੋਈ ਏਅਰਲਾਈਨ ਨਵੇਂ ਸ਼ਹਿਰਾਂ ਲਈ ਉਡਾਣਾਂ ਸ਼ੁਰੂ ਕਰਨ ਲਈ ਅੱਗੇ ਨਹੀਂ ਆਈ ਹੈ। ਅਜਿਹੇ ’ਚ ਅਥਾਰਟੀ ਨੇ ਰਿਮਾਇੰਡਰ ਏਅਰਲਾਈਨਾਂ ਨੂੰ ਭੇਜਿਆ ਹੈ ਤਾਂ ਜੋ ਗਰਮੀਆਂ ਦੇ ਸ਼ਡਿਊਲ ’ਚ ਕੁੱਝ ਨਵੀਆਂ ਘਰੇਲੂ ਤੇ ਅੰਤਰਰਾਸ਼ਟਰੀ ਸੇਵਾਵਾਂ ਸ਼ੁਰੂ ਕੀਤੀਆਂ ਜਾ ਸਕਣ। ਚੰਡੀਗੜ੍ਹ ਹਵਾਈ ਅੱਡੇ ਤੋਂ ਯਾਤਰੀਆਂ ਦੀ ਕਨੈਕਟੀਵਿਟੀ ਵੱਧ ਸਕੇ ਤੇ ਦੂਜੇ ਰਾਜਾਂ ਦੇ ਲਈ ਉਡਾਣ ਸਹੂਲਤ ਮਿਲੇ।
ਅਥਾਰਟੀ ਨੇ ਏਅਰਲਾਈਨਾਂ ਨੂੰ ਦਿੱਤੀ ਸੀ ਇਹ ਛੋਟ
ਏਅਰਪੋਰਟ ਅਥਾਰਟੀ ਨੇ ਚੰਡੀਗੜ੍ਹ ਹਵਾਈ ਅੱਡੇ ਤੋਂ ਨਵੀਆਂ ਉਡਾਣਾਂ ਸ਼ੁਰੂ ਕਰਨ ਲਈ ਏਅਰਲਾਈਨਾਂ ਨੂੰ ਪ੍ਰਤੀ ਯਾਤਰੀ ਵਿੱਤੀ ਸਹਾਇਤਾ, ਰਿਆਇਤੀ ਪਾਰਕਿੰਗ ਫੀਸ ਤੇ ਆਸਾਨ ਸੁਰੱਖਿਆ ਜਮ੍ਹਾਂ ਨਿਯਮਾਂ ਦੀ ਪੇਸ਼ਕਸ਼ ਕੀਤੀ ਸੀ, ਜਿਸ ਨੂੰ ਲੈ ਕੇ ਅਥਾਰਟੀ ਨੇ ਏਅਰ ਇੰਡੀਆ, ਇੰਡੀਗੋ, ਏਅਰ ਇੰਡੀਆ ਐਕਸਪ੍ਰੈੱਸ, ਅਲਾਇੰਸ ਏਅਰ, ਸਪਾਈਸਜੈੱਟ, ਅਕਾਸਾ ਏਅਰ ਤੇ ਸਟਾਰ ਏਅਰ ਸਣੇ ਪ੍ਰਮੁੱਖ ਏਅਰਲਾਈਨਾਂ ਨੂੰ ਸੱਦਾ ਦਿੱਤਾ ਗਿਆ ਸੀ। ਇਸ ਦੇ ਨਾਲ ਅੰਤਰਰਾਸ਼ਟਰੀ ਏਅਰਲਾਈਨਾਂ ਸ਼ੰਖ ਏਅਰ, ਅਲਹਿੰਦ ਏਅਰ ਤੇ ਫਲਾਈ ਐਕਸਪ੍ਰੈਸ ਵਰਗੀਆਂ ਆਉਣ ਵਾਲੀਆਂ ਏਅਰਲਾਈਨਾਂ ਨੂੰ ਵੀ ਆਕਰਸ਼ਕ ਛੋਟਾਂ ਦਾ ਲਾਭ ਉਠਾਉਣ ਤੇ ਚੰਡੀਗੜ੍ਹ ਹਵਾਈ ਅੱਡੇ ਤੋਂ ਨਵੇਂ ਤੇ ਬਿਨਾਂ ਸੇਵਾ ਵਾਲੇ ਰੂਟਾਂ ’ਤੇ ਸੰਚਾਲਨ ਸ਼ੁਰੂ ਕਰਨ ਲਈ ਸੱਦਾ ਦਿੱਤਾ ਸੀ।
17 ਸ਼ਹਿਰਾਂ ਦੇ ਲਈ ਹਵਾਈ ਯਾਤਰਾ ਸ਼ੁਰੂ ਕਰਨ ਲਈ ਕੀਤੀ ਸੀ ਅਪੀਲ
ਹਵਾਈ ਅੱਡਾ ਅਥਾਰਟੀ ਨੇ ਦੇਸ਼ ਦੇ ਲਗਭਗ 17 ਨਵੇਂ ਸ਼ਹਿਰਾਂ ਅਤੇ 4 ਅੰਤਰਰਾਸ਼ਟਰੀ ਉਡਾਣਾਂ ਲਈ ਅਪੀਲ ਕੀਤੀ ਸੀ, ਤਾਂ ਜੋ ਸ਼ਹਿਰ ਵਾਸੀਆਂ ਨੂੰ ਚੰਡੀਗੜ੍ਹ ਹਵਾਈ ਅੱਡੇ ਤੋਂ ਦੂਜੇ ਰਾਜਾਂ ਲਈ ਉਡਾਣਾਂ ਮਿਲ ਸਕਣ। ਇਨ੍ਹਾਂ ’ਚ ਤਿਰੂਵਨੰਤਪੁਰਮ ਤੇ ਕੋਚੀ ਵਰਗੇ ਦੱਖਣੀ ਸਥਾਨ; ਅੰਮ੍ਰਿਤਸਰ, ਕੁੱਲੂ, ਜੋਧਪੁਰ, ਉਦੈਪੁਰ, ਜੈਸਲਮੇਰ, ਪ੍ਰਯਾਗਰਾਜ, ਅਯੁੱਧਿਆ ਤੇ ਜੰਮੂ ਸਣੇ ਉੱਤਰੀ ਸਥਾਨ, ਨਾਗਪੁਰ, ਵਡੋਦਰਾ, ਸੂਰਤ, ਨਾਂਦੇੜ ਤੇ ਨਾਸਿਕ ਵਰਗੇ ਪੱਛਮੀ ਸਥਾਨ; ਗੁਹਾਟੀ ਤੇ ਬਾਗਡੋਗਰਾ ਸਣੇ ਉੱਤਰ-ਪੂਰਬੀ ਸਥਾਨ ਤੇ ਰਾਏਪੁਰ, ਭੁਵਨੇਸ਼ਵਰ ਤੇ ਰਾਂਚੀ ਵਰਗੇ ਪੂਰਬੀ ਸ਼ਹਿਰਾਂ ਦੇ ਲਈ ਉਡਾਣਾਂ ਦੀ ਮੰਗ ਸੀ। ਇਸ ਦੇ ਨਾਲ ਸਿੰਗਾਪੁਰ, ਬੈਂਕਾਕ, ਮਲੇਸ਼ੀਆ, ਸ਼੍ਰੀਲੰਕਾ, ਨੇਪਾਲ, ਲੰਡਨ, ਕੈਨੇਡਾ ਤੇ ਹੋਰ ਪ੍ਰਮੁੱਖ ਗਲੋਬਲ ਸੈਂਟਰ ਵਰਗੇ ਸਥਾਨਾਂ ਲਈ ਸਿੱਧੀਆਂ ਉਡਾਣਾਂ ਦੀ ਅਥਾਰਟੀ ਵੱਲੋਂ ਮੰਗ ਕੀਤੀ ਗਈ ਸੀ।
 


author

Babita

Content Editor

Related News