ਲੁਧਿਆਣਾ-ਦਿੱਲੀ ਉਡਾਣ ਲਈ ਏਅਰ ਇੰਡੀਆ ਦਾ ਵਿੰਟਰ ਸ਼ਡਿਊਲ ਲਾਗੂ

12/01/2020 1:54:29 PM

ਲੁਧਿਆਣਾ (ਬਹਿਲ) : ਏਅਰ ਇੰਡੀਆ ਵੱਲੋਂ ਲੁਧਿਆਣਾ-ਦਿੱਲੀ ਉਡਾਣ ਲਈ ਨਵੇਂ ਵਿੰਟਰ ਸ਼ਡਿਊਲ ਦੇ ਤਹਿਤ 1 ਦਸੰਬਰ ਤੋਂ ਅਲਾਇੰਸ ਏਅਰ ਦਾ 72 ਮੀਟਰ ਏਅਰਕ੍ਰਾਫਟ ਏ. ਟੀ. ਆਰ-72 ਸਵੇਰੇ 10.15 ਦੀ ਬਜਾਏ ਦੁਪਹਿਰ 3.15 ਵਜੇ ਸਾਹਨੇਵਾਲ ਹਵਾਈ ਅੱਡੇ 'ਤੇ ਉਤਰੇਗਾ। ਵਿੰਟਰ ਸ਼ਡਿਊਲ 1 ਦਸੰਬਰ, 2020 ਤੋਂ 28 ਫਰਵਰੀ, 2021 ਤੱਕ ਲਾਗੂ ਰਹੇਗਾ। ਨਵੀਂ ਸਮਾਂ ਸਾਰਣੀ ਮੁਤਾਬਕ ਮੰਗਲਵਾਰ ਨੂੰ ਫਲਾਈਟ 9 ਆਈ-837 ਦਿੱਲੀ ਤੋਂ ਦੁਪਹਿਰ 2 ਵਜੇ ਰਵਾਨਾ ਹੋ ਕੇ 3.15 ਵਜੇ ਲੁਧਿਆਣਾ ਪੁੱਜੇਗੀ।

ਲੁਧਿਆਣਾ ਦੇ ਸਾਹੇਨਵਾਲ ਹਵਾਈ ਅੱਡੇ ਤੋਂ ਜਹਾਜ਼ ਦੁਪਹਿਰ 3.45 ਵਜੇ ਉਡਾਣ ਭਰ ਕੇ ਸ਼ਾਮ ਨੂੰ 4.55 ਵਜੇ ਦਿੱਲੀ ਪਹੁੰਚੇਗਾ। ਇਸ ਸੰਦਰਭ 'ਚ ਅਲਾਇੰਸ ਏਅਰ ਦੇ ਮੈਨੇਜਰ ਅਰੁਨਿੰਦਮ ਚਟੋਪਧਿਆਏ ਨੇ ਜਾਣਕਾਰੀ ਦਿੱਤੀ ਹੈ ਕਿ ਦਸੰਬਰ 'ਚ ਸਵੇਰੇ ਧੁੰਦ ਹੋਣ ਕਾਰਨ ਉਡਾਣ ਰੱਦ ਹੋਣ ਦਾ ਖ਼ਦਸ਼ਾ ਵੱਧ ਜਾਂਦਾ ਹੈ ਕਿਉਂਕਿ ਵਿਜ਼ੀਬਿਲਟੀ ਘੱਟ ਹੋਣ ਕਾਰਨ ਜਹਾਜ਼ ਲਈ ਹਵਾਈ ਅੱਡੇ 'ਤੇ ਉਤਰਨਾ ਮੁਸ਼ਕਲ ਹੋ ਜਾਂਦਾ ਹੈ।

ਸੋਮਵਾਰ ਨੂੰ ਤਕਨੀਕੀ ਕਾਰਨਾਂ ਦੇ ਚੱਲਦਿਆਂ ਦਿੱਲੀ ਤੋਂ ਆਇਆ ਏਅਰਕ੍ਰਾਫਟ ਨਿਰਧਾਰਿਤ ਸਮੇਂ ਤੋਂ 4 ਘੰਟਾ 6 ਮਿੰਟ ਦੀ ਦੇਰੀ ਨਾਲ 55 ਮੁਸਾਫ਼ਰਾਂ ਸਮੇਤ ਸਾਹਨੇਵਾਲ ਹਵਾਈ ਅੱਡੇ 'ਤੇ ਪਹੁੰਚਿਆ। ਜਹਾਜ਼ ਦੇਰੀ ਨਾਲ ਪੁੱਜਣ ਕਾਰਨ ਮੁਸਾਫ਼ਰਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਲੁਧਿਆਣਾ ਤੋਂ ਏਅਰਕ੍ਰਾਫਟ ਦੁਪਹਿਰ 3 ਵਜੇ 66 ਮੁਸਾਫ਼ਰਾਂ ਨੂੰ ਲੈ ਕੇ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਗੁਰਪੁਰਬ ਹੋਣ ਕਾਰਨ ਹਵਾਈ ਅੱਡੇ ਦੇ ਸਟਾਫ਼ ਵੱਲੋਂ ਮੁਸਾਫ਼ਰਾਂ ਨੂੰ ਕੌਫੀ ਦਾ ਲੰਗਰ ਵਰਤਾਇਆ ਗਿਆ।


Babita

Content Editor

Related News