ਕੱਲ੍ਹ ਕੇਂਦਰੀ ਸਿਹਤ ਮੰਤਰੀ ਕਰਨਗੇ ਬਠਿੰਡਾ ਏਮਜ਼ ਦਾ ਉਦਘਾਟਨ

Sunday, Dec 22, 2019 - 06:48 PM (IST)

ਕੱਲ੍ਹ ਕੇਂਦਰੀ ਸਿਹਤ ਮੰਤਰੀ ਕਰਨਗੇ ਬਠਿੰਡਾ ਏਮਜ਼ ਦਾ ਉਦਘਾਟਨ

ਤਲਵੰਡੀ ਸਾਬੋ (ਮੁਨੀਸ਼) : 925 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਵਿਚ ਬਣ ਰਹੇ ਏਮਜ਼ ਦਾ ਉਦਘਾਟਨ ਸੋਮਵਾਰ ਨੂੰ ਕੀਤਾ ਜਾਵੇਗਾ। ਬਠਿੰਡਾ-ਡੱਬਵਾਲੀ ਰੋਡ 'ਤੇ ਉਸਾਰੀ ਅਧੀਨ ਏਮਜ਼ ਅੰਦਰ 750 ਬੈੱਡ ਵਾਲੇ ਹਸਪਤਾਲ ਦੀਆਂ 12 'ਚੋਂ 9 ਓ.ਪੀ.ਡੀਜ਼ ਬਣ ਕੇ ਤਿਆਰ ਹੋ ਚੁੱਕੀਆਂ ਹਨ, ਜਿਨ੍ਹਾਂ ਦਾ ਉਦਘਾਟਨ 23 ਦਸੰਬਰ ਨੂੰ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ ਵਰਧਨ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਕੀਤਾ ਜਾਵੇਗਾ। ਏਮਜ਼ ਦੇ ਉਦਘਾਟਨ ਮੌਕੇ ਸੋਮਵਾਰ ਨੂੰ ਹੋਣ ਵਾਲੇ ਸਮਾਗਮ ਵਿਚ ਫਿਰੋਜ਼ਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਭਾਜਪਾ ਦੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਣਗੇ।

ਬਠਿੰਡਾ ਏਮਜ਼ ਦੇ ਨੋਡਲ ਅਫ਼ਸਰ ਡਾ. ਸਮੀਰ ਅਗਰਵਾਲ ਨੇ ਦੱਸਿਆ ਕਿ ਸੋਮਵਾਰ ਨੂੰਉਦਘਾਟਨ ਤੋਂ ਬਾਅਦ ਇਹ ਹਸਪਤਾਲ ਆਮ ਲੋਕਾਂ ਲਈ ਸ਼ੁਰੂ ਕਰ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸ਼ੁਰੂਆਤੀ ਦੌਰ ਵਿਚ ਚੈਕਅੱਪ, ਐਕਸਰੇ, ਡੋਪਲਰ ਅਤੇ ਅਲਟਰਾਸਾਊਂਡ ਦੀਆਂ ਸੇਵਾਵਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਵੱਡੀ ਗਿਣਤੀ ਵਿਚ ਬਿਮਾਰੀਆਂ ਦੇ ਇਲਾਜ ਲਈ ਡਾਕਟਰ ਇਸ ਹਸਪਤਾਲ ਵਿਚ ਭਰਤੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਆਪਰੇਸ਼ਨ ਥੀਏਟਰ ਵੀ ਅਗਲੇ ਦੋ ਮਹੀਨੇ ਵਿਚ ਤਿਆਰ ਕਰਨ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਬੀਮਾਰੀਆਂ ਲਈ ਆਪਰੇਸ਼ਨ ਇਸ ਹਸਪਤਾਲ ਵਿਚ ਸ਼ੁਰੂ ਕਰ ਦਿੱਤੇ ਜਾਣਗੇ।


author

Gurminder Singh

Content Editor

Related News