ਵਿਜੀਲੈਂਸ ਬਿਊਰੋ ਵੱਲੋਂ ਏ. ਆਈ. ਜੀ. ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਬਲਵੀਰ ਸਿੰਘ ਗ੍ਰਿਫ਼ਤਾਰ

Wednesday, Jan 24, 2024 - 05:06 PM (IST)

ਵਿਜੀਲੈਂਸ ਬਿਊਰੋ ਵੱਲੋਂ ਏ. ਆਈ. ਜੀ. ਮਾਲਵਿੰਦਰ ਸਿੰਘ ਸਿੱਧੂ ਦਾ ਸਾਥੀ ਬਲਵੀਰ ਸਿੰਘ ਗ੍ਰਿਫ਼ਤਾਰ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਆਪਣੀ ਗ੍ਰਿਫਤਾਰੀ ਤੋਂ ਬਚਦੇ ਆ ਰਹੇ ਮੁਲਜ਼ਮ ਬਲਵੀਰ ਸਿੰਘ, ਵਾਸੀ ਪਿੰਡ ਆਲਮਪੁਰ, ਜ਼ਿਲ੍ਹਾ ਪਟਿਆਲਾ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਮੁਲਜ਼ਮ ਮਲਵਿੰਦਰ ਸਿੰਘ ਸਿੱਧੂ ਏ.ਆਈ.ਜੀ., ਮਨੁੱਖੀ ਅਧਿਕਾਰ, ਪੰਜਾਬ ਪੰਜਾਬ ਦਾ ਕਰਿੰਦਾ ਸੀ। ਉਹ ਵਿਜੀਲੈਂਸ ਬਿਊਰੋ ਵੱਲੋਂ ਦਰਜ ਭ੍ਰਿਸ਼ਟਾਚਾਰ ਤੇ ਅਪਰਾਧਿਕ ਮੁਕੱਦਮੇ ਵਿਚ ਲੋੜੀਂਦਾ ਸੀ ਕਿਉਂਕਿ ਉਹ ਉਕਤ ਪੁਲਸ ਅਧਿਕਾਰੀ ਦੇ ਇਸ਼ਾਰੇ ’ਤੇ ਵੱਖ-ਵੱਖ ਵਿਭਾਗਾਂ ਵਿਚ ਕਰਮਚਾਰੀਆਂ ਵਿਰੁੱਧ ਸ਼ਿਕਾਇਤਾਂ ਦਰਜ ਕਰਾਉਂਦਾ ਸੀ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਨੇ ਅਦਾਲਤ ਤੋਂ ਬਲਵੀਰ ਸਿੰਘ ਦਾ 5 ਦਿਨ ਦਾ ਪੁਲਸ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਉਸ ਵੱਲੋਂ ਆਪਣੇ ਕੋਲ ਰੱਖਿਆ ਹਥਿਆਰ ਬਰਾਮਦ ਕੀਤਾ ਜਾ ਸਕੇ ਅਤੇ ਨਾਲ ਹੀ ਇਸ ਮਾਮਲੇ ਵਿਚ ਹੋਰਨਾਂ ਵਿਅਕਤੀਆਂ ਦੀ ਸ਼ਮੂਲੀਅਤ ਦਾ ਪਤਾ ਲਗਾਇਆ ਜਾ ਸਕੇ। ਵਧੇਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਸਬੰਧੀ ਬਿਊਰੋ ਨੇ ਵਿਜੀਲੈਂਸ ਜਾਂਚ ਦੇ ਆਧਾਰ ’ਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ ਅਤੇ ਆਈ. ਪੀ. ਸੀ. ਦੀਆਂ ਧਾਰਾਵਾਂ 384, 419, 420, 120-ਬੀ, 201 ਤਹਿਤ ਐੱਫ. ਆਈ. ਆਰ. ਨੰਬਰ 28, ਮਿਤੀ 30. 10. 2023 ਨੂੰ ਥਾਣਾ ਵਿਜੀਲੈਂਸ ਬਿਊਰੋ, ਉਡਣ ਦਸਤਾ-1, ਪੰਜਾਬ, ਐੱਸ. ਏ. ਐੱਸ. ਨਗਰ ਵਿਖੇ ਦਰਜ ਕੀਤੀ ਹੋਈ ਹੈ। ਉਕਤ ਏ.ਆਈ.ਜੀ.ਸਿੱਧੂ, ਉਸ ਦਾ ਸਹਿਯੋਗੀ ਬਲਵੀਰ ਸਿੰਘ ਅਤੇ ਹੋਰ ਮੁਲਜ਼ਮ ਇਸ ਮੁਕੱਦਮੇ ਵਿਚ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਉਕਤ ਕੇਸ ਵਿਚ ਏ. ਆਈ. ਜੀ. ਸਿੱਧੂ ਪਹਿਲਾਂ ਹੀ ਨਿਆਂਇਕ ਹਿਰਾਸਤ ਵਿਚ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੜਤਾਲ ਦੌਰਾਨ ਪਾਇਆ ਗਿਆ ਕਿ ਏ. ਆਈ. ਜੀ. ਸਿੱਧੂ ਨੇ ਆਪਣੇ ਆਪ ਨੂੰ ਆਈ. ਜੀ. ਪੀ., ਵਿਜੀਲੈਂਸ ਬਿਊਰੋ, ਪੰਜਾਬ ਵਜੋਂ ਗਲਤ ਪੇਸ਼ ਕਰਦਾ ਸੀ ਜਦਕਿ ਇਹ ਪੁਲਸ ਅਧਿਕਾਰੀ 2017 ਤੋਂ ਬਾਅਦ ਕਦੇ ਵੀ ਵਿਜੀਲੈਂਸ ਬਿਊਰੋ, ਪੰਜਾਬ ਵਿਚ ਏ. ਆਈ. ਜੀ ਜਾਂ ਆਈ. ਜੀ. ਦੇ ਅਹੁਦਿਆਂ ’ਤੇ ਤਾਇਨਾਤ ਨਹੀਂ ਰਿਹਾ। ਉਕਤ ਮੁਲਜ਼ਮ ਬਲਵੀਰ ਸਿੰਘ ਅਤੇ ਹੋਰਨਾਂ ਨੇ ਮਿਲ ਕੇ ਸਰਕਾਰੀ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨੀਆਂ ਸ਼ੁਰੂ ਕਰ ਦਿੱਤੀਆਂ ਤਾਂ ਜੋ ਇਹ ਸ਼ਿਕਾਇਤਾਂ ਵਾਪਸ ਲੈਣ ਬਦਲੇ ਉਨ੍ਹਾਂ ਨੂੰ ਬਲੈਕਮੇਲ ਕੀਤਾ ਜਾ ਸਕੇ ਅਤੇ ਉਨ੍ਹਾਂ ਤੋਂ ਪੈਸੇ ਵਸੂਲੇ ਜਾ ਸਕਣ। ਉਨ੍ਹਾਂ ਦੱਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਏ. ਆਈ. ਜੀ. ਸਿੱਧੂ ਨੇ ਸਰਕਾਰੀ ਵਾਹਨ 'ਆਰਟੀਗਾ' (ਪੀ ਬੀ-65-ਏ ਡੀ-1905) ਦੀ ਦੁਰਵਰਤੋਂ ਕੀਤੀ ਸੀ ਅਤੇ ਵਾਹਨ ਦੇ ਤੇਲ ਤੇ ਹੋਰ ਖਰਚੇ ਸਰਕਾਰੀ ਖਾਤੇ ਵਿਚੋਂ ਖਰਚੇ ਗਏ ਸਨ। ਉਸਨੇ ਕਦੇ ਵੀ ਉਕਤ ਗੱਡੀ ਦੀ ਵਰਤੋਂ ਦਾ ਰਿਕਾਰਡ (ਲੌਗ-ਬੁੱਕ) ਨਹੀਂ ਰੱਖਿਆ ਜੋ ਸਰਕਾਰੀ ਸੰਪਤੀ ਦੀ ਦੁਰਵਰਤੋਂ ਦੇ ਬਰਾਬਰ ਮੰਨਿਆ ਜਾਂਦਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਮੁਲਜ਼ਮ ਬਲਵੀਰ ਸਿੰਘ ਨੇ ਏ. ਆਈ. ਜੀ. ਸਿੱਧੂ ਦੇ ਕਹਿਣ 'ਤੇ ਵੱਖ-ਵੱਖ ਵਿਭਾਗਾਂ ਵਿਚ ਅਨੁਸੂਚਿਤ ਜਾਤੀ ਅਤੇ ਸੁਤੰਤਰਤਾ ਸੈਨਾਨੀਆਂ ਦੇ ਕੋਟੇ ਤਹਿਤ ਭਰਤੀ ਕੀਤੇ ਹੋਏ ਮੁਲਾਜ਼ਮਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਵਾਈਆਂ ਸਨ ਤਾਂ ਜੋ ਉਨ੍ਹਾਂ ’ਤੇ ਦਬਾਅ ਬਣਾ ਕੇ ਬਲੈਕਮੇਲ ਕੀਤਾ ਜਾ ਸਕੇ ਅਤੇ ਬਦਲੇ ਵਿਚ ਰਿਸ਼ਵਤ ਲਈ ਜਾ ਸਕੇ, ਜਿਸ ਨੂੰ ਬਾਅਦ ਵਿਚ ਉਹ, ਮਾਲਵਿੰਦਰ ਸਿੰਘ ਅਤੇ ਹੋਰ ਮੁਲਜ਼ਮ ਆਪਸ ਵਿਚ ਵੰਡ ਲੈਂਦੇ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਬਾਕੀ ਰਹਿੰਦੇ ਮੁਲਜ਼ਮਾਂ ਨੂੰ ਵੀ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।


author

Gurminder Singh

Content Editor

Related News