ਪੰਜਾਬ ''ਚ ਵਧੀ ਏਡਜ਼ ਰੋਗੀਆਂ ਦੀ ਗਿਣਤੀ, ਵਿਭਾਗ ਨੇ ਜਾਰੀ ਕੀਤੀ ਹੈਰਾਨ ਕਰਦੀ ਰਿਪੋਰਟ

02/07/2017 12:49:28 PM

ਬਠਿੰਡਾ : ਪੰਜਾਬ ਵਾਸੀਆਂ ਨੂੰ ਏਡਜ਼ ਵਰਗੀ ਨਾਮੁਰਾਦ ਬੀਮਾਰੀ ਤੋਂ ਰਾਹਤ ਦਿਵਾਉਣ ਲਈ ਬੇਸ਼ੱਕ ਪੰਜਾਬ ਸੋਸਾਇਟੀ (ਪੀ.ਏ.ਸੀ.ਐੱਸ.) ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਪੰਜਾਬ ਵਿਚ ਏਡਜ਼ ਰੂਪੀ ਕਹਿਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਦੁੱਖ ਦੀ ਗੱਲ ਹੈ ਕਿ ਪੰਜਾਬ ''ਚ ਅਕਤੂਬਰ 2016 ਦੌਰਾਨ ਏਡਜ਼ ਰੋਗੀਆਂ ਦੀ ਗਿਣਤੀ ਵੱਧ ਕੇ 54,612 ਹੋ ਚੁੱਕੀ ਹੈ, ਜਦਕਿ ਅਪ੍ਰੈਲ 2015 ਤੱਕ ਪੰਜਾਬ ''ਚ ਏਡਜ਼ ਰੋਗੀਆਂ ਦੀ ਗਿਣਤੀ 45,948 ਅਤੇ ਫਰਵਰੀ 2014 ਤੱਕ ਇਹ ਗਿਣਤੀ 39,625 ਸੀ। ਅਕਤੂਬਰ 2016 ਤੱਕ ਪੰਜਾਬ ਦੇ ਵੱਖ-ਵੱਖ ਏ. ਆਰ. ਟੀ. ਸੈਂਟਰਾਂ ''ਚ 21,167 ਲੋਕ ਜ਼ੇਰੇ ਇਲਾਜ ਹਨ ਅਤੇ ਹੁਣ ਤੱਕ 5,595 ਰੋਗੀ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। 
ਹਰ ਸਾਲ ਵੱਧ ਰਹੇ ਏਡਜ਼ ਰੋਗੀ
ਜਾਣਕਾਰੀ ਅਨੁਸਾਰ ਪੰਜਾਬ ਏਡਜ਼ ਕੰਟਰੋਲ ਸੋਸਾਇਟੀ ਵੱਲੋਂ ਅਕਤੂਬਰ 2016 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਕੁਲ 39,05,259 ਲੋਕਾਂ ਦੇ ਐੱਚ. ਆਈ. ਵੀ. ਟੈਸਟ ਕੀਤੇ ਗਏ, ਜਿਨ੍ਹਾਂ ਚੋਂ 54,612 ਲੋਕ ਏਡਜ਼ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ 43,444 ਏਡਜ਼ ਪੀੜਤਾਂ ਨੇ ਏ. ਆਰ. ਟੀ. ਸੈਂਟਰਾਂ ਵਿਚ ਜ਼ੇਰੇ ਇਲਾਜ ਲਈ ਰਜਿਸਟ੍ਰੇਸ਼ਨ ਕਰਵਾਈ, ਜਦਕਿ 29,002 ਮਰੀਜ਼ਾਂ ਨੇ ਇਲਾਜ ਸ਼ੁਰੂ ਕਰਵਾਇਆ। ਮੌਜੂਦਾ ਸਮੇਂ ''ਚ 21,167 ਮਰੀਜ਼ ਸੈਂਟਰਾਂ ''ਚ ਇਲਾਜ ਕਰਵਾ ਰਹੇ ਹਨ। ਵਿਭਾਗੀ ਰਿਪੋਰਟ ਅਨੁਸਾਰ ਏ. ਆਰ. ਟੀ. ਸੈਂਟਰਾਂ ''ਚ ਅਕਤੂਬਰ 2016 ਤੱਕ 5,595 ਏਡਜ਼ ਰੋਗੀਆਂ ਦੀ ਮੌਤ ਦਰਜ ਹੋਈ ਹੈ। ਅਪ੍ਰੈਲ 2015 ਤੱਕ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ''ਚ ਕੁੱਲ 28,16,731 ਲੋਕਾਂ ਦੇ ਐੱਚ. ਆਈ. ਵੀ. ਟੈਸਟ ਹੋਏ, ਜਿਨ੍ਹਾਂ ''ਚ 45,948 ਲੋਕ ਐੱਚ. ਆਈ. ਵੀ. ਪਾਜ਼ੀਟਿਵ ਪਾਏ ਗਏ ਸਨ। 34,819 ਏਡਜ਼ ਪੀੜਤਾਂ ਨੇ ਏ. ਆਰ. ਟੀ. ਸੈਂਟਰਾਂ ''ਚ ਇਲਾਜ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿਚ 21,587 ਮਰੀਜ਼ਾਂ ਨੇ ਇਲਾਜ ਸ਼ੁਰੂ ਕਰਵਾਇਆ। ਅਪ੍ਰੈਲ 2015 ਤੱਕ 4,221 ਏਡਜ਼ ਰੋਗੀਆਂ ਦੀ ਮੌਤ ਦਰਜ ਹੋਈ ਹੈ। ਵਿਭਾਗ ਦੇ ਰਿਕਾਰਡ ਅਨੁਸਾਰ ਫਰਵਰੀ 2014 ਦੌਰਾਨ ਪੰਜਾਬ ਵਿਚ 3,367 ਏਡਜ਼ ਰੋਗੀਆਂ ਦੀ ਮੌਤ ਦਰਜ ਹੋਈ ਸੀ। 
ਜ਼ਿਲਾ ਅੰਮ੍ਰਿਤਸਰ ''ਚ ਸਭ ਤੋਂ ਜ਼ਿਆਦਾ ਏਡਜ਼ ਰੋਗੀ
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੇ ਹੋਰਨਾਂ ਜ਼ਿਲਿਆਂ ਦੇ ਮੁਕਾਬਲੇ ਗੁਰੂਆਂ-ਪੀਰਾਂ ਦੀ ਧਰਤੀ ਜ਼ਿਲਾ ਅੰਮ੍ਰਿਤਸਰ ''ਚ ਏਡਜ਼ ਰੋਗੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ, ਜਦਕਿ ਜ਼ਿਲਾ ਫਾਜ਼ਿਲਕਾ ''ਚ ਏਡਜ਼ ਰੋਗੀਆਂ ਦੀ ਗਿਣਤੀ ਸਭ ਤੋਂ ਘੱਟ ਹੈ। ਰਿਪੋਰਟ ਅਨੁਸਾਰ ਜਿਥੇ ਕੁਝ ਫੀਸਦੀ ਲੋਕਾਂ ਦੇ ਏਡਜ਼ ਗ੍ਰਸਤ ਹੋਣ ਦਾ ਕਾਰਨ ਅਸੁਰੱਖਿਅਤ ਸੰਬੰਧ ਬਣਾਉਣਾ ਹੈ, ਉਥੇ ਹੀ ਜ਼ਿਆਦਾਤਰ ਉਹ ਲੋਕ ਹਨ, ਜਿਹੜੇ ਨਸ਼ਾ ਕਰਨ ਲਈ ਵਰਤੀ ਜਾਂਦੀ ਸਰਿੰਜ ਦਾ ਇਸਤੇਮਾਲ ਕਰਦੇ ਹਨ। ਪੀ. ਏ. ਸੀ. ਐੱਸ. ਵੱਲੋਂ ਉਕਤ ਅੰਕੜਿਆਂ ''ਤੇ ਚਿੰਤਾ ਜ਼ਾਹਰ ਕਰਦਿਆਂ ਏਡਜ਼ ਜਾਗਰੂਕਤਾ ਫੈਲਾਉਣ ''ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਪੀ. ਏ. ਸੀ. ਐੱਸ. ਵੱਲੋਂ ਸੰਸਥਾਵਾਂ ਦੇ ਸਹਿਯੋਗ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰ ਕੇ ਲੋਕਾਂ ਨੂੰ ਏਡਜ਼ ਫੈਲਣ ਦੇ ਕਾਰਨ ਤੇ ਬਚਾਅ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਜ਼ਿਲਿਆਂ ਵਿਚ ਏਡਜ਼ ਦੇ ਇਲਾਜ ਲਈ ਸੈਂਟਰ ਵੀ ਖੋਲ੍ਹੇ ਜਾ ਰਹੇ ਹਨ ਪਰ ਇਸ ਦੇ ਬਾਵਜੂਦ ਏਡਜ਼ ਰੋਗੀਆਂ ਦੇ ਗ੍ਰਾਫ ਵਿਚ ਕਮੀ ਨਹੀਂ ਆ ਰਹੀ।

Babita Marhas

News Editor

Related News