ਪੰਜਾਬ ਯੂਨੀਵਰਸਿਟੀ ''ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ

Sunday, Nov 29, 2026 - 02:10 PM (IST)

ਪੰਜਾਬ ਯੂਨੀਵਰਸਿਟੀ ''ਚ AI ਦਾ ਦਾਖ਼ਲਾ! ਹੁਣ ਹਰ ਵਿਸ਼ੇ ਦੀ ਪੜ੍ਹਾਈ ਤੋਂ ਖੋਜ ਤੱਕ ਹੋਵੇਗੀ ਵਰਤੋਂ

ਚੰਡੀਗੜ੍ਹ (ਸ਼ੀਨਾ) : ਕਲਾਸਰੂਮ ਤੋਂ ਲੈ ਕੇ ਰਿਸਰਚ ਪੇਪਰ ਤੱਕ ਹੁਣ ਆਰਟੀਫਿਸ਼ਲ ਇੰਟੈਲੀਜੈਂਸ (ਏ. ਆਈ.) ਦੀ ਵਰਤੋਂ ਤੇਜ਼ ਹੋਣ ਜਾ ਰਹੀ ਹੈ। ਪੰਜਾਬ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਟੰਕੇਸ਼ਵਰ ਕੁਮਾਰ ਨੇ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਏ. ਆਈ. ਟੂਲਜ਼ ਦੀ ਸੋਚ-ਸਮਝ ਕੇ ਵਰਤੋਂ ਕਰਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਏ. ਆਈ. ਨੂੰ ਸਿਰਫ਼ ਤਕਨੀਕੀ ਵਿਸ਼ਿਆਂ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ। ਮਨੁੱਖੀ ਵਿਸ਼ਿਆਂ, ਸਮਾਜਿਕ ਵਿਗਿਆਨ, ਮੈਨੇਜਮੈਂਟ, ਕਾਨੂੰਨ ਅਤੇ ਇੰਜੀਨੀਅਰਿੰਗ ਸਮੇਤ ਹਰ ਖੇਤਰ 'ਚ ਇਹ ਸਿੱਖਿਆ ਅਤੇ ਖੋਜ ਦੇ ਢੰਗ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ। ਪ੍ਰੋ. ਟੰਕੇਸ਼ਵਰ ਕੁਮਾਰ ਸ਼ਨੀਵਾਰ ਨੂੰ ਪੰਜਾਬ ਯੂਨੀਵਰਸਿਟੀ ਸਥਿਤ ਇੰਡੀਅਨ ਕੌਂਸਲ ਆਫ਼ ਸੋਸ਼ਲ ਸਾਇੰਸ ਰਿਸਰਚ-ਨਾਰਥ ਵੈਸਟਰਨ ਰੀਜਨਲ ਸੈਂਟਰ (ਆਈਸੀਐੱਸਐੱਸਆਰ-ਐੱਨਡਬਲਿਊਆਰਸੀ) ਵੱਲੋਂ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ, ਫਿਰੋਜ਼ਪੁਰ ਦੇ ਸਹਿਯੋਗ ਨਾਲ ਕਰਵਾਈ ਗਈ ਇਕ ਰੋਜ਼ਾ ਵਰਕਸ਼ਾਪ ‘ਟ੍ਰਾਂਸਫਾਰਮਿੰਗ ਟੀਚਿੰਗ ਐਂਡ ਰਿਸਰਚ ਥਰੂ ਆਰਟੀਫਿਸ਼ੀਅਲ ਇੰਟੈਲੀਜੈਂਸ’ ਨੂੰ ਸੰਬੋਧਨ ਕਰ ਰਹੇ ਸਨ। ਵਰਕਸ਼ਾਪ ਵਿੱਚ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਜੰਮੂ-ਕਸ਼ਮੀਰ ਤੋਂ 50 ਤੋਂ ਵੱਧ ਅਧਿਆਪਕਾਂ, ਖੋਜਕਰਤਾਵਾਂ ਅਤੇ ਅਕਾਦਮਿਕ ਮਾਹਿਰਾਂ ਨੇ ਹਿੱਸਾ ਲਿਆ।
ਹੁਣ ਏ. ਆਈ. ਸਿਰਫ਼ ਚੋਣ ਨਹੀਂ, ਕੰਮ ਦਾ ਹਿੱਸਾ ਬਣੇਗਾ
ਵੀ. ਸੀ. ਨੇ ਕਿਹਾ ਕਿ ਏ. ਆਈ. ਆਉਣ ਵਾਲੇ ਸਮੇਂ ਵਿੱਚ ਕੰਮ ਕਰਨ ਦੇ ਤਰੀਕੇ ਦਾ ਸਥਾਈ ਹਿੱਸਾ ਬਣਨ ਜਾ ਰਿਹਾ ਹੈ। ਇਸ ਲਈ ਅਧਿਆਪਕਾਂ ਅਤੇ ਖੋਜਕਰਤਾਵਾਂ ਨੂੰ ਆਪਣੀਆਂ ਲੋੜਾਂ ਮੁਤਾਬਕ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਮੁਤਾਬਕ ਏ. ਆਈ. ਦੀ ਸਹੀ ਵਰਤੋਂ ਨਾਲ ਉਤਪਾਦਕਤਾ, ਨਵੀਨਤਾ ਅਤੇ ਪੜ੍ਹਾਈ ਤੇ ਖੋਜ ਦੀ ਗੁਣਵੱਤਾ ਨੂੰ ਹੋਰ ਉੱਚਾ ਕੀਤਾ ਜਾ ਸਕਦਾ ਹੈ।
ਏ. ਆਈ. ਦੀ ਵਰਤੋਂ ’ਚ ਸਾਵਧਾਨੀ ਵੀ ਜ਼ਰੂਰੀ
ਐੱਸਬੀਐੱਸਐੱਸਯੂ ਫਿਰੋਜ਼ਪੁਰ ਦੇ ਵੀ. ਸੀ. ਡਾ. ਸੁਰੇਸ਼ ਕੁਮਾਰ ਸ਼ਰਮਾ ਨੇ ਖੋਜ, ਡਾਟਾ ਵਿਸ਼ਲੇਸ਼ਣ, ਨਵੀਨਤਾ ਅਤੇ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਏ. ਆਈ. ਦੀ ਵੱਧ ਰਹੀ ਭੂਮਿਕਾ ਬਾਰੇ ਜਾਣਕਾਰੀ ਦਿੱਤੀ। ਡੀਨ ਸਟੂਡੈਂਟਸ ਵੈਲਫੇਅਰ ਡਾ. ਸਨੀ ਬਹਿਲ ਨੇ ਏਆਈ ਦੀ ਜ਼ਿੰਮੇਵਾਰ ਅਤੇ ਨੈਤਿਕ ਵਰਤੋਂ ’ਤੇ ਜ਼ੋਰ ਦਿੰਦਿਆਂ ਅਕਾਦਮਿਕ ਇਮਾਨਦਾਰੀ, ਡਾਟਾ ਗੋਪਨੀਯਤਾ, ਪੱਖਪਾਤ ਅਤੇ ਪਾਰਦਰਸ਼ਤਾ ਵਰਗੇ ਮੁੱਦਿਆਂ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਏਆਈ ਨੂੰ ਮਨੁੱਖੀ ਬੁੱਧੀ, ਆਲੋਚਨਾਤਮਕ ਸੋਚ ਅਤੇ ਰਚਨਾਤਮਕਤਾ ਦਾ ਬਦਲ ਨਹੀਂ, ਸਗੋਂ ਸਹਾਇਕ ਬਣਾਉਣਾ ਚਾਹੀਦਾ ਹੈ।
ਰਿਸਰਚ ਪੇਪਰ ਤੋਂ ਲਿਟਰੇਚਰ ਰਿਵਿਊ ਤੱਕ ਵਰਤੋਂ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਅਭਿਨਵ ਭੰਡਾਰੀ ਨੇ ਪੜ੍ਹਾਈ ਅਤੇ ਖੋਜ ਵਿੱਚ ਏਆਈ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਅਕਾਦਮਿਕ ਸਮੱਗਰੀ ਤਿਆਰ ਕਰਨ ਅਤੇ ਅਧਿਆਪਨ-ਸਿੱਖਣ ਪ੍ਰਕਿਰਿਆ ਨੂੰ ਬਿਹਤਰ ਬਣਾਉਣ ਵਿੱਚ ਇਸ ਦੀ ਭੂਮਿਕਾ ਦੱਸੀ। ਪੀਯੂ ਦੇ ਯੂਨੀਵਰਸਿਟੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਪ੍ਰੋ. ਡਾ. ਨਵੀਨ ਅਗਰਵਾਲ ਨੇ ਅਕਾਦਮਿਕ ਲੇਖਨ ਅਤੇ ਲਿਟਰੇਚਰ ਰਿਵਿਊ ਵਿੱਚ ਏਆਈ ਦੀ ਵਰਤੋਂ ’ਤੇ ਚਰਚਾ ਕੀਤੀ। ਉਨ੍ਹਾਂ ਖੋਜ ਸਮੱਗਰੀ ਲੱਭਣ, ਖੋਜ ਸਮੱਸਿਆ ਦੀ ਪਛਾਣ ਅਤੇ ਰਿਸਰਚ ਪੇਪਰ ਤਿਆਰ ਕਰਨ ਵਿੱਚ ਏਆਈ ਦੀ ਭੂਮਿਕਾ ਬਾਰੇ ਦੱਸਿਆ। ਨਾਲ ਹੀ ਸਮੱਗਰੀ ਦੀ ਸਹੀ ਜਾਣਕਾਰੀ, ਮੌਲਿਕਤਾ ਅਤੇ ਸਹੀ ਹਵਾਲਿਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ।


author

Babita

Content Editor

Related News