ਜਦ ਖੇਤੀ ਆਰਡੀਨੈਂਸ ''ਤੇ ਵੋਟਿੰਗ ਹੋਈ ਹੀ ਨਹੀਂ ਤਾਂ ਸੁਖਬੀਰ ਬਾਦਲ ਕਿਥੇ ਕਰ ਆਏ ਵੋਟ : ਬਿੱਟੂ
Thursday, Sep 24, 2020 - 09:52 PM (IST)
ਲੁਧਿਆਣਾ,(ਰਿੰਕੂ)– ਲੋਕ ਸਭਾ ਹਲਕਾ ਲੁਧਿਆਣਾ ਤੋਂ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਖੇਤੀ ਆਰਡੀਨੈਂਸ ਦੇ ਹੱਕ ਜਾਂ ਵਿਰੋਧ ਬਾਰੇ ਪੈਦਾ ਹੋਈ ਸਥਿਤੀ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਲੋਕ ਸਭਾ ਮੈਂਬਰ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਹੈ ਕਿ ਉਹ ਸਪੱਸ਼ਟ ਕਰਨ ਕਿ ਜਦ ਇਸ ਆਰਡੀਨੈਂਸ 'ਤੇ ਕਿਸੇ ਵੀ ਤਰ੍ਹਾਂ ਦੀ ਵੋਟਿੰਗ ਹੋਈ ਹੀ ਨਹੀਂ ਤਾਂ ਉਹ ਇਸ ਆਰਡੀਨੈਂਸ ਦੇ ਵਿਰੋਧ 'ਚ ਵੋਟਿੰਗ ਕਿੱਥੇ ਕਰ ਗਏ?
ਅੱਜ ਇਥੋਂ ਜਾਰੀ ਬਿਆਨ 'ਚ ਬਿੱਟੂ ਨੇ ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ, ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ 'ਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇਸ ਆਰਡੀਨੈਂਸ 'ਤੇ ਕਿਸੇ ਵੀ ਤਰ੍ਹਾਂ ਦੀ ਵੋਟਿੰਗ ਕਰਾਉਣੀ ਜ਼ਰੂਰੀ ਨਹੀਂ ਸਮਝੀ ਪਰ ਸੁਖਬੀਰ ਸਿੰਘ ਬਾਦਲ ਆਪਣੀ ਅਤੇ ਪਾਰਟੀ ਦੀ ਦਿਨੋ-ਦਿਨ ਖ਼ਤਮ ਹੋ ਰਹੀ ਸ਼ਾਖ਼ ਨੂੰ ਬਚਾਉਣ ਵਾਸਤੇ ਲਗਾਤਾਰ ਬਿਆਨ ਦੇ ਰਹੇ ਹਨ ਕਿ ਉਨ੍ਹਾਂ ਨੇ ਲੋਕ ਸਭਾ ਮੈਂਬਰ ਵਜੋਂ ਇਸ ਆਰਡੀਨੈਂਸ ਦੇ ਵਿਰੋਧ 'ਚ ਵੋਟ ਪਾਈ ਹੈ।
ਬਿੱਟੂ ਨੇ ਕਿਹਾ ਕਿ ਜੇਕਰ ਮੰਨ ਵੀ ਲਿਆ ਜਾਵੇ ਕਿ ਸੁਖਬੀਰ ਸਿੰਘ ਬਾਦਲ ਨੇ ਇਸ ਆਰਡੀਨੈਂਸ ਦੇ ਵਿਰੋਧ 'ਚ ਵੋਟ ਪਾਈ ਹੈ ਤਾਂ ਉਹ ਇਹ ਵੀ ਸਪੱਸ਼ਟ ਕਰਨ ਕਿ ਹਰਸਿਮਰਤ ਕੌਰ ਬਾਦਲ ਨੇ ਉਸ ਵੇਲੇ ਕੇਂਦਰੀ ਮੰਤਰੀ ਹੁੰਦਿਆਂ ਇਸ ਦੇ ਵਿਰੋਧ 'ਚ ਜਾਂ ਹੱਕ ਵਿਚ ਵੋਟ ਪਾਈ? ਬਿੱਟੂ ਨੇ ਕਿਹਾ ਕਿ ਅਸਲ 'ਚ ਆਪਣੇ ਦਿਨੋ-ਦਿਨ ਖ਼ਤਮ ਹੁੰਦੇ ਜਾ ਰਹੇ ਲੋਕ ਮਿਆਰ ਤੋਂ ਘਬਰਾਇਆ ਹੋਇਆ ਬਾਦਲ ਪਰਿਵਾਰ ਆਪਣੇ ਝੂਠ ਦੇ ਬੁਣੇ ਹੋਏ ਮੱਕੜ ਜਾਲ 'ਚ ਖੁਦ ਹੀ ਫਸਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰਸਿਮਰਤ ਕੌਰ ਬਾਦਲ ਆਰਡੀਨੈਂਸ ਸਦਨ 'ਚ ਪੇਸ਼ ਹੋਣ ਤੋਂ ਪਹਿਲਾਂ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੰਦੀ ਤਾਂ ਅੱਜ ਸਥਿਤੀ ਕਿਸਾਨਾਂ ਦੇ ਹੱਕ 'ਚ ਹੋਣੀ ਸੀ। ਸ. ਬਿੱਟੂ ਨੇ ਇਹ ਵੀ ਦੋਸ਼ ਲਾਇਆ ਕਿ ਇਸ ਆਰਡੀਨੈਂਸ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਭਾਜਪਾ ਨਾਲ ਇੱਕ-ਮਿੱਕ ਹੈ, ਇਸੇ ਕਰ ਕੇ ਹੀ ਹਰਸਿਮਰਤ ਕੌਰ ਬਾਦਲ ਨੇ ਅਸਤੀਫ਼ਾ ਆਰਡੀਨੈਂਸ ਪਾਸ ਹੋਣ ਤੋਂ ਬਾਅਦ ਦਿੱਤਾ ਹੈ। ਉਨ੍ਹਾਂ ਬਾਦਲ ਪਰਿਵਾਰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਕੀਕਤ ਦਾ ਸ਼ੀਸ਼ਾ ਦਿਖਾਉਂਦਿਆਂ ਕਿਹਾ ਕਿ ਹੁਣ ਉਹ ਪੰਜਾਬ ਦੇ ਲੋਕਾਂ ਦੇ ਮੂੰਹਾਂ ਤੋਂ ਉੱਤਰ ਚੁੱਕੇ ਹਨ। ਉਨ੍ਹਾਂ ਦਾ ਕਿਸਾਨ ਵਿਰੋਧੀ ਅਸਲੀ ਚਿਹਰਾ ਲੋਕਾਂ ਦਾ ਸਾਹਮਣੇ ਆ ਚੁੱਕਾ ਹੈ।