ਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਕਿਸਾਨਾਂ ਨਾਲ ਮੀਟਿੰਗ, ਕਿਹਾ-ਹਰ ਹਾਲ ’ਚ ਚਲਾਈ ਜਾਵੇਗੀ ਫਗਵਾੜਾ ਖੰਡ ਮਿੱਲ

Thursday, Aug 18, 2022 - 10:04 PM (IST)

ਖੇਤੀਬਾੜੀ ਮੰਤਰੀ ਧਾਲੀਵਾਲ ਵੱਲੋਂ ਕਿਸਾਨਾਂ ਨਾਲ ਮੀਟਿੰਗ, ਕਿਹਾ-ਹਰ ਹਾਲ ’ਚ ਚਲਾਈ ਜਾਵੇਗੀ ਫਗਵਾੜਾ ਖੰਡ ਮਿੱਲ

 ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਫਗਵਾੜਾ ਖੰਡ ਮਿੱਲ ਹਰ ਹਾਲ ’ਚ ਚਲਾਈ ਜਾਵੇਗੀ ਅਤੇ ਗੰਨਾ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਅੱਜ ਇਥੇ ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਫਗਵਾੜਾ ਖੰਡ ਮਿੱਲ ਦੇ ਮਸਲੇ ਦਾ ਹੱਲ ਕੱਢਣ ਲਈ ਕਿਸਾਨਾਂ ਦੇ ਵਫ਼ਦ ਨਾਲ ਮੀਟਿੰਗ ਕੀਤੀ। ਖੇਤੀਬਾੜੀ ਮੰਤਰੀ ਨੇ ਕਿਸਾਨਾਂ ਦੇ ਵਫ਼ਦ ਨੂੰ ਭਰੋਸਾ ਦਿਵਾਇਆ ਕਿ ਇਸ ਸੀਜ਼ਨ ਦੌਰਾਨ ਫਗਵਾੜਾ ਖੰਡ ਮਿੱਲ ਚਲਾਉਣ ਲਈ ਵੱਖ-ਵੱਖ ਪੱਧਰ ’ਤੇ ਗੱਲਬਾਤ ਕੀਤੀ ਜਾ ਰਹੀ ਹੈ। ਕੁਲਦੀਪ ਧਾਲੀਵਾਲ ਨੇ ਕਿਸਾਨਾਂ ਨੂੰ ਕਿਹਾ ਕਿ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਸੁਹਿਰਦ ਹੈ ਅਤੇ ਸੂਬੇ ਦੀ ਕਿਸਾਨੀ ਨੂੰ ਲਾਹੇਵੰਦ ਬਣਾਉਣ ਲਈ ਠੋਸ ਨੀਤੀਆਂ ਲਿਆਂਦੀਆਂ ਜਾ ਰਹੀਆਂ ਹਨ। ਉਨ੍ਹਾਂ ਨਾਲ ਹੀ ਭਰੋਸਾ ਦਿਵਾਇਆ ਕਿ ਕਿਸਾਨਾਂ ਦੀ ਫਗਵਾੜਾ ਖੰਡ ਮਿੱਲ ਵੱਲ ਬਕਾਇਆ ਰਾਸ਼ੀ ਨੂੰ ਦਿਵਾਉਣ ਲਈ ਪੂਰੀ ਚਾਰਾਜੋਈ ਕੀਤੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਕਾਂਗਰਸੀ ਸਰਪੰਚ ਨੇ ਸ਼ਿਕਾਇਤ ਕਰਨ ’ਤੇ ਮੈਂਬਰ ਪੰਚਾਇਤ ਦੇ ਘਰ ’ਤੇ ਕੀਤੀ ਫਾਇਰਿੰਗ

ਉਨ੍ਹਾਂ ਨਾਲ ਹੀ ਕਿਹਾ ਕਿ ਖੰਡ ਮਿੱਲ ਮਾਲਕਾਂ, ਬੈਂਕਾਂ ਅਤੇ ਹੋਰ ਕਾਨੂੰਨੀ ਪਹਿਲੂਆਂ ਨੂੰ ਪੂਰੀ ਤਰ੍ਹਾਂ ਵਿਚਾਰ ਕੇ ਜਲਦ ਕਿਸਾਨਾਂ ਨੂੰ ਖੁਸ਼ਖ਼ਬਰੀ ਦਿੱਤੀ ਜਾਵੇਗੀ। ਖੇਤੀਬਾੜੀ ਮੰਤਰੀ ਨੇ ਫਗਵਾੜਾ ਖੰਡ ਮਿੱਲ ਚਲਾਉਣ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਗਵਾੜਾ ਖੰਡ ਮਿੱਲ ਬੰਦ ਨਹੀਂ ਹੋਣ ਦਿੱਤੀ ਜਾਵੇਗੀ, ਇਸ ਨੂੰ ਚਲਾਉਣ ਲਈ ਕਈ ਪ੍ਰਾਈਵੇਟ ਫਰਮਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਜੇਕਰ ਲੋੜ ਪਈ ਤਾਂ ਸਰਕਾਰ ਇਸ ਮਿੱਲ ਨੂੰ ਚਲਾਏਗੀ ਪਰ ਗੰਨਾ ਕਾਸ਼ਤਕਾਰਾਂ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਫਗਵਾੜਾ ਵਿਖੇ ਧਰਨਾ ਦੇ ਰਹੇ ਕਿਸਾਨਾਂ ਨੂੰ ਅਪੀਲ ਵੀ ਕੀਤੀ ਕਿ ਉਹ ਧਰਨਾ ਖ਼ਤਮ ਕਰਕੇ ਘਰਾਂ ਨੂੰ ਜਾਣ ਕਿਉਂਕਿ ਸਰਕਾਰ ਵੱਲੋਂ ਉਨ੍ਹਾਂ ਦੀ ਸਮੱਸਿਆ ਦਾ ਜਲਦ ਹੱਲ ਕਰ ਦਿੱਤਾ ਜਾਵੇਗਾ। ਇਸ ਮੀਟਿੰਗ ’ਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ, ਸੀਨੀਅਰ ਉਪ ਪ੍ਰਧਾਨ ਕ੍ਰਿਪਾਲ ਸਿੰਘ, ਸ਼ਹੀਦ ਭਗਤ ਸਿੰਘ ਨਗਰ ਦੇ ਜ਼ਿਲ੍ਹਾ ਪ੍ਰਧਾਨ ਕ੍ਰਿਪਾਲ ਸਿੰਘ ਮੂਸਾਪੁਰ ਅਤੇ ਜਲੰਧਰ ਤੋਂ ਕਿਸਾਨ ਆਗੂ ਹਰਪ੍ਰੀਤ ਸਿੰਘ ਹਾਜ਼ਰ ਸਨ।

 ਇਹ ਖ਼ਬਰ ਵੀ ਪੜ੍ਹੋ : ਫ਼ੋਨ ’ਤੇ ਧਮਕੀ ਭਰੇ ਮੈਸੇਜ ਭੇਜ ਫਿਰੌਤੀਆਂ ਮੰਗਣ ਵਾਲੇ 4 ਮੁਲਜ਼ਮ ਗ੍ਰਿਫ਼ਤਾਰ


author

Manoj

Content Editor

Related News