ਵੱਡੀ ਖ਼ਬਰ : ਹਰਸਿਮਰਤ ਬਾਦਲ ਦੇ ਸਕਦੇ ਹਨ ਕੇਂਦਰੀ ਵਜ਼ੀਰੀ ਤੋਂ ਅਸਤੀਫ਼ਾ!

09/16/2020 10:05:01 PM

ਜਲੰਧਰ (ਵੈੱਬ ਡੈਸਕ) : ਖੇਤੀ ਬਿੱਲਾਂ ਨੂੰ ਲੈ ਕੇ ਜਿੱਥੇ ਪੂਰੇ ਦੇਸ਼ ਦੀ ਸਿਆਸਤ ਭਖੀ ਹੋਈ ਹੈ, ਉਥੇ ਪੰਜਾਬ 'ਚ ਅਕਾਲੀ ਦਲ ਦੇ ਅੰਦਰ ਵੀ ਸਭ ਸੁੱਖ-ਸਾਂਦ ਨਹੀਂ ਜਾਪ ਰਿਹਾ। ਖ਼ਬਰਾਂ ਆ ਰਹੀਆਂ ਹਨ ਕਿ ਪਾਰਟੀ ਦੇ ਬਹੁ-ਗਿਣਤੀ ਨੇਤਾ ਜੋ ਖੇਤੀ ਬਿੱਲਾਂ ਦੇ ਖ਼ਿਲਾਫ਼ ਹਨ, ਉਨ੍ਹਾਂ ਸੁਖਬੀਰ ਸਿੰਘ ਬਾਦਲ ਸਾਹਮਣੇ ਵੀ ਇਨ੍ਹਾਂ ਬਿੱਲਾਂ ਦਾ ਵਿਰੋਧ ਕੀਤਾ ਅਤੇ ਅਪੀਲ ਕੀਤੀ ਕਿ ਸਾਨੂੰ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਹੈ ਅਤੇ ਜੇਕਰ ਭਾਜਪਾ ਸਾਡੇ ਕਹੇ ਮੁਤਾਬਕ ਸੋਧ ਨਹੀਂ ਕਰਦੀ ਤਾਂ ਬੀਬੀ ਬਾਦਲ ਨੂੰ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ। ਰਾਤੋ-ਰਾਤ ਉਨ੍ਹਾਂ ਲੀਡਰਾਂ ਦੇ ਪ੍ਰਭਾਵ ਹੇਠ ਆ ਕੇ ਹੀ ਸੁਖਬੀਰ ਬਾਦਲ ਨੇ ਕੋਰ ਕਮੇਟੀ ਬੁਲਾਈ ਜਿਸ ਵਿਚ ਤੁਰੰਤ ਯੂ-ਟਰਨ ਲਿਆ ਗਿਆ। ਉਸ ਤੋਂ ਬਾਅਦ ਸੁਖਬੀਰ ਬਾਦਲ ਟਵੀਟ ਕਰਕੇ ਪ੍ਰੈੱਸ ਨੋਟ ਜਾਰੀ ਕਰਦੇ ਹਨ ਅਤੇ ਉਸੇ ਆਰਡੀਨੈਂਸ ਨੂੰ ਗ਼ਲਤ ਠਹਿਰਾਉਂਦੇ ਹਨ, ਜਿਸ ਨੂੰ ਸਹੀ ਸਾਬਤ ਕਰਨ ਲਈ ਉਨ੍ਹਾਂ ਨੇ ਪੂਰੀ ਵਾਹ ਲਗਾ ਦਿੱਤੀ ਸੀ ਤੇ ਲੋਕ ਸਭਾ ਵਿਚ ਵੀ ਇਸ ਆਰਡੀਨੈਂਸ ਦਾ ਪੱਖ ਪੂਰਿਆ ਸੀ। ਦਰਅਸਲ ਕਿਸਾਨਾਂ ਦੇ ਵੱਡੇ ਵਿਰੋਧ ਅਤੇ ਆਪਣੇ ਹੀ ਲੀਡਰਾਂ ਦੇ ਮਸ਼ਵਰੇ ਤੋਂ ਬਾਅਦ ਅਕਾਲੀ ਦਲ ਨੂੰ ਵੀ ਇਹ ਚਾਨਣ ਹੋ ਗਿਆ ਹੈ ਕਿ ਉਨ੍ਹਾਂ ਦਾ ਸਟੈਂਡ ਸਹੀ ਨਹੀਂ ਹੈ।

ਇਹ ਵੀ ਪੜ੍ਹੋ :  ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਬਾਦਲਾਂ ਨੂੰ ਨਸੀਹਤ

ਜਾਣਕਾਰੀ ਮੁਤਾਬਕ ਅੱਜ ਦੋਵੇਂ ਮੁੱਖ ਖੇਤੀਬਾੜੀ ਸੋਧ ਬਿੱਲ ਲੋਕ ਸਭਾ ਵਿਚ ਪੇਸ਼ ਹੋਣ ਜਾ ਰਹੇ ਹਨ। ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਜਿੱਥੇ ਇਸ ਬਿੱਲ ਦਾ ਵਿਰੋਧ ਕਰਨਗੇ, ਉਥੇ ਹੀ ਆਉਣ ਵਾਲੇ ਸਮੇਂ ਵਿਚ ਹਰਸਮਿਰਤ ਕੌਰ ਬਾਦਲ ਕੇਂਦਰ ਦੀ ਵਜ਼ੀਰੀ ਤੋਂ ਅਸਤੀਫ਼ਾ ਵੀ ਦੇ ਸਕਦੇ ਹਨ। 

ਇਹ ਵੀ ਪੜ੍ਹੋ :  ਲੁਟੇਰਿਆਂ ਨੂੰ ਧੂੜ ਚਟਾਉਣ ਵਾਲੀ ਜਲੰਧਰ ਦੀ ਧੀ ਨੂੰ ਐੱਨ. ਆਰ. ਆਈ. ਨੇ ਕਮਿਸ਼ਨਰ ਹੱਥ ਭੇਜਿਆ ਤੋਹਫਾ

ਬੇਸ਼ੱਕ ਅਕਾਲੀ ਦਲ ਨੂੰ ਖੇਤੀ ਆਰਡੀਨੈਂਸਾਂ ਦਾ ਸਮਰਥਨ ਕਰਨ 'ਤੇ ਕਾਫੀ ਕਿਰਕਿਰੀ ਦਾ ਸਾਹਮਣਾ ਕਰਨਾ ਪਿਆ ਹੈ ਪਰ ਅਕਾਲੀ ਦਲ ਹੁਣ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਤਾਂ ਅਕਾਲੀ ਦਲ ਆਪਣਾ ਕਿਸਾਨੀ ਵੋਟ ਬੈਂਕ ਬਹਾਲ ਕਰਨਾ ਚਾਹੁੰਦਾ ਹੈ ਅਤੇ ਦੂਜਾ ਉਹ ਭਾਜਪਾ ਨਾਲ ਰਲੇਵੇਂ ਦਾ ਲੱਗਣ ਵਾਲਾ ਠੱਪਾ ਵੀ ਹਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਸਿਆਸੀ ਮਾਹਿਰਾਂ ਮੁਤਾਬਕ ਅਕਾਲੀ ਦਲ ਅੰਦਰੂਨੀ ਤੌਰ 'ਤੇ ਇਹ ਵੀ ਜਾਣ ਚੁੱਕਾ ਹੈ ਕਿ ਬੀਤੇ ਸਮੇਂ ਤੋਂ ਭਾਜਪਾ ਨੇ ਉਨ੍ਹਾਂ ਨੂੰ ਬਹੁਤੀ ਤਵੱਜੋ ਨਹੀਂ ਦਿੱਤੀ ਜਦਕਿ ਕੁੱਝ ਬਾਗੀ ਲੀਡਰਾਂ ਦੇ ਰਾਹੀਂ ਉਲਟਾ ਅਕਾਲੀ ਦਲ ਨੂੰ ਸਿਆਸੀ ਢਾਹ ਲਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾ ਰਹੀ ਹੈ। ਸੋ ਅਜਿਹੇ ਵਿਚ ਅਕਾਲੀ ਦਲ ਦੇ ਕੁੱਝ ਲੀਡਰਾਂ ਦਾ ਮੰਨਣਾ ਹੈ ਕਿ ਇਸ ਤੋਂ ਪਹਿਲਾਂ ਭਾਜਪਾ ਉਨ੍ਹਾਂ ਨੂੰ ਲਾਲ ਝੰਡਾ ਵਿਖਾ ਦੇਵੇ ਕਿਉਂ ਨਾ ਉਹ ਖੁਦ ਹੀ ਅਜਿਹਾ ਫ਼ੈਸਲਾ ਕਰਨ ਜਿਸ ਨਾਲ ਕਿਸਾਨੀ ਅਤੇ ਪੰਥਕ ਵੋਟ ਬੈਂਕ ਵਿਚ ਉਨ੍ਹਾਂ ਦੀ ਲਾਜ ਵੀ ਬਚ ਜਾਵੇ ਅਤੇ ਆਉਣ ਵਾਲੇ ਸਮੇਂ ਵਿਚ ਉਨ੍ਹਾਂ ਨੂੰ ਵੱਡੇ ਮਸਲਿਆਂ ਦਾ ਸਾਹਮਣਾ ਵੀ ਨਾ ਕਰਨਾ ਪਵੇ।

ਇਹ ਵੀ ਪੜ੍ਹੋ :  ਪ੍ਰਕਾਸ਼ ਸਿੰਘ ਬਾਦਲ ਦੀਆਂ ਬਰੂਹਾਂ 'ਤੇ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ


Gurminder Singh

Content Editor

Related News