ਭਗਵੰਤ ਮਾਨ ਦੀ ਅਗਵਾਈ ਵਿਚ ਉੱਨਤ ਖੇਤੀ ਮਾਡਲ ਪੰਜਾਬ ’ਚ ਹੋਵੇਗਾ ਲਾਗੂ : ਅਰਵਿੰਦ ਕੇਜਰੀਵਾਲ

Monday, May 23, 2022 - 11:42 AM (IST)

ਭਗਵੰਤ ਮਾਨ ਦੀ ਅਗਵਾਈ ਵਿਚ ਉੱਨਤ ਖੇਤੀ ਮਾਡਲ ਪੰਜਾਬ ’ਚ ਹੋਵੇਗਾ ਲਾਗੂ : ਅਰਵਿੰਦ ਕੇਜਰੀਵਾਲ

ਚੰਡੀਗੜ੍ਹ (ਅਸ਼ਵਨੀ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਅਧੀਨ ਪੰਜਾਬ ’ਚ ਉੱਨਤ ਖੇਤੀ ਮਾਡਲ ਲਾਗੂ ਹੋਵੇਗਾ। ਇਹ ਵਿਸ਼ਵਾਸ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਤਾਇਆ ਹੈ। ਚੰਡੀਗੜ੍ਹ ਦੇ ਟੈਗੋਰ ਥਿਏਟਰ ’ਚ ਗਲਵਾਨ ਘਾਟੀ ਅਤੇ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ ਜਵਾਨਾਂ ਅਤੇ ਕਿਸਾਨਾਂ ਨੂੰ ਸ਼ਰਧਾਂਜ਼ਲੀ ਦਿੰਦੇ ਕੇਜਰੀਵਾਲ ਨੇ ਕਿਹਾ ਕਿ ਬਿਨ੍ਹਾਂ ਸ਼ੱਕ ਪੰਜਾਬ ਛੇਤੀ ਹੀ ਉੱਨਤ ਖੇਤੀ ਢੰਗਾਂ ’ਤੇ ਆਧਾਰਿਤ ਵਿਲੱਖਣ ਖੇਤੀ ਮਾਡਲ ਦੇ ਨਾਲ ਮੋਹਰੀ ਰਾਜ ਬਣ ਜਾਵੇਗਾ। ਸ਼ਰਧਾਂਜ਼ਲੀ ਸਮਾਗਮ ਵਿਚ ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਵ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਰਾਵ ਨੇ ਕਿਸਾਨਾਂ ਨੂੰ ਕੇਂਦਰ ਵਲੋਂ ਸੰਵਿਧਾਨਕ ਗਾਰੰਟੀ ਦੇ ਨਾਲ ਸਾਰੀਆਂ ਫਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਲਈ ਦੁਬਾਰਾ ਦੇਸਵਿਆਪੀ ਅੰਦੋਲਨ ਸ਼ੁਰੂ ਕਰਨ ਦਾ ਐਲਾਨ ਕੀਤਾ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦਾ ਇਸ ਸੰਘਰਸ਼ ਵਿਚ ਸਿਰਫ਼ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰਪ੍ਰਦੇਸ਼ ਤੱਕ ਸੀਮਤ ਨਹੀਂ ਰਹਿਣਾ ਚਾਹੀਦਾ ਹੈ ਸਗੋਂ ਸਾਰੇ ਰਾਜਾਂ ਦੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਤੋਂ ਮੰਗਾਂ ਨੂੰ ਮਨਵਾਉਣ ਲਈ ਅੱਗੇ ਆਉਣ। ਅਜਿਹੇ ਸੰਘਰਸ਼ ਦੇਸ ਭਰ ਦੇ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦਾ ਮੂਲ ਆਧਾਰ ਹੈ। ਇਸਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖੇਤੀ ਨੂੰ ਆਰਥਿਕ ਤੌਰ ’ਤੇ ਟਿਕਾਊ ਅਤੇ ਲਾਭ ਵਾਲਾ ਕਾਰਜ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਇਆ। ਸਮਾਗਮ ਦੌਰਾਨ ਕਿਸਾਨ ਸੰਘਰਸ਼ ਅਤੇ ਗਲਵਾਨ ਘਾਟੀ ਵਿਚ ਸ਼ਹੀਦ ਹੋਏ ਪਰਿਵਾਰਾਂ ਨੂੰ ਕਰਮਵਾਰ 3 ਲੱਖ ਰੁਪਏ ਅਤੇ 10 ਲੱਖ ਰੁਪਏ ਦੀ ਵਿੱਤੀ ਸਹਾਇਤਾ ਭੇਂਟ ਕੀਤੀ ਗਈ।

ਇਹ ਵੀ ਪੜ੍ਹੋ : ਰੋਡ ਰੇਜ ਮਾਮਲੇ ’ਚ ਜੇਲ ਜਾਣ ਵਾਲੇ ਸਿੱਧੂ ਜੇ ਅਪਣਾਉਂਦੇ ਹਨ ਚੰਗਾ ਆਚਰਣ ਤਾਂ ਸਮੇਂ ਤੋਂ ਪਹਿਲਾਂ ਮਿਲ ਸਕਦੀ ਹੈ ਰਿਹਾਈ    

ਪਿਛਲੀਆਂ ਸਰਕਾਰਾਂ ਦੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੌੜੀ ਸੋਚ ਅਤੇ ਮਾੜੇ ਰਵੱਈਏ ਸਦਕਾ ਕਿਸਾਨਾਂ ਦੇ ਹਿੱਤਾਂ ਨੂੰ ਮੁੱਢੋਂ ਅਣਗੌਲਿਆ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਤ੍ਰਾਸਦੀ ਹੈ ਕਿ ਪੰਜਾਬ ਦਾ ਕਿਸਾਨ ਜਿਸ ਦੀ ਜ਼ਮੀਨ ਸਾਰੀ ਦੁਨੀਆਂ ਵਿਚ ਸਭ ਤੋਂ ਵੱਧ ਜਰਖੇਜ਼ ਹੈ ਅਤੇ ਦੂਜੇ ਹਿੱਸਿਆਂ ਅਤੇ ਦੁਨੀਆਂ ਦੇ ਹੋਰ ਖਿੱਤਿਆਂ ਦੇ ਮੁਕਾਬਲੇ ਵੰਨ-ਸੁਵੰਨੀਆਂ ਫ਼ਸਲਾਂ ਦਾ ਵੱਧ ਝਾੜ ਦੇ ਬਾਵਜੂਦ ਉਹ ਅਤਿ ਦੀ ਗਰੀਬੀ ਹੰਢਾ ਰਹੇ ਹਨ। ਇਸ ਕਾਰਣ ਉਸ ਨੂੰ ਦੋ ਡੰਗ ਦੀ ਰੋਟੀ ਨਸੀਬ ਹੋਣਾ ਵੀ ਮੁਹਾਲ ਹੈ, ਜਦੋਂਕਿ ਬਾਹਰਲੇ ਮੁਲਕਾਂ ਦੇ ਕਿਸਾਨ ਜਿਨ੍ਹਾਂ ਕੋਲ ਬਹੁਤ ਹੀ ਘੱਟ ਉਪਜਾਊ ਜ਼ਮੀਨ ਹੈ ਅਤੇ ਉਨ੍ਹਾਂ ਨੂੰ ਖੇਤੀ ਕਰਨ ਲਈ ਕਈ ਤਰ੍ਹਾਂ ਦੀਆਂ ਮੌਸਮੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਵਧੀਆ ਅਤੇ ਸੁਖਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ। ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਲੀਡਰਸ਼ਿਪ ਨੂੰ ਵੰਗਾਰਦਿਆਂ ਪੁੱਛਿਆ ਕਿ ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਅਤੇ ਸਰਬਵੱਖੀ ਵਿਕਾਸ ਲਈ ਕੀ ਪਹਿਲ ਕਦਮੀਆਂ ਕੀਤੀਆਂ ਹਨ, ਜਿਸ ਕਾਰਨ ਖੇਤੀ ਧੰਦਾ ਘੱਟ ਮੁਨਾਫ਼ੇ ਅਤੇ ਵਧੇਰੇ ਖਰਚੇ ਵਾਲਾ ਹੋਣ ਕਾਰਨ ਉਹ ਕਰਜ਼ੇ ਦੇ ਜਾਲ ਵਿਚ ਬੁਰੀ ਤਰ੍ਹਾਂ ਫਸਦੇ ਗਏ। ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਅਤੇ ਸਹੀਦ ਸੈਨਿਕਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਸਕੂਲੀ ਸਿੱਖਿਆ, ਸਿਹਤ ਖੇਤਰ ਦਾ ਬੁਨਿਆਦੀ ਢਾਂਚਾ, ਮੁਹੱਲਾ ਕਲੀਨਿਕ ਅਤੇ ਸਸਤੀਆਂ ਦਰਾਂ ‘ਤੇ ਨਿਰਵਿਘਨ ਬਿਜਲੀ ਦੇਣ ਦਾ ਮਾਡਲ ਕਿਸੇ ਵੀ ਸੂਬੇ ਜਾਂ ਦੇਸ਼ ਲਈ ਹੁਣ ਵਿਕਾਸ ਦੇ ਵਿਸਵ ਪ੍ਰਸਿੱਧ ਮਾਡਲ ਵਜੋਂ ਉੱਭਰਿਆ ਹੈ। ਕੇਜਰੀਵਾਲ ਨੇ ਕਿਹਾ ਕਿ ਬਿਨਾਂ ਸੱਕ ਪੰਜਾਬ ਛੇਤੀ ਹੀ ਅਗਾਂਹਵਧੂ ਖੇਤੀ ਤਜਰਬਿਆਂ ਅਤੇ ਅਮਲਾਂ ‘ਤੇ ਅਧਾਰਤ ਵਿਲੱਖਣ ਖੇਤੀ ਮਾਡਲ ਲਿਆਉਣ ਲਈ ਮੋਹਰੀ ਸੂਬਾ ਬਣ ਜਾਵੇਗਾ ਤਾਂ ਜੋ ਕਿਸਾਨੀ ਪਿਛੋਕੜ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸੀ ਅਗਵਾਈ ਹੇਠ ਫਸਲੀ ਵਿਭਿੰਨਤਾ ‘ਤੇ ਜੋਰ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਹੀ ਖੇਤੀਬਾੜੀ ਸੈਕਟਰ ਨੂੰ ਸਿਖਰਾਂ ਵੱਲ ਲਿਜਾਣ ਲਈ ਕੁਝ ਕਿਸਾਨ ਪੱਖੀ ਕਦਮ ਚੁੱਕ ਕੇ ਇਸ ਪਾਸੇ ਵੱਲ ਨਿਮਾਣੀ ਜਿਹੀ ਸ਼ੁਰੂਆਤ ਕਰ ਦਿੱਤੀ ਹੈ। ਕੇਜਰੀਵਾਲ ਨੇ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੀ ਤਰਜ ’ਤੇ ਖੇਤੀ ਦੇ ਇਸ ਨਵੀਨਤਮ ਮਾਡਲ ਨੂੰ ਦੇਸ ਦੇ ਹੋਰ ਸੂਬਿਆਂ ਵੱਲੋਂ ਵੀ ਆਪਣੀ ਖੇਤੀ ਆਰਥਿਕਤਾ ਨੂੰ ਸੁਧਾਰਨ ਲਈ ਲਾਗੂ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਦੇ ਪ੍ਰਦੂਸ਼ਿਤ ਸ਼ਹਿਰਾਂ ’ਚ ਗੋਬਿੰਦਗੜ੍ਹ ਪਹਿਲੇ ਤੇ ਲੁਧਿਆਣਾ ਦੂਜੇ ਨੰਬਰ ’ਤੇ

ਕਿਸਾਨਾਂ ਨਾਲ ਇਕਜੁਟਤਾ ਦਿਖਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਵਲੋਂ ਉਨ੍ਹਾਂ ਦੀ ਸਰਕਾਰ ‘ਤੇ ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੇ ਸਾਰੇ ਸਟੇਡੀਅਮਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਵਿਚ ਤਬਦੀਲ ਕਰਨ ਲਈ ਬਹੁਤ ਦਬਾਅ ਪਾਇਆ ਜਾ ਰਿਹਾ ਸੀ ਤਾਂ ਜੋ ਕਾਲੇ ਖੇਤੀ ਕਾਨੂੰਨ ਵਿਰੁੱਧ ਸੰਘਰਸ ਦੌਰਾਨ ਕਿਸਾਨਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਲੋਕ ਅੰਦੋਲਨ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿਉਂਕਿ ਉਹ ‘ਅੰਨਾ ਅੰਦੋਲਨ‘ ਵਿਚ ਵੀ ਮੋਹਰੀ ਸਨ ਅਤੇ ਇਸ ਲਈ ਕੇਂਦਰ ਸਰਕਾਰ ਦੇ ਦਬਾਅ ਹੇਠ ਝੁਕੇ ਨਹੀਂ। ਇਸ ਮੌਕੇ ਪੀੜਤ ਕਿਸਾਨਾਂ ਅਤੇ ਗਲਵਾਨ ਘਾਟੀ ਦੇ ਸਹੀਦਾਂ ਨੂੰ ਸਰਧਾਂਜਲੀ ਭੇਟ ਕਰਦੇ ਹੋਏ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸੇਖਰ ਰਾਓ ਨੇ ਕਿਹਾ ਕਿ ਦੁੱਖ ਦੀ ਘੜੀ ਵਿਚ ਇਨ੍ਹਾਂ ਪਰਿਵਾਰਾਂ ਦੀ ਇਮਦਾਦ ਕਰਨਾ ਉਨ੍ਹਾਂ ਦੀ ਸਰਕਾਰ ਦੀ ਦਿ੍ਰੜ ਵਚਨਬੱਧਤਾ ਸੀ। ਇਸ ਮੌਕੇ ਰਾਓ ਨੇ ਅਫਸੋਸ ਜ਼ਾਹਰ ਕੀਤਾ ਕਿ ਉਨ੍ਹਾਂ ਨੂੰ ਇਸ ਨੇਕ ਕਾਰਜ ਲਈ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ ਪਰ ਵਿਧਾਨ ਸਭਾ ਦੀ ਚੋਣ ਪ੍ਰਕਿਰਿਆ ਦੌਰਾਨ ਪੰਜਾਬ ਵਿਚ ਚੋਣ ਜਾਬਤੇ ਕਾਰਣ ਅਜਿਹਾ ਸੰਭਵ ਨਹੀਂ ਹੋ ਸਕਿਆ। ਕਿਸਾਨਾਂ ਨੂੰ ਕੇਂਦਰ ਤੋਂ ਸੰਵਿਧਾਨਕ ਗਾਰੰਟੀ ਦੇ ਨਾਲ ਸਾਰੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕੁਲ ਮੰਗਾਂ ਲਈ ਆਪਣਾ ਅੰਦੋਲਨ ਮੁੜ ਸੁਰੂ ਕਰਨ ਦਾ ਸੱਦਾ ਦਿੰਦਿਆਂ ਰਾਓ ਨੇ ਕਿਹਾ ਕਿ ਹੁਣ ਇਹ ਸੰਘਰਸ ਸਿਰਫ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਬਾਕੀ ਸੂਬਿਆਂ ਦੇ ਸਾਰੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਤੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਸਰਗਰਮੀ ਨਾਲ ਅੱਗੇ ਆਉਣ। ਉਨ੍ਹਾਂ ਕਿਹਾ ਕਿ ਅਜਿਹੇ ਸੰਘਰਸ ਦੇਸ ਭਰ ਦੇ ਕਿਸਾਨਾਂ ਦੀ ਭਲਾਈ ਅਤੇ ਖੁਸਹਾਲੀ ਨੂੰ ਯਕੀਨੀ ਬਣਾਉਣ ਦਾ ਮੂਲ ਆਧਾਰ ਹਨ। ਉਨ੍ਹਾਂ ਨੇ ਸਾਲ 2014 ਤੋਂ ਉਨ੍ਹਾਂ ਦੇ ਸੱਤਾਕਾਲ ਵਿਚ ਸੂਬੇ ਦੀ ਸਥਾਪਨਾ ਤੋਂ ਬਾਅਦ ਫਸਲੀ ਵਿਭਿੰਨਤਾ ਨੂੰ ਉਤਸਾਹਿਤ ਕਰਨ, ਖੇਤੀ ਸੈਕਟਰ ਵਿਚ ਮੁਫਤ ਬਿਜਲੀ ਅਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਤੋਂ ਇਲਾਵਾ ਸਾਰੇ ਵਰਗਾਂ ਦੇ ਖਪਤਕਾਰਾਂ ਲਈ 24 ਘੰਟੇ ਬਿਜਲੀ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੁਆਰਾ ਕੀਤੀਆਂ ਮਹੱਤਵਪੂਰਨ ਪਹਿਲਕਦਮੀਆਂ ਬਾਰੇ ਵੀ ਸੰਖੇਪ ਵਿਚ ਚਾਨਣਾ ਪਾਇਆ। ਰਾਓ ਨੇ ਖੇਤੀ ਸੈਕਟਰ ਵਿਚ ਬਿਜਲੀ ਮੀਟਰ ਲਾਉਣ ਦੇ ਕੇਂਦਰ ਦੇ ਕਦਮ ਦਾ ਸਪੱਸਟ ਤੌਰ ‘ਤੇ ਵਿਰੋਧ ਕਰਦਿਆਂ ਕਿਹਾ ਕਿ ਅਸੀਂ ਪਹਿਲਾਂ ਹੀ ਆਪਣੇ ਸੂਬੇ ਦੀ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰ ਚੁੱਕੇ ਹਾਂ ਕਿ ਤਿਲੰਗਾਨਾ ਸਰਕਾਰ ਕਿਸਾਨ ਭਾਈਚਾਰੇ ਦੇ ਵਡੇਰੇ ਹਿੱਤ ਵਿਚ ਅਜਿਹਾ ਨਹੀਂ ਕਰੇਗੀ।

PunjabKesari

ਇਸ ਮੌਕੇ ਤਿਲੰਗਾਨਾ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਮਿਲ ਕੇ ਪੰਜਾਬ ਦੇ 24 ਕਿਸਾਨ ਪਰਿਵਾਰਾਂ ਅਤੇ ਹਰਿਆਣਾ ਦੇ 5 ਕਿਸਾਨ ਪਰਿਵਾਰਾਂ ਨੂੰ 3-3 ਲੱਖ ਰੁਪਏ ਦੇ ਚੈੱਕ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ 4 ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਮੰਚ ਤੋਂ ਸੰਕੇਤਕ ਰੂਪ ਵਿਚ ਸੌਂਪੇ। ਉਨ੍ਹਾਂ ਨੇ ਕਿਸਾਨਾਂ ਅਤੇ ਸਹੀਦਾਂ ਦੇ ਦੁਖੀ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਔਖੀ ਘੜੀ ਵਿਚ ਪੂਰਾ ਦੇਸ ਉਨ੍ਹਾਂ ਦੇ ਨਾਲ ਹੈ। ਇਸ ਦੌਰਾਨ ਪੰਜਾਬ ਦੇ 543 ਪੀੜਤ ਕਿਸਾਨਾਂ ਦੇ ਪਰਿਵਾਰਾਂ ਤੋਂ ਇਲਾਵਾ ਹਰਿਆਣਾ ਦੇ 150 ਕਿਸਾਨ ਪਰਿਵਾਰਾਂ ਅਤੇ ਗਲਵਾਨ ਘਾਟੀ ਦੇ 5 ਸ਼ਹੀਦ ਪਰਿਵਾਰਾਂ ਨੂੰ ਉਨ੍ਹਾਂ ਦੇ ਨੋਡਲ ਅਫਸਰਾਂ ਰਾਹੀਂ ਚੈੱਕ ਦਿੱਤੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਤਿਲੰਗਾਨਾ ਦੇ ਕੈਬਨਿਟ ਮੰਤਰੀ ਵੀ. ਪ੍ਰਸੰਥ ਰੈਡੀ ਅਤੇ ਸੰਸਦ ਮੈਂਬਰ ਨਾਮਾ ਨਾਗੇਸਵਰ ਰਾਓ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ ਟਿਕੈਤ, ਤੇਲੰਗਾਨਾ ਦੇ ਮੁੱਖ ਸਕੱਤਰ ਸੋਮੇਸ ਕੁਮਾਰ, ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਤੋਂ ਇਲਾਵਾ ਤਿਲੰਗਾਨਾ ਦੇ ਮੁੱਖ ਮੰਤਰੀ ਨਾਲ ਆਏ ਕਈ ਵਿਧਾਇਕ ਵੀ ਹਾਜ਼ਰ ਸਨ।\

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


 


author

Anuradha

Content Editor

Related News