ਖੇਤੀ ਨੂੰ ਲਾਹੇਵੰਦ ਧੰਦਾ ਬਣਾਉਣ ਲਈ ਫਸਲਾਂ ਦੇ ਮੁੱਲ ’ਚ ਵਾਧਾ ਕਰਨਾ ਹੈ ਸਮੇਂ ਦੀ ਮੰਗ : ਫ਼ੌਜਾ ਸਿੰਘ ਸਰਾਰੀ
Tuesday, Nov 08, 2022 - 09:45 AM (IST)

ਚੰਡੀਗੜ੍ਹ (ਬਿਊਰੋ) : ਸੀ. ਆਈ. ਆਈ. ਐਗਰੋ ਟੈਕ ਇੰਡੀਆ ਦਾ 15ਵਾਂ ਐਡੀਸ਼ਨ ਸੋਮਵਾਰ ਨੂੰ ਸਮਾਪਤ ਹੋਇਆ। ਚਾਰ ਰੋਜ਼ਾ ਪ੍ਰੀਮੀਅਰ ਐਗਰੀ ਐਂਡ ਫੂਡ ਟੈਕਨਾਲੋਜੀ ਮੇਲੇ ਦੇ ਸਮਾਪਤੀ ਸੈਸ਼ਨ ਦਾ ਮੁੱਖ ਸੰਦੇਸ਼ ਸੀ ਕਿ ਪੰਜਾਬ ਦੇ ਲੋਕਾਂ ਲਈ ਖੇਤੀਬਾੜੀ ਇਕ ਪ੍ਰੰਪਰਾ ਅਤੇ ਜਨੂੰਨ ਹੈ। ਖੋਜ ਦੀ ਸ਼ਕਤੀ ਨੂੰ ਵੀ ਬਣਦਾ ਮਹੱਤਵ ਦੇਣ ਦੀ ਲੋੜ ਹੈ। ਸੈਸ਼ਨ ਦੇ ਮੁੱਖ ਮਹਿਮਾਨ ਫੂਡ ਪ੍ਰੋਸੈਸਿੰਗ ਅਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਲਈ ਨੀਤੀਗਤ ਸੁਧਾਰਾਂ ਦੇ ਨਾਲ-ਨਾਲ ਨਵੀਨਤਾ ਅਤੇ ਜ਼ਮੀਨੀ ਪੱਧਰ ’ਤੇ ਨਵੀਆਂ ਤਕਨੀਕਾਂ ਰਾਹੀਂ ਕਈ ਨਿਵੇਕਲੀਆਂ ਪਹਿਲਕਦਮੀਆਂ ਕੀਤੀਆਂ ਹਨ।
ਐਗਰੋ ਟੈਕ ਇੰਡੀਆ-2022 ਦੀ ਸਫਲ ਮੇਜ਼ਬਾਨੀ ਲਈ ਸੀ.ਆਈ.ਆਈ. ਨੂੰ ਵਧਾਈ ਦਿੰਦੇ ਹੋਏ ਸਰਾਰੀ ਨੇ ਕਿਹਾ ਕਿ ਕਿਸਾਨਾਂ ਅਤੇ ਉਦਯੋਗਾਂ ਨੂੰ ਇਕੋ ਮੰਚ ’ਤੇ ਲਿਆਂਦਾ ਗਿਆ ਹੈ ਅਤੇ ਇਸ ਨੇ ਤਰੱਕੀ ਦੇ ਬਹੁਤ ਮੌਕੇ ਪ੍ਰਦਾਨ ਕੀਤੇ ਹਨ ਅਤੇ ਸੰਭਾਵਨਾਵਾਂ ਦੇ ਨਵੇਂ ਰਾਹ ਖੋਲ੍ਹੇ ਹਨ। ਉਨ੍ਹਾਂ ਨੇ ਖੇਤੀਬਾੜੀ ਅਤੇ ਉਦਯੋਗ ਦੇ ਸਾਪੇਖਿਕ ਮਹੱਤਵ ਬਾਰੇ ਦੱਸਦਿਆਂ ਕਿਹਾ ਕਿ ਉਦਯੋਗ ਹੀ ਖੇਤੀਬਾੜੀ ਲਈ ਲਾਹੇਵੰਦ ਮੁੱਲ ਸਿਰਜਣ ਦੇ ਨਾਲ-ਨਾਲ ਫਸਲਾਂ ਦੇ ਮੁੱਲ ’ਚ ਵਾਧਾ ਕਰਨ ਲਈ ਵੀ ਮਦਦ ਕਰਦੇ ਹਨ, ਜੋ ਕਿਸਾਨਾਂ ਅਤੇ ਉਦਯੋਗਪਤੀਆਂ ਦੋਵਾਂ ਲਈ ਆਪਸੀ ਲਾਹੇਵੰਦ ਹੁੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚੌਲਾਂ ਦੇ ਉਤਪਾਦਨ ’ਚ 11.78 ਫੀਸਦੀ ਅਤੇ ਕਣਕ ਦੇ ਉਤਪਾਦਨ ’ਚ 17.57 ਫੀਸਦੀ ਯੋਗਦਾਨ ਪਾ ਕੇ ਦੇਸ਼ ਦੀ ਖੁਰਾਕ ਸੁਰੱਖਿਆ ’ਚ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ, ਇਸ ਲਈ ਪੰਜਾਬ ਦੇ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਬਣਦਾ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ। ਐਗਰੋ ਟੈਕ ਇੰਡੀਆ ਦਾ ਮੁੱਖ ਉਦੇਸ਼ ਸਰਕਾਰ ਦੀਆਂ ਖੇਤੀ ਸਕੀਮਾਂ ਜਿਵੇਂ ਕਿ ਏ. ਆਈ. ਐੱਫ. (ਐਗਰੀਕਲਚਰ ਇਨਫ੍ਰਾਸਟਰੱਕਚਰ ਫੰਡ) ਬਾਰੇ ਕਿਸਾਨਾਂ ’ਚ ਜਾਗਰੂਕਤਾ ਪੈਦਾ ਕਰਨਾ ਹੈ ਅਤੇ ਪੰਜਾਬ ਇਸ ਸਕੀਮ ਨੂੰ ਲਾਗੂ ਕਰਨ ਲਈ ਅੱਗੇ ਵਧ ਰਿਹਾ ਹੈ, ਜਿਸ ਤਹਿਤ ਪੰਜਾਬ ਨੇ ਅਕਤੂਬਰ 2022 ਤੱਕ 1800 ਕਰੋੜ ਰੁਪਏ ਦਾ ਨਿਵੇਸ਼ ਆਕਰਸ਼ਿਤ ਕੀਤਾ ਹੈ।
ਪੰਜਾਬ ਸਰਕਾਰ ਦੀ ਪਹਿਲਕਦਮੀ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਝੋਨੇ ਦੀ ਸਿੱਧੀ ਬਿਜਾਈ (ਡੀ.ਐੱਸ.ਆਰ.) ਨੂੰ ਪ੍ਰੋਤਸਾਹਨ ਨਾਲ ਉਤਸ਼ਾਹਿਤ ਕਰ ਰਿਹਾ ਹੈ, ਜੋ ਰਵਾਇਤੀ ਢੰਗਾਂ ਦੇ ਮੁਕਾਬਲੇ 20 ਫੀਸਦੀ ਪਾਣੀ ਦੀ ਬੱਚਤ ਕਰਨ ’ਚ ਮਦਦ ਹੋਈ ਹੈ। ਸੀ. ਆਈ. ਆਈ. ਨੇ ਕਿਸਾਨ ਤੱਕ ਸਬੰਧਿਤ ਜਾਣਕਾਰੀ ਲੈ ਕੇ ਜਾਣ ਲਈ ਅਹਿਮ ਕੜੀ ਵਜੋਂ ਕੰਮ ਕੀਤਾ ਹੈ। ਸਾਨੂੰ ਪੜ੍ਹੇ-ਲਿਖੇ ਨੌਜਵਾਨਾਂ ਦੇ ਸੱਭਿਆਚਾਰ ਨੂੰ ਤਿਆਗਣ ਦੀ ਲੋੜ ਹੈ, ਜੋ ਸਿਰਫ ਚੋਖੀ ਤਨਖਾਹ ਵਾਲੀਆਂ ਸਨਮਾਨਜਨਕ ਨੌਕਰੀਆਂ (ਵ੍ਹਾਈਟ ਕਾਲਰ ਜੌਬ) ਚਾਹੁੰਦੇ ਹਨ। ਨੌਜਵਾਨਾਂ ਨੂੰ ਇਹ ਵੀ ਸਿੱਖਣ ਦੀ ਲੋੜ ਹੈ ਕਿ ਰੋਜ਼ਗਾਰ ਸਿਰਜਣਹਾਰ ਕਿਵੇਂ ਬਣਨਾ ਹੈ।” ਇਸ ਮੌਕੇ ਸੀ. ਆਈ. ਆਈ. ਐਗਰੋ ਟੈਕ ਇੰਡੀ -2024 ਦੀਆਂ ਤਰੀਕਾਂ 16-19 ਨਵੰਬਰ, 2024 ਤੱਕ ਦਾ ਐਲਾਨ ਕਰ ਦਿੱਤਾ ਗਿਆ ਹੈ। ਧੰਨਵਾਦੀ ਮਤਾ ਪੇਸ਼ ਕਰਦਿਆਂ ਰਾਜੀਵ ਕੈਲਾ, ਚੇਅਰਮੈਨ, ਸੀ. ਆਈ. ਆਈ. ਚੰਡੀਗੜ੍ਹ (ਯੂ. ਟੀ.) ਅਤੇ ਡਾਇਰੈਕਟਰ, ਮਾਰਕੀਟਿੰਗ, ਕੈਲਾ ਇੰਜੀਨੀਅਰਿੰਗ ਪ੍ਰਾਈਵੇਟ ਲਿਮਟਿਡ ਅਤੇ ਬਾਗ਼ਬਾਨੀ ਵਿਭਾਗ ਦੀ ਡਾਇਰੈਕਟਰ ਸ਼ੈਲਇੰਦਰ ਕੌਰ ਨੇ ਸਾਰੇ ਮੰਤਰਾਲਿਆਂ, ਭਾਈਵਾਲਾਂ, ਮੇਜ਼ਬਾਨ ਰਾਜ ਪੰਜਾਬ ਅਤੇ ਹਰਿਆਣਾ ਸਮੇਤ ਜੰਮੂ ਅਤੇ ਕਸ਼ਮੀਰ ਦੇ ਯੂ.ਟੀ. ਭਾਈਵਾਲ ਸੂਬਿਆਂ ਦਾ ਧੰਨਵਾਦ ਵੀ ਕੀਤਾ।