ਕੇਂਦਰ ਸਰਕਾਰ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਜ਼ਬੂਤ ਤੇ ਖੁਸ਼ਹਾਲ ਬਣਾਉਣਾ : ਸ਼ਵੇਤ ਮਲਿਕ
Wednesday, Dec 16, 2020 - 09:06 PM (IST)
ਅੰਮ੍ਰਿਤਸਰ,(ਕਮਲ)-ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀਬਾੜੀ ਸੋਧ ਕਾਨੂੰਨਾਂ 'ਚ ਪ੍ਰਸਤਾਵਿਤ 7 ਸੋਧਾਂ ਲਈ ਕੇਂਦਰ ਸਰਕਾਰ ਤਿਆਰ ਹੈ, ਜਿਸ ਲਈ ਉਹ ਵਾਰ-ਵਾਰ ਕਿਸਾਨ ਸੰਗਠਨਾਂ ਨੂੰ ਗੱਲਬਾਤ ਲਈ ਸੱਦਾ ਦੇ ਰਹੀ ਹੈ ਅਤੇ ਕੇਂਦਰ ਵੱਲੋਂ ਕੀਤੀਆਂ ਗਈਆਂ ਬੈਠਕਾਂ ਸਫਲਤਾ ਵੱਲ ਜਾ ਰਹੀਆਂ ਹਨ। ਇਹ ਸ਼ਬਦ ਪੱਤਰਕਾਰ ਸੰਮੇਲਨ ਦੌਰਾਨ ਗੱਲਬਾਤ ਕਰਦਿਆਂ ਸਾਬਕਾ ਸੂਬਾ ਪ੍ਰਧਾਨ ਅਤੇ ਰਾਜਸਭਾ ਐੱਮ. ਪੀ. ਸ਼ਵੇਤ ਮਲਿਕ ਨੇ ਕਹੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅੱਜ ਤਕ ਕਿਸੇ ਵੀ ਸਰਕਾਰ ਨੇ ਕਦਰ ਨਹੀਂ ਕੀਤੀ ਸੀ। ਜਦੋਂ ਤੋਂ ਕੇਂਦਰ ਵਿਚ ਮੋਦੀ ਸਰਕਾਰ ਆਈ ਹੈ ਉਦੋਂ ਤੋਂ ਕਿਸਾਨਾਂ ਲਈ ਨਵੀਂਆਂ-ਨਵੀਂਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਤਾਂ ਜੋ ਉਨ੍ਹਾਂ ਦੀ ਉਪਜ ਲਈ ਵੱਧ ਮੁੱਲ ਮਿਲੇ। ਕਿਸਾਨਾਂ ਦੀਆਂ ਫਸਲਾਂ ਦਾ ਇਸ ਸਾਲ ਵੀ ਮੋਦੀ ਸਰਕਾਰ ਨੇ ਪਹਿਲਾਂ ਹੀ ਸਮਰਥਨ ਮੁੱਲ ਵਧਾ ਕੇ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਦਾ ਕਦਮ ਚੁੱਕਿਆ ਸੀ। ਕੇਂਦਰ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉਣਾ ਹੈ।
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਮਰਜ਼ੀ ਮੁਤਾਬਕ ਫਸਲਾਂ ਦੀ ਵਿਕਰੀ ਲਈ ਮੌਜੂਦਾ ਮੰਡੀਆਂ ਦੀ ਵਿਵਸਥਾ ਲਾਗੂ ਰੱਖਦੇ ਹੋਏ ਨਵੇਂ ਬਦਲ ਮਿਲ ਸਕਣ, ਜਿਸ ਨਾਲ ਫਸਲਾਂ ਦਾ ਵੱਧ ਮੁੱਲ ਮਿਲ ਸਕੇ ਅਤੇ ਉੱਚ ਮੁੱਲ ਵਾਲੀਆਂ ਨਵੀਂ ਕਿਸਮ ਦੀਆਂ ਫਸਲਾਂ ਨੂੰ ਉਗਾਉਣ ਲਈ ਬਾਜ਼ਾਰ ਉਪਲਬਧ ਹੋ ਸਕਣ, ਇਸ ਉਦੇਸ਼ ਨਾਲ ਨਵੇਂ ਖੇਤੀਬਾੜੀ ਕਾਨੂੰਨ ਪਾਸ ਕੀਤੇ ਗਏ ਹਨ। ਕਿਸਾਨ ਚਾਹੇ ਤਾਂ ਪਹਿਲਾਂ ਦੀ ਤਰ੍ਹਾਂ ਨਜ਼ਦੀਕੀ ਮੰਡੀ ਵਿਚ ਐੱਮ. ਐੱਸ. ਪੀ. ਮੁੱਲ 'ਤੇ ਫਸਲ ਵੇਚ ਸਕਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਭੇਜੇ ਮਤਿਆਂ ਵਿਚ ਇਹ ਸਾਫ਼ ਕੀਤਾ ਗਿਆ ਹੈ ਕਿ ਕਿਸਾਨਾਂ ਨੂੰ ਜਿਹੜੀ ਗੱਲ 'ਤੇ ਇਤਰਾਜ਼ ਹੈ, ਉਨ੍ਹਾਂ 'ਤੇ ਸਰਕਾਰ ਖੁੱਲੇ ਮਨ ਨਾਲ ਵਿਚਾਰ ਕਰਨ ਲਈ ਤਿਆਰ ਹੈ। ਦੇਸ਼ ਦੇ ਕਿਸਾਨਾਂ ਦੇ ਸਨਮਾਨ ਵਿਚ ਅਤੇ ਖੁੱਲੇ ਮਨ ਨਾਲ ਕੇਂਦਰ ਸਰਕਾਰ ਸਾਰੇ ਮੁੱਦਿਆਂ ਦੇ ਹੱਲ ਦੀ ਕੋਸ਼ਿਸ਼ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਹੋਈ ਗੱਲਬਾਤ ਵਿਚ ਸਾਰਥਕ ਨਤੀਜੇ ਸਾਹਮਣੇ ਆਏ ਹਨ। ਕਿਸਾਨਾਂ ਨੂੰ ਅੰਦੋਲਨ ਦਾ ਰਸਤਾ ਛੱਡ ਕੇ ਗੱਲਬਾਤ ਰਾਹੀਂ ਇਸਦਾ ਹੱਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਖੇਤੀਬਾੜੀ ਸੋਧ ਕਾਨੂੰਨ ਮੀਲ ਦਾ ਪੱਥਰ ਸਾਬਤ ਹੋਣਗੇ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਰਾਜਿੰਦਰ ਮੋਹਨ ਸਿੰਘ ਛੀਨਾ, ਸੁਰੇਸ਼ ਮਹਾਜਨ, ਜਨਾਰਦਨ ਸ਼ਰਮਾ, ਰਾਜੇਸ਼ ਕੰਧਾਰੀ ਅਤੇ ਹਰਵਿੰਦਰ ਸੰਧੂ ਆਦਿ ਹਾਜ਼ਰ ਸਨ।