ਕਣਕ ਦਾ ਵੱਧ ਝਾੜ ਲੈਣ ਵਾਸਤੇ ਬਿਜਾਈ ਸਹੀ ਸਮੇਂ ''ਤੇ ਹੀ ਕੀਤੀ ਜਾਵੇ : ਖੇਤੀਬਾੜੀ ਮਾਹਿਰ

Tuesday, Oct 24, 2017 - 04:04 PM (IST)

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁਡੀ  ਮੁਕਤਸਰ) — ਕਣਕ ਦਾ ਵੱਧ ਝਾੜ ਲੈਣ ਲਈ ਇਸ ਦੀ ਬਿਜਾਈ ਸਮੇਂ ਠੰਡੇ ਜਲਵਾਯੂ ਦੀ ਜ਼ਰੂਰਤ ਹੁੰਦੀ ਹੈ, ਜੋ ਵਧੀਆ ਫੁਟਾਰੇ ਲਈ ਅਤੇ ਬਿਮਾਰੀਆਂ ਤੋਂ ਬਚਾਉਣ ਲਈ ਸਹਾਈ ਹੁੰਦੀ ਹੈ । ਜ਼ਿਲਾ ਖੇਤੀਬਾੜੀ ਅਫ਼ਸਰ ਡਾ. ਬਲਜਿੰਦਰ ਸਿੰਘ ਨੇ ਕਿਸਾਨਾਂ ਨੂੰ ਸਲਾਹ ਦਿੰਦਿਆਂ ਕਿਹਾ ਹੈ ਕਿ ਕਣਕ ਦੀ ਬਿਜਾਈ ਸਮੇਂ ਸਿਰ ਭਾਵ 25 ਅਤਕੂਬਰ ਤੋਂ ਸ਼ੁਰੂ ਕੀਤੀ ਜਾ ਸਕਦੀ ਹੈ । ਉਨ੍ਹਾਂ ਕਣਕ ਦੀਆਂ ਅਗੇਤੀਆਂ ਕਿਸਮਾਂ ਦੀ ਗੱਲ ਕਰਦਿਆਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਪੀ ਬੀ ਡਬਲਯੂ 621, ਪੀ. ਬੀ. ਡਬਲਯੂ 725, ਪੀ. ਬੀ. ਡਬਲਯੂ 677, ਐੱਚ. ਡੀ. 3086, ਐੱਚ. ਡੀ. 2967, ਡਬਲਯੂ. ਐੱਚ. 1105 ਅਤੇ ਪੀ. ਬੀ ਡਬਲਯੂ ਜ਼ਿੰਕ-1 ਦੀ ਸਿਫ਼ਾਰਸ਼ ਕੀਤੀ ਹੈ। ਜਦੋਂ ਕਿ ਕਿਸਾਨ, ਪੀ ਬੀ ਡਬਲਯੂ 550, ਉਨਤ ਪੀ ਬੀ ਡਬਲਯੂ 550 ਨੂੰ ਨਵੰਬਰ ਦੇ ਦੂਜੇ ਹਫ਼ਤੇ ਤੋਂ ਪਹਿਲਾਂ ਨਾ ਬੀਜਣ। ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਪਿਛੇਤੀਆਂ ਕਿਸਮਾਂ 'ਚ ਪੀ. ਬੀ. ਡਬਲਯੂ 658 ਅਤੇ ਪੀ. ਬੀ. ਡਬਲਯੂ 590 ਆਉਂਦੀਆਂ ਹਨ ਜਿਨ੍ਹਾਂ ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਕੀਤੀ ਜਾ ਸਕਦੀ ਹੈ।
ਖੇਤੀਬਾੜੀ ਅਧਿਕਾਰੀ ਨੇ ਕਿਹਾ ਕਿ ਸਮੇਂ ਸਿਰ ਬੀਜੀਆਂ ਜਾਣ ਵਾਲੀਆਂ ਕਿਸਮਾਂ ਜੇਕਰ 25 ਅਕਤੂਬਰ ਤੋਂ ਪਹਿਲਾਂ ਬੀਜ ਲਈਆਂ ਜਾਂਦੀਆਂ ਹਨ ਤਾਂ ਇਸ ਸਮੇਂ ਵੱਧ ਤਾਪਮਾਨ ਹੋਣ ਕਰਕੇ ਇਨ੍ਹਾਂ ਦਾ ਬੀਜ ਜੰਮਦਾ ਨਹੀਂ ਅਤੇ ਪੌਦਿਆਂ ਦੀ ਗਿਣਤੀ ਘਟਣ ਕਰਕੇ ਝਾੜ ਤੇ ਮਾੜਾ ਅਸਰ ਪੈਂਦਾ ਹੈ । ਫੁਟਾਰਾ ਘਟਣ ਕਰਕੇ ਫ਼ਸਲ ਛੇਤੀ ਸਿੱਟਿਆਂ ਤੇ ਆ ਜਾਂਦੀ ਹੈ, ਆਕਾਰ ਛੋਟਾ ਰਹਿ ਜਾਂਦਾ ਹੈ, ਛੇਤੀ ਸਿੱਟੇ ਬਣਨ ਕਰਕੇ ਇਸਦੀ ਕੋਰੇ ਦੀ ਮਾਰ ਹੇਠਾਂ ਆਉਣ ਦੀ ਸੰਭਾਵਨਾ ਵੱਧ ਜਾਂਦੀ ਹੈ ਜਿਸ ਕਰਕੇ ਸਿੱਟੇ ਖਾਲੀ ਰਹਿ ਜਾਂਦੇ ਹਨ। ਮੁੱਖ ਖੇਤੀਬਾੜੀ ਅਫ਼ਸਰ ਨੇ ਕਿਹਾ ਹੈ ਕਿ ਕਿਸਾਨ ਵੀਰ ਕਣਕ ਦਾ ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਹੀ ਕਰਨ ਅਤੇ ਚੰਗੀ ਫ਼ਸਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਕਣਕ ਦੀਆਂ ਸਿਫ਼ਾਰਸ਼ ਕਿਸਮਾਂ 'ਚੋਂ ਹੀ ਚੋਣ ਕਰਨ ।


Related News