ਆਪ੍ਰੇਸ਼ਨ ਥੀਏਟਰ ''ਚ ਬੱਚਾ ਬੇਹੋਸ਼ ਕਰਨ ਤੋਂ ਬਾਅਦ ਪਤਾ ਲੱਗਾ ਡਾਕਟਰ ਤਾਂ ਛੁੱਟੀ ''ਤੇ
Thursday, Mar 15, 2018 - 06:20 AM (IST)

ਅੰਮ੍ਰਿਤਸਰ, (ਜ. ਬ., ਨਵਦੀਪ)- 2 ਸਾਲ ਦਾ ਸ਼ਹਿਬਾਜ਼ ਸਿੰਘ 2 ਦਿਨਾਂ ਤੋਂ ਸ੍ਰੀ ਗੁਰੂ ਰਾਮਦਾਸ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਵਿਚ ਦਾਖਲ ਸੀ, ਅੱਜ ਸਵੇਰੇ ਉਸ ਦਾ ਆਪ੍ਰੇਸ਼ਨ ਹੋਣਾ ਸੀ। ਸਵੇਰੇ ਕਰੀਬ ਸਾਢੇ 8 ਵਜੇ ਉਸ ਨੂੰ ਸਟਾਫ ਵਾਰਡ ਨੰ. 12 ਪੰਜਵੀਂ ਮੰਜ਼ਿਲ ਤੋਂ ਆਪ੍ਰੇਸ਼ਨ ਥੀਏਟਰ ਲੈ ਗਿਆ। ਪਿਸ਼ਾਬ ਦੀ ਨਾਲੀ ਵਿਚ ਮਾਸ ਵਧਣ ਕਾਰਨ ਸ਼ਹਿਬਾਜ਼ ਨੂੰ ਦਾਖਲ ਕਰਵਾਇਆ ਗਿਆ ਸੀ। ਸਵੇਰੇ ਕਰੀਬ 9 ਵਜੇ ਉਸ ਨੂੰ ਬੇਹੋਸ਼ੀ ਦਾ ਇੰਜੈਕਸ਼ਨ ਦਿੱਤਾ ਗਿਆ। ਆਪ੍ਰੇਸ਼ਨ ਸਿਰਫ ਅੱਧੇ ਘੰਟੇ ਦਾ ਸੀ, ਜਦੋਂ ਆਪ੍ਰੇਸ਼ਨ ਥੀਏਟਰ ਵਿਚ 3 ਘੰਟੇ ਦੇ ਲੰਬੇ ਸਮੇਂ ਤੱਕ ਉਹ ਬਾਹਰ ਨਹੀਂ ਆਇਆ ਤਾਂ ਪਰਿਵਾਰਕ ਮੈਂਬਰਾਂ ਨੇ ਡਾਕਟਰਾਂ ਨਾਲ ਸੰਪਰਕ ਕੀਤਾ ਪਰ ਡਾਕਟਰ ਟਾਲਮਟੋਲ ਕਰਦੇ ਰਹੇ। ਸ਼ਹਿਬਾਜ਼ ਦੇ ਪਰਿਵਾਰਕ ਮੈਂਬਰਾਂ ਨੇ ਆਪ੍ਰੇਸ਼ਨ ਥੀਏਟਰ ਦੇ ਸਟਾਫ ਤੋਂ ਦੇਰੀ ਦੀ ਵਜ੍ਹਾ ਪੁੱਛੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਨ੍ਹਾਂ ਦੱਸਿਆ ਕਿ ਜਿਸ ਡਾਕਟਰ ਨੇ ਆਪ੍ਰੇਸ਼ਨ ਕਰਨਾ ਸੀ ਉਹ ਤਾਂ ਅੱਜ ਛੁੱਟੀ 'ਤੇ ਹੈ।
ਇਹ ਸੁਣਦੇ ਹੀ ਸ਼ਹਿਬਾਜ਼ ਦੇ ਪਰਿਵਾਰ ਵਾਲਿਆਂ ਦਾ ਗੁੱਸਾ ਹੋਰ ਵੱਧ ਗਿਆ। ਸ਼ਹਿਬਾਜ਼ ਬੇਹੋਸ਼ੀ ਦੀ ਹਾਲਤ ਵਿਚ ਸੀ। ਪਰਿਵਾਰ ਵਾਲਿਆਂ ਦਾ ਗੁੱਸਾ ਦੇਖਦਿਆਂ ਹਸਪਤਾਲ ਦੇ ਪ੍ਰਬੰਧਕ ਵਿਚ-ਬਚਾਅ ਲਈ ਉਤਰ ਆਏ। ਉਨ੍ਹਾਂ ਪਰਿਵਾਰਕ ਮੈਂਬਰਾਂ ਤੋਂ ਇਸ ਗਲਤੀ ਲਈ ਮੁਆਫੀ ਮੰਗੀ ਅਤੇ ਇਥੋਂ ਤੱਕ ਕਿਹਾ ਕਿ ਤੁਸੀਂ ਚੁੱਪ ਰਹੋ, ਇਲਾਜ ਦੇ ਪੈਸਿਆਂ ਦੀ ਵੀ ਚਿੰਤਾ ਨਾ ਕਰੋ। ਉਧਰ ਪਰਿਵਾਰਕ ਮੈਂਬਰਾਂ ਦਾ ਕਹਿਣਾ ਸੀ ਕਿ ਜਦੋਂ ਬੱਚੇ ਨੂੰ ਬੇਹੋਸ਼ ਕਰ ਦਿੱਤਾ ਗਿਆ ਉਸ ਤੋਂ ਬਾਅਦ ਪਤਾ ਲੱਗਾ ਕਿ ਡਾਕਟਰ ਛੁੱਟੀ 'ਤੇ ਹੈ, ਇਹ ਵੀ ਉਸ ਵੇਲੇ ਪਤਾ ਲੱਗਾ ਜਦੋਂ ਆਪ੍ਰੇਸ਼ਨ ਲਈ ਦਵਾਈਆਂ ਦੀ ਲਿਸਟ ਉਨ੍ਹਾਂ ਨੂੰ ਲਿਆਉਣ ਲਈ ਦਿੱਤੀ ਗਈ, ਜਿਸ ਵਿਚ ਡਾ. ਕੁਲਵੰਤ ਸਿੰਘ ਦਾ ਨਾਂ ਲਿਖਿਆ ਸੀ, ਆਪ੍ਰੇਸ਼ਨ ਦਾ ਸਮਾਂ ਮੁਕੱਰਰ ਸੀ, ਅਜਿਹੇ 'ਚ ਇਹ ਗੰਭੀਰ ਲਾਪ੍ਰਵਾਹੀ ਹੈ।
ਜਗ ਬਾਣੀ ਨੂੰ ਸ਼ਹਿਬਾਜ਼ ਸਿੰਘ ਦੇ ਮਾਮੇ ਸੰਚਿਤ ਨੇ ਦੱਸਿਆ ਕਿ ਸ਼ਹਿਬਾਜ਼ ਤੇ ਉਨ੍ਹਾਂ ਦੀ ਭੈਣ ਇੰਦਰਪ੍ਰੀਤ ਕੌਰ ਪਿਛਲੇ ਦਿਨੀਂ ਹੀ ਆਸਟਰੇਲੀਆ ਤੋਂ ਘੁੰਮਣ ਲਈ ਅੰਮ੍ਰਿਤਸਰ ਆਏ ਸਨ, ਵੇਰਕਾ ਦੇ ਕੋਲ ਉਨ੍ਹਾਂ ਦਾ ਪੁਸ਼ਤੈਨੀ ਮਕਾਨ ਹੈ। ਸ਼ਹਿਬਾਜ਼ ਦੇ ਪਿਤਾ ਸੁਰਿੰਦਰਪਾਲ ਸਿੰਘ ਆਸਟਰੇਲੀਆ ਵਿਚ ਹਨ। ਸ਼ਹਿਬਾਜ਼ ਦੀ ਪਿਸ਼ਾਬ ਦੀ ਨਾਲੀ ਵਿਚ ਮਾਸ ਵਧਣ ਨਾਲ ਪਿਸ਼ਾਬ ਕਰਨ ਦੀ ਮੁਸ਼ਕਲ ਸੀ, ਜਿਸ ਨੂੰ ਆਪ੍ਰੇਸ਼ਨ ਕਰਵਾਉਣ ਲਈ ਮੰਗਲਵਾਰ ਸਵੇਰੇ ਦਾਖਲ ਕਰਵਾਇਆ ਗਿਆ ਸੀ। ਅੱਜ ਸਵੇਰੇ ਆਪ੍ਰੇਸ਼ਨ ਸੀ ਤਾਂ ਇਹ ਕਹਾਣੀ ਸਾਹਮਣੇ ਆਈ, ਜੋ ਕਿ ਲਾਪ੍ਰਵਾਹੀ ਦੀ ਹੱਦ ਹੈ।