ਪ੍ਰਾਪਰਟੀ ਨੂੰ ਲੈ ਕੇ ਕਰਵਾਈ ਕੇ. ਜੇ. ਸਿੰਘ ਦੀ ਹੱਤਿਆ
Wednesday, Oct 04, 2017 - 07:45 AM (IST)
ਚੰਡੀਗੜ੍ਹ, (ਹਾਂਡਾ)- ਸੀਨੀਅਰ ਪੱਤਰਕਾਰ ਕੇ. ਜੇ. ਸਿੰਘ ਤੇ ਉਸ ਦੀ ਮਾਂ ਗੁਰਬਚਨ ਕੌਰ ਦੀ ਹੱਤਿਆ ਦਾ ਕਾਰਨ ਕੇ. ਜੇ. ਸਿੰਘ ਦੀ ਪ੍ਰਾਪਰਟੀ ਸੀ। ਜਿਸ ਕੋਠੀ ਵਿਚ ਕਤਲ ਹੋਏ, ਉਹ ਕੋਠੀ ਕੇ. ਜੇ. ਸਿੰਘ ਦੀ ਮਾਤਾ ਦੇ ਨਾਂ ਸੀ ਪਰ ਕੁਝ ਸਮਾਂ ਪਹਿਲਾਂ ਵਸੀਅਤ ਤਿਆਰ ਕੀਤੀ ਗਈ ਸੀ, ਜਿਸ ਵਿਚ ਫੇਰਬਦਲ ਕੀਤਾ ਗਿਆ ਸੀ, ਜੋ ਕਿ ਹੱਤਿਆਵਾਂ ਦਾ ਕਾਰਨ ਬਣਿਆ। ਪੁਲਸ ਦੀ ਹੁਣ ਤਕ ਦੀ ਜਾਂਚ ਵੀ ਇਸੇ ਦਿਸ਼ਾ ਵਿਚ ਅੱਗੇ ਵਧ ਰਹੀ ਹੈ।
ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕੇ. ਜੇ. ਸਿੰਘ ਤੇ ਉਨ੍ਹਾਂ ਦੀ ਮਾਂ ਦੀ ਹੱਤਿਆ ਕੰਟ੍ਰੈਕਟ ਕਿਲਿੰਗ ਹੈ, ਇਹ ਤਾਂ ਸਪੱਸ਼ਟ ਹੋ ਗਿਆ ਹੈ ਪਰ ਇਸ ਦੀ ਸਾਜ਼ਿਸ਼ ਕਿਸ ਨੇ ਰਚੀ, ਇਸ ਦਾ ਪਤਾ ਨਹੀਂ ਲੱਗ ਰਿਹਾ ਹੈ। ਪਰਿਵਾਰ ਵਿਚ ਭੈਣ, ਭਾਣਜਾ ਤੇ ਜੀਜਾ ਹਨ, ਜਿਨ੍ਹਾਂ ਤੋਂ ਕਈ ਦੌਰ ਵਿਚ ਪੁੱਛਗਿੱਛ ਕੀਤੀ ਗਈ ਹੈ ਪਰ ਪੁਲਸ ਕਿਸੇ ਨਤੀਜੇ 'ਤੇ ਨਹੀਂ ਪਹੁੰਚੀ।
ਔਰਤ ਵੀ ਸੀ ਸੰਪਰਕ 'ਚ : ਪੁਲਸ ਅਨੁਸਾਰ ਕੇ. ਜੇ. ਸਿੰਘ ਦੀ ਕਾਲ ਡਿਟੇਲ ਵਿਚ ਇਕ ਔਰਤ ਦਾ ਨੰਬਰ ਵੀ ਮਿਲਿਆ ਹੈ, ਜੋ ਕਿ ਕੇ. ਜੇ. ਸਿੰਘ ਦੇ ਸੰਪਰਕ ਵਿਚ ਸੀ ਤੇ ਰਾਤ ਨੂੰ ਦੋਵਾਂ ਵਿਚਕਾਰ ਲੰਬੀ ਗੱਲਬਾਤ ਹੁੰਦੀ ਸੀ। ਉਕਤ ਔਰਤ ਵੀ ਪੁਲਸ ਦੇ ਰਾਡਾਰ ਵਿਚ ਸੀ ਪਰ ਹੱਤਿਆ ਦਾ ਕਾਰਨ ਪੁਲਸ ਨਹੀਂ ਲੱਭ ਸਕੀ ਹੈ। ਕੇ. ਜੇ. ਸਿੰਘ ਦੀ ਪ੍ਰਾਪਰਟੀ ਦੇ ਰੂਪ ਉਨ੍ਹਾਂ ਦੀ ਕੋਠੀ ਹੈ, ਜਿਥੇ ਪੁਲਸ ਮੰਨ ਰਹੀ ਹੈ ਕਿ ਇਹ ਵੀ ਸਾਫ ਹੋ ਚੁੱਕਾ ਹੈ ਕਿ ਹੱਤਿਆਰੇ ਦੋ ਜਾਂ ਉਸ ਤੋਂ ਵੱਧ ਸਨ ਤੇ ਇਹ ਦੂਰ-ਦੁਰਾਡਿਓਂ ਹਾਇਰ ਕੀਤੇ ਗਏ ਸਨ।
ਪੁਲਸ ਅਜੇ ਕਿਸੇ ਨਤੀਜੇ 'ਤੇ ਨਹੀਂ ਪਹੁੰਚ ਸਕੀ
ਆਈ. ਜੀ. ਸ਼ਸ਼ੀ ਪ੍ਰਭਾ ਨੇ ਮੰਨਿਆ ਕਿ ਪੁਲਸ ਅਜੇ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚ ਸਕੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਿਸੇ ਵੀ ਵਾਰਦਾਤ ਦੇ ਸ਼ੁਰੂਆਤੀ ਦੌਰ ਵਿਚ ਸਫਲਤਾ ਮਿਲ ਜਾਂਦੀ ਹੈ ਪਰ ਕਈ ਮਾਮਲਿਆਂ ਵਿਚ ਸਫਲਤਾ ਨਹੀਂ ਮਿਲਦੀ ਤੇ ਜੇਕਰ ਸਮਾਂ ਲੰਘਦਾ ਜਾਵੇ ਤਾਂ ਜਾਂਚ ਵੀ ਉਲਝ ਜਾਂਦੀ ਹੈ, ਇਹੀ ਕੇ. ਜੇ. ਸਿੰਘ ਦੇ ਮਾਮਲੇ ਵਿਚ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲਸ ਦੇ ਯਤਨ ਜਾਰੀ ਹਨ ਤੇ ਉਮੀਦ ਹੈ ਕਿ ਜਲਦੀ ਹੀ ਕਿਸੇ ਨਤੀਜੇ ਤਕ ਪਹੁੰਚ ਜਾਵਾਂਗੇ।
