ਪਾਕਿਸਤਾਨ ਤੋਂ ਦਰਾਮਦ-ਬਰਾਮਦ ਬੰਦ ਨੂੰ ਪੰਜ ਸਾਲ ਪੂਰੇ, ICP ਅਟਾਰੀ ’ਤੇ ਅਰਬਾਂ ਦਾ ਕਾਰੋਬਾਰ ਹੋਇਆ ਖ਼ਤਮ

Monday, Mar 25, 2024 - 06:26 PM (IST)

ਪਾਕਿਸਤਾਨ ਤੋਂ ਦਰਾਮਦ-ਬਰਾਮਦ ਬੰਦ ਨੂੰ ਪੰਜ ਸਾਲ ਪੂਰੇ, ICP ਅਟਾਰੀ ’ਤੇ ਅਰਬਾਂ ਦਾ ਕਾਰੋਬਾਰ ਹੋਇਆ ਖ਼ਤਮ

ਅੰਮ੍ਰਿਤਸਰ (ਨੀਰਜ)- ਪੁਲਵਾਮਾ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਨਾਲ ਵਪਾਰਕ ਰਿਸ਼ਤੇ ਖ਼ਤਮ ਕੀਤੇ ਜਾਣ ਦਾ ਪੰਜ ਸਾਲ ਤੋਂ ਵੱਧ ਦਾ ਸਮਾਂ ਬੀਤ ਚੁੱਕਾ ਹੈ। ਹਮਲੇ ਦੇ ਬਾਅਦ ਪਾਕਿਸਤਾਨ ਤੋਂ ਦਰਾਮਦ ਕੀਤੀਆਂ ਗਈਆਂ ਵਸਤਾਂ ’ਤੇ ਕੇਂਦਰ ਸਰਕਾਰ ਨੇ 22 ਫਰਵਰੀ 2019 ਦੇ ਦਿਨ 200 ਫੀਸਦੀ ਡਿਊਟੀ ਲਗਾ ਕੇ ਅਸਿੱਧੇ ਤੌਰ ’ਤੇ ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਭਾਰਤ-ਪਾਕਿਸਤਾਨ ਦਰਮਿਆਨ ਹੋਣ ਵਾਲਾ ਅਰਬਾਂ ਰੁਪਏ ਦਾ ਕਾਰੋਬਾਰ ਖ਼ਤਮ ਕਰ ਦਿੱਤਾ ਜੋ ਅਜੇ ਤੱਕ ਬੰਦ ਹੈ। ਇਸ ਕਾਰਨ ਆਈ. ਸੀ. ਪੀ. ਅਟਾਰੀ ਸਿਰਫ਼ ਅਫਗਾਨੀ ਦਰਾਮਦ ਤੱਕ ਸੀਮਤ ਰਹਿ ਗਈ ਹੈ ਜਦਕਿ 150 ਕਰੋੜ ਰੁਪਏ ਦੀ ਲਾਗਤ ਨਾਲ ਆਈ.ਸੀ.ਪੀ. ਨੂੰ ਪਾਕਿਸਤਾਨ ਨਾਲ ਦਰਾਮਦ-ਬਰਾਮਦ ਕਰਨ ਲਈ ਤਿਆਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੀਆਂ ਕੁੜੀਆਂ ਨਾਲ ਜੁੜੀ ਅਹਿਮ ਖ਼ਬਰ, ਬਣਾਈ ਗਈ ਵਿਸ਼ੇਸ਼ ਨੀਤੀ

ਇੰਨਾ ਹੀ ਨਹੀਂ ਕਰੋੜਾਂ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਏਅਰ ਕੰਡੀਸ਼ਨਡ ਇੰਟਰਨੈਸ਼ਨਲ ਅਟਾਰੀ ਰੇਲਵੇ ਸਟੇਸ਼ਨ ਵੀ ਖੰਡਰ ਬਣਦਾ ਜਾ ਰਿਹਾ ਹੈ ਕਿਉਂਕਿ ਹੁਣ ਨਾ ਤਾਂ ਸਮਝੌਤਾ ਐਕਸਪ੍ਰੈੱਸ ਆਉਂਦੀ ਹੈ ਅਤੇ ਨਾ ਹੀ ਪਾਕਿਸਤਾਨ ਨਾਲ ਮਾਲਗੱਡੀ ਦਾ ਆਵਾਜਾਈ ਹੁੰਦੀ ਹੈ। ਅੰਤਰਰਾਸ਼ਟਰੀ ਰੇਲ ਕਾਰਗੋ ਦਾ ਵੀ ਇਹੀ ਹਾਲ ਹੈ ਅਤੇ ਉੱਥੇ ਤਾਲੇ ਲੱਗੇ ਹੋਏ ਮਿਲਦੇ ਹਨ ਪਰ ਇਸੇ ਆਈ.ਸੀ.ਪੀ. ਅਟਾਰੀ ਬਾਰਡਰ ਦੇ ਨਾਲ ਬਣੇ ਜੇ. ਸੀ. ਪੀ. (ਜੁਆਇੰਟ ਚੈੱਕ ਪੋਸਟ) ਅਟਾਰੀ ਬਾਰਡਰ ’ਤੇ ਬੀ. ਐੱਸ. ਐੱਫ. ਤੇ ਪਾਕਿਸਤਾਨ ਰੇਂਜਰਸ ਦਰਮਿਆਨ ਹੋਣ ਵਾਲੀ ਪਰੇਡ ਅੱਜ ਵੀ ਜਾਰੀ ਹੈ, ਹਾਲਾਂਕਿ ਇਸ ਪਰੇਡ ’ਚ ਬੀ. ਐੱਸ. ਐੱਫ. ਵੱਲੋਂ ਝੰਡਾ ਉਤਾਰਣ ਦੀ ਰਸਮ ਨੂੰ ਪੂਰਾ ਕੀਤਾ ਜਾਂਦਾ ਹੈ ਅਤੇ ਇਹ ਰਵਾਇਤ ਵੀ ਹੈ।

ਦਰਾਮਦ-ਬਰਾਮਦ ਬੰਦ ਹੋਣ ਨਾਲ ਉੱਜੜ ਚੁੱਕੇ ਹਨ 20 ਹਜ਼ਾਰ ਪਰਿਵਾਰ

ਪਾਕਿਸਤਾਨ ਨਾਲ ਦਰਾਮਦ-ਬਰਾਮਦ ਬੰਦ ਹੋਣ ਨਾਲ ਅਟਾਰੀ ਤੇ ਅੰਮ੍ਰਿਤਸਰ ਖੇਤਰ ਦੇ ਲੱਗਭਗ 20 ਹਜ਼ਾਰ ਪਰਿਵਾਰ ਪਿਛਲੇ ਪੰਜ ਸਾਲਾਂ ਤੋਂ ਬੇਰੁਜ਼ਗਾਰ ਹੋ ਚੁੱਕੇ ਹਨ ਅਤੇ ਉੱਜੜ ਚੁੱਕੇ ਹਨ। ਇਨ੍ਹਾਂ ਪਰਿਵਾਰਾਂ ’ਚ ਦਰਾਮਦਕਾਰ, ਬਰਾਮਦਕਾਰ, ਪੰਜ ਹਜ਼ਾਰ ਦੇ ਲੱਗਭਗ ਕੁਲੀ, ਹੈਲਪਰ, ਟਰਾਂਸਪੋਰਟਰ, ਟਰਾਂਸਪੋਰਟ ਲੇਬਰ, ਸੀ. ਐੱਚ. ਏ. ਤੇ ਹੋਰ ਕਰਮਚਾਰੀ ਸ਼ਾਮਲ ਹਨ ਜਿਨ੍ਹਾਂ ਦੀ ਰੋਜ਼ੀ ਰੋਟੀ ਆਈ.ਸੀ.ਪੀ. ਅਟਾਰੀ ’ਤੇ ਹੋਣ ਵਾਲੇ ਦਰਾਮਦ-ਬਰਾਮਦ ਨਾਲ ਚੱਲਦੀ ਸੀ। ਸਰਹੱਦੀ ਜ਼ਿਲਾ ਹੋਣ ਕਾਰਨ ਇਨ੍ਹਾਂ ਹਜ਼ਾਰਾਂ ਪਰਿਵਾਰਾਂ ਕੋਲ ਆਮਦਨ ਦਾ ਕੋਈ ਹੋਰ ਸਾਧਨ ਵੀ ਨਹੀਂ ਰਿਹਾ ਹੈ ਅਤੇ ਨਾ ਹੀ ਕਿਸੇ ਕੇਂਦਰ ਤੇ ਸੂਬਾ ਸਰਕਾਰ ਦੇ ਅਧਿਕਾਰੀ ਨੇ ਇਨ੍ਹਾਂ ਪਰਿਵਾਰਾਂ ਦੀ ਖਬਰ ਲਈ ਹੈ। ਸਰਹੱਦੀ ਇਲਾਕਾ ਹੋਣ ਕਾਰਨ ਇਥੇ ਕੋਈ ਹੋਰ ਕਾਰੋਬਾਰ ਵੀ ਨਹੀਂ ਹੈ। ਇੰਡਸਟਰੀ ਪਹਿਲਾਂ ਹੀ ਹਿਮਾਚਲ ਤੇ ਹੋਰ ਸੂਬਿਆਂ ਵੱਲ ਸ਼ਿਫਟ ਹੋ ਚੁੱਕੀ ਹੈ।

ਇਹ ਵੀ ਪੜ੍ਹੋ :ਪੈਟਰੋਲ ਪੰਪ ’ਤੇ 100 ਦੀ ਬਜਾਏ 90 ਅਤੇ 110 ਦਾ ਪਵਾਇਆ ਜਾਂਦੈ ਤੇਲ, ਜਾਣੋ ਕੀ ਹੈ ਕਾਰ

ਜੈਸ਼-ਏ-ਮੁਹੰਮਦ ਤੇ ਅਲ-ਕਾਇਦਾ ਦੇ ਨਿਸ਼ਾਨੇ ’ਤੇ ਹੈ ਰਿਟ੍ਰੀਟ ਸੈਰੇਮਨੀ ਪਰੇਡ

ਬੀ. ਐੱਸ. ਐੱਫ. ਤੇ ਪਾਕਿਸਤਾਨ ਰੇਂਜਰਸ ਦਰਮਿਆਨ ਹੋਣ ਵਾਲੀ ਪਰੇਡ ਜੈਸ਼-ਏ-ਮੁਹੰਮਦ ਤੇ ਅਲ-ਕਾਇਦਾ ਵਰਗੇ ਅੱਤਵਾਦੀ ਸੰਗਠਨਾਂ ਦੇ ਨਿਸ਼ਾਨੇ ’ਤੇ ਵੀ ਹੈ। ਕਈ ਰਿਟ੍ਰੀਟ ਸੈਰੇਮਨੀ ਥਾਵਾਂ ’ਤੇ ਹਮਲਾ ਕਰਨ ਦੀਆਂ ਧਮਕੀਆਂ ਸੁਰੱਖਿਆ ਏਜੰਸੀਆਂ ਨੂੰ ਮਿਲ ਚੁੱਕੀਆਂ ਹਨ ਅਤੇ ਪਾਕਿਸਤਾਨੀ ਇਲਾਕੇ ’ਚ ਤਾਂ ਪਾਕਿਸਤਾਨ ਦੇ ਰਿਟ੍ਰੀਟ ਸੈਰੇਮਨੀ ਐਂਟਰੀ ਪੁਆਇੰਟ ’ਤੇ ਫਿਦਾਈਨ ਹਮਲਾ ਹੋ ਵੀ ਚੁੱਕਾ ਹੈ ਜਿਸ ਵਿਚ ਪਾਕਿਸਤਾਨ ਦੇ 62 ਲੋਕ ਮਾਰੇ ਗਏ ਸਨ। ਖੁਸ਼ਕਿਸਮਤੀ ਇਹ ਰਹੀ ਸੀ ਜਿਸ ਸਮੇਂ ਫਿਦਾਈਨ ਹਮਲਾ ਹੋਇਆ ਉਸ ਸਮੇਂ ਭਾਰਤੀ ਟੂਰਿਸਟ ਗੈਲਰੀ ’ਚ ਪਰੇਡ ਦੇਖਣ ਆਏ ਲੋਕ ਜਾ ਚੁੱਕੇ ਸਨ।

ਇਹ ਵੀ ਪੜ੍ਹੋ : ਲਾਹੌਰ 'ਚ ਪਿਛਲੇ 80 ਦਿਨਾਂ ਵਿਚ ਵਾਪਰੀਆਂ 74 ਹਜ਼ਾਰ ਵਾਰਦਾਤਾਂ, 10 ਦਿਨਾਂ ਅੰਕੜਾ ਕਰੇਗਾ ਹੈਰਾਨ

ਦਰਾਮਦ-ਬਰਾਮਦ ਬੰਦ ਹੋਣ ਨਾਲ ਵਧੀ ਹੈਰੋਇਨ ਦੀ ਸਮੱਗਲਿੰਗ

ਆਈ. ਸੀ. ਪੀ. ਅਟਾਰੀ ਬਾਰਡਰ ’ਤੇ ਦਰਾਮਦ-ਬਰਾਮਦ ਬੰਦ ਹੋਣ ਤੋਂ ਬਾਅਦ ਅੰਮ੍ਰਿਤਸਰ ਬਾਰਡਰ ’ਚ ਹੈਰੋਇਨ ਦੀ ਸਮੱਗਲਿੰਗ ਵੀ ਕਾਫੀ ਵੱਧ ਚੁੱਕੀ ਹੈ। ਆਲਮ ਇਹ ਹੈ ਕਿ ਹੁਣ ਤੱਕ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ 532 ਕਿਲੋ ਤੇ 52 ਕਿਲੋ ਮਿਕਸਡ ਨਾਰਕੋਟਿਕਸ ਵੀ 532 ਆਈ. ਸੀ. ਪੀ. ’ਤੇ ਫੜੀ ਜਾ ਚੁੱਕੀ ਹੈ। ਮਾਹਿਰਾਂ ਦੀ ਮੰਨੀਏ ਤਾਂ ਜੋ ਲੋਕ ਸਮੱਗਲਿੰਗ ਦਾ ਕੰਮ ਛੱਡ ਕੇ ਮਿਹਨਤ ਮਜ਼ਦੂਰੀ ਕਰ ਕੇ ਆਈ. ਸੀ. ਪੀ. ’ਤੇ ਹੋਣ ਵਾਲੇ ਦਰਾਮਦ-ਬਰਾਮਦ ਨਾਲ ਆਪਣੇ ਪੇਟ ਪਾਲ ਰਹੇ ਸਨ, ਉਹ ਫਿਰ ਤੋਂ ਹੈਰੋਇਨ ਸਮੱਗਲਿੰਗ ਦੇ ਖੇਡ ’ਚ ਸ਼ਾਮਲ ਹੋ ਚੁੱਕੇ ਸਨ।

ਇਹ ਵੀ ਪੜ੍ਹੋ : ਸਰਹੱਦ ਪਾਰ ਤੋਂ ਸਾਹਮਣੇ ਆਇਆ ਸ਼ਰਮਨਾਕ ਕਾਰਾ, ਜੀਜੇ ਨੇ 5 ਸਾਲਾ ਸਾਲੀ ਨਾਲ ਪਾਰ ਕੀਤੀਆਂ ਹੱਦਾਂ

ਬੇਕਾਬੂ ਹੋ ਚੁੱਕੇ ਹਨ ਡ੍ਰੋਨ

ਇਕ ਪਾਸੇ ਸਰਹੱਦੀ ਇਲਾਕਿਆਂ ’ਚ ਬੇਰੋਜ਼ਗਾਰੀ ਤਾਂ ਦੂਜੇ ਪਾਸੇ ਡ੍ਰੋਨ ਦੀ ਤਕਨੀਕ ਦਾ ਇਸਤੇਮਾਲ ਹੋਣ ਕਾਰਨ ਹੈਰੋਇਨ ਦੀ ਸਮੱਗਲਿੰਗ ਪਹਿਲਾਂ ਤੋਂ ਕਿਤੇ ਜ਼ਿਆਦਾ ਵੱਧ ਚੁੱਕੀ ਹੈ। ਜਿਸ ਤਰ੍ਹਾਂ ਸਰਹੱਦੀ ਇਲਾਕਿਆਂ ’ਚ ਡ੍ਰੋਨਜ਼ ਉੱਡਦੇ ਨਜ਼ਰ ਆਉਂਦੇ ਹਨ ਅਤੇ ਖੇਤਾਂ ’ਚ ਡਿੱਗੇ ਮਿਲਦੇ ਹਨ। ਉਸ ਨੂੰ ਦੇਖ ਕੇ ਇਹੀ ਲੱਗਦਾ ਹੈ ਕਿ ਡ੍ਰੋਨ ਦੀ ਆਮਦ ਹੁਣ ਆਊਟ ਆਫ ਕੰਟਰੋਲ ਹੋ ਚੁੱਕੀ ਹੈ। ਬੀ. ਐੱਸ. ਐੱਫ. ਵੱਲੋਂ ਇਕ ਸਾਲ ਦੌਰਾਨ 100 ਤੋਂ ਜ਼ਿਆਦਾ ਡ੍ਰੋਨ ਦੀ ਮੂਵਮੈਂਟ ਹੋਈ ਹੈ ਅਤੇ ਡ੍ਰੋਨ ਹੈਰੋਇਨ ਦੀ ਖੇਪ ਛੱਡ ਕੇ ਵਾਪਸ ਮੁੜ ਚੁੱਕਾ ਹੈ। ਹਾਲਾਂਕਿ ਇਸ ਸਮੇਂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਡ੍ਰੋਨ ਦੀ ਸੂਚਨਾ ਦੇਣ ਵਾਲਿਆਂ ’ਤੇ ਈਨਾਮ ਵੀ ਰੱਖਿਆ ਗਿਆ ਹੈ ਅਤੇ ਵਿਲੇਜ ਡਿਫੈਂਸ ਕਮੇਟੀਆਂ ਦਾ ਗਠਨ ਵੀ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

Shivani Bassan

Content Editor

Related News