ਵਿਜੀਲੈਂਸ ਨੇ 15 ਸਾਲ ਬਾਅਦ ਦਬੋਚਣੇ ਸ਼ੁਰੂ ਕੀਤੇ ਜਲੰਧਰ ਨਿਗਮ ਦੇ ਭ੍ਰਿਸ਼ਟ ਕਰਮਚਾਰੀ

Thursday, Mar 23, 2023 - 01:25 PM (IST)

ਵਿਜੀਲੈਂਸ ਨੇ 15 ਸਾਲ ਬਾਅਦ ਦਬੋਚਣੇ ਸ਼ੁਰੂ ਕੀਤੇ ਜਲੰਧਰ ਨਿਗਮ ਦੇ ਭ੍ਰਿਸ਼ਟ ਕਰਮਚਾਰੀ

ਜਲੰਧਰ (ਖੁਰਾਣਾ)–ਪਿਛਲੇ ਲਗਭਗ 10 ਤੋਂ 15 ਸਾਲ ਦੀ ਗੱਲ ਕਰੀਏ ਤਾਂ ਜਲੰਧਰ ਨਿਗਮ ਵਰਗੇ ਸਰਕਾਰੀ ਵਿਭਾਗ ਦਾ ਸਿਸਟਮ ਖ਼ਰਾਬ-ਦਰ-ਖ਼ਰਾਬ ਹੁੰਦਾ ਜਾ ਰਿਹਾ ਸੀ। ਪਹਿਲਾਂ ਪਹਿਲ ਤਾਂ ਜਲੰਧਰ ਨਿਗਮ ਵਰਗੇ ਸੰਸਥਾਨਾਂ ਵਿਚ ਠੇਕੇਦਾਰਾਂ ਅਤੇ ਅਧਿਕਾਰੀਆਂ ਵਿਚਕਾਰ ਨੈਕਸਸ ਹੀ ਕੰਮ ਕੀਤਾ ਜਾਂਦਾ ਸੀ ਪਰ ਉਸ ਤੋਂ ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਨੇ ਭ੍ਰਿਸ਼ਟਾਚਾਰ ਦੇ ਸਾਰੇ ਰਿਕਾਰਡ ਤੋੜ ਦਿੱਤੇ ਅਤੇ ਇਹ ਵਿਭਾਗ ਨਿਗਮ ਦਾ ਸਭ ਤੋਂ ਮਲਾਈਦਾਰ ਮਹਿਕਮਾ ਕਹਿਲਾਉਣ ਲੱਗਾ। ਬੀ. ਐਂਡ ਆਰ. ਅਤੇ ਬਿਲਡਿੰਗ ਵਿਭਾਗ ਦੇ ਭ੍ਰਿਸ਼ਟਾਚਾਰ ਨੂੰ ਵੇਖਦਿਆਂ ਨਿਗਮ ਦੇ ਬਾਕੀ ਵਿਭਾਗਾਂ ਵਿਚ ਵੀ ਰਿਸ਼ਵਤਖੋਰੀ ਇੰਨੀ ਹਾਵੀ ਹੋ ਗਈ ਕਿ ਅੱਜ ਦੇ ਜ਼ਮਾਨੇ ਵਿਚ ਤਾਂ ਇਹ ਸਭ ਲੀਗਲ ਵਰਗਾ ਦਿਸਣ ਲੱਗਾ ਸੀ ਅਤੇ ਪੈਸਿਆਂ ਦੇ ਆਦਾਨ-ਪ੍ਰਦਾਨ ਨੂੰ ਲੋਕ ਨਾ ਤਾਂ ਜ਼ਿਆਦਾ ਗੰਭੀਰਤਾ ਨਾਲ ਲੈ ਰਹੇ ਸਨ, ਨਾ ਹੀ ਇਸ ਭ੍ਰਿਸ਼ਟਾਚਾਰ ਦੀਆਂ ਜ਼ਿਆਦਾ ਸ਼ਿਕਾਇਤਾਂ ਹੋ ਰਹੀਆਂ ਸਨ। ਹੋਰ ਤਾਂ ਹੋਰ, ਭ੍ਰਿਸ਼ਟਾਚਾਰ ਦੇ ਇਸ ਜਾਲ ਵਿਚ ਨਿਗਮ ਦੇ ਛੋਟੇ-ਛੋਟੇ ਵਿਭਾਗ ਜਿਵੇਂ ਤਹਿਬਾਜ਼ਾਰੀ, ਇਸ਼ਤਿਹਾਰ, ਲੀਗਲ ਸ਼ਾਖਾ, ਲਾਇਸੈਂਸ ਬ੍ਰਾਂਚ ਆਦਿ ਵੀ ਸ਼ਾਮਲ ਹੋ ਗਏ ਸਨ। ਨਿਗਮ ਦੇ ਇਸ ਸਾਰੇ ਭ੍ਰਿਸ਼ਟਾਚਾਰ ਨੂੰ ਨਾ ਸਿਰਫ਼ ਰਾਜਨੇਤਾਵਾਂ ਦੀ ਸ਼ਹਿ ਸੀ, ਸਗੋਂ ਚੰਡੀਗੜ੍ਹ ਬੈਠੇ ਅਧਿਕਾਰੀਆਂ ਨੇ ਵੀ ਭ੍ਰਿਸ਼ਟਾਚਾਰ ਸਬੰਧੀ ਆਈਆਂ ਸ਼ਿਕਾਇਤਾਂ ’ਤੇ ਧਿਆਨ ਦੇਣਾ ਬੰਦ ਕਰ ਰੱਖਿਆ ਸੀ। ਵਿਜੀਲੈਂਸ ਬਿਊਰੋ ਦੀ ਗੱਲ ਕਰੀਏ ਤਾਂ ਇਸ ਵਿਭਾਗ ਦੇ ਜ਼ਿੰਮੇ ਭ੍ਰਿਸ਼ਟਾਚਾਰ ਨੂੰ ਰੋਕਣ ਦਾ ਕੰਮ ਹੈ ਪਰ ਵਿਜੀਲੈਂਸ ਨੇ ਵੀ ਲਗਭਗ 15 ਸਾਲ ਚੁੱਪੀ ਧਾਰਨ ਰੱਖੀ ਅਤੇ ਹੁਣ ਜਾ ਕੇ ਬਿਊਰੋ ਨੇ ਜਲੰਧਰ ਨਿਗਮ ਦੇ ਭ੍ਰਿਸ਼ਟ ਕਾਰੋਬਾਰੀਆਂ ਨੂੰ ਦਬੋਚਣ ਦਾ ਕੰਮ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ : ਮਰਸਡੀਜ਼ ਤੋਂ ਰੇਹੜੇ ’ਤੇ ਪਹੁੰਚਿਆ ‘ਭਗੌੜਾ ਅੰਮ੍ਰਿਤਪਾਲ’, ਵਾਇਰਲ ਹੋਈ ਤਸਵੀਰ

ਇਸ ਤੋਂ ਪਹਿਲਾਂ ਸਾਲ 2005-06 ਵਿਚ ਨਗਰ ਨਿਗਮ ਸੁਪਰਿੰਟੈਂਡੈਂਟ ਅਮਨਦੀਪ ’ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸਿਆ ਸੀ ਅਤੇ ਉਸਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਲਈ ਨਿਗਮ ਕੰਪਲੈਕਸ ਵਿਚ ਛਾਪੇਮਾਰੀ ਕੀਤੀ ਸੀ ਪਰ ਉਹ ਕਿਸੇ ਤਰ੍ਹਾਂ ਵਿਜੀਲੈਂਸ ਦੇ ਚੁੰਗਲ ਵਿਚੋਂ ਛੁੱਟ ਕੇ ਭੱਜ ਗਿਆ। ਉਦੋਂ ਇਕ ਨੇਤਾਜੀ ਉਸ ਨੂੰ ਆਪਣੇ ਸਕੂਟਰ ’ਤੇ ਬਿਠਾ ਕੇ ਭਜਾ ਲਿਜਾਣ ’ਚ ਕਾਮਯਾਬ ਹੋ ਗਏ ਸਨ। ਉਸ ਸਮੇਂ ਸੁਰਿੰਦਰ ਮਹੇ ਮੇਅਰ ਦੀ ਕੁਰਸੀ ’ਤੇ ਬਿਰਾਜਮਾਨ ਸਨ। ਉਸ ਤੋਂ ਬਾਅਦ ਜਦੋਂ ਰਾਕੇਸ਼ ਰਾਠੌਰ, ਸੁਨੀਲ ਜਯੋਤੀ ਅਤੇ ਜਗਦੀਸ਼ ਰਾਜਾ ਮੇਅਰ ਬਣੇ, ਉਦੋਂ ਵਿਜੀਲੈਂਸ ਬਿਊਰੋ ਨੇ ਇਕ ਵਾਰ ਵੀ ਜਲੰਧਰ ਨਿਗਮ ਵਿਚ ਛਾਪੇਮਾਰੀ ਕਰਕੇ ਕਿਸੇ ਭ੍ਰਿਸ਼ਟ ਕਰਮਚਾਰੀ ਨੂੰ ਰੰਗੇ ਹੱਥੀਂ ਨਹੀਂ ਫੜਿਆ ਸੀ। ਸਿਰਫ ਨਾਜਾਇਜ਼ ਕਾਲੋਨੀਆਂ, ਬਿਲਡਿੰਗਾਂ ਆਦਿ ਦੀ ਜਾਂਚ ਲਈ ਵਿਜੀਲੈਂਸ ਨੇ ਕਈ ਵਾਰ ਨਿਗਮ ਆ ਕੇ ਰਿਕਾਰਡ ਦੀ ਛਾਣਬੀਣ ਜ਼ਰੂਰ ਕੀਤੀ ਸੀ। ਹੁਣ ਵਿਜੀਲੈਂਸ ਬਿਊਰੋ ਨੇ ਸਰਗਰਮ ਹੋ ਕੇ ਜਿਸ ਤਰ੍ਹਾਂ ਨਿਗਮ ਦੇ ਭ੍ਰਿਸ਼ਟ ਅਧਿਕਾਰੀਆਂ ਨੂੰ ਫੜਨ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਉਸ ਨਾਲ ਇਸ ਸਰਕਾਰੀ ਸੰਸਥਾਨ ਵਿਚ ਦਹਿਸ਼ਤ ਛਾ ਗਈ ਹੈ ਅਤੇ ਹੁਣ ਖੁੱਲ੍ਹ ਕੇ ਚੱਲਣ ਵਾਲਾ ਭ੍ਰਿਸ਼ਟਾਚਾਰ ਲੁਕਾ-ਛਿਪੀ ਦੇ ਦਾਇਰੇ ਵਿਚ ਆ ਸਕਦਾ ਹੈ।

15 ਦਿਨ ’ਚ 3 ਵਾਰ ਹੋ ਗਈ ਨਿਗਮ ’ਤੇ ਵਿਜੀਲੈਂਸ ਦੀ ਕਾਰਵਾਈ
ਪਿਛਲੇ 15 ਸਾਲ ਵਿਚ ਜਿਸ ਵਿਜੀਲੈਂਸ ਨੇ ਜਲੰਧਰ ਨਿਗਮ ’ਤੇ ਕੋਈ ਕਾਰਵਾਈ ਨਹੀਂ ਕੀਤੀ, ਉਸ ਨੇ ਇਨ੍ਹਾਂ 15 ਦਿਨਾਂ ਵਿਚ 3 ਵਾਰ ਜਲੰਧਰ ਨਿਗਮ ਦੇ ਕਰਮਚਾਰੀਆਂ ’ਤੇ ਦਬਿਸ਼ ਦਿੱਤੀ। ਸਭ ਤੋਂ ਪਹਿਲਾਂ ਰਾਮਾ ਮੰਡੀ ਦੇ ਇਕ ਆਰਕੀਟੈਕਟ ਨੂੰ ਦਬੋਚਿਆ ਗਿਆ, ਜਿਸ ਦੇ ਨਾਲ ਹੀ ਇਕ ਬਿਲਡਿੰਗ ਇੰਸਪੈਕਟਰ ਸੁਖਵਿੰਦਰ ਨੂੰ ਵੀ ਗ੍ਰਿਫ਼ਤਾਰ ਕਰ ਕੇ 60 ਹਜ਼ਾਰ ਰੁਪਏ ਦੀ ਰਿਸ਼ਵਤਖੋਰੀ ਦਾ ਖੁਲਾਸਾ ਹੋਇਆ। ਪਿਛਲੇ ਹਫ਼ਤੇ ਵਿਜੀਲੈਂਸ ਬਿਊਰੋ ਦੀ ਟੀਮ ਨੇ ਸ਼ਾਮ ਦੇ ਸਮੇਂ ਨਿਗਮ ਦੀ ਬੇਸਮੈਂਟ ਵਿਚ ਛਾਪੇਮਾਰੀ ਕਰਕੇ ਇਕ ਰਿਟਾਇਰਡ ਔਰਤ ਨੂੰ ਰੰਗੇ ਹੱਥੀਂ ਫੜਨ ਦਾ ਪਲਾਨ ਬਣਾਇਆ ਪਰ ਉਹ ਵਿਜੀਲੈਂਸ ਤੋਂ ਵੀ ਚਲਾਕ ਨਿਕਲੀ। ਪਿਛਲੀ ਰਾਤ ਬਾਠ ਕੈਸਲ ਦੇ ਸੰਚਾਲਕਾਂ ਦੀ ਸ਼ਿਕਾਇਤ ’ਤੇ ਵਿਜੀਲੈਂਸ ਬਿਊਰੋ ਦੀ ਫਲਾਇੰਗ ਸਕੁਐਡ ਟੀਮ ਨੇ ਦੂਸਰੇ ਸ਼ਹਿਰ ਤੋਂ ਆ ਕੇ ਜਲੰਧਰ ਨਿਗਮ ਵਿਚ ਏ. ਟੀ. ਪੀ. ਰਹੇ ਰਵੀ ਪੰਕਜ ਸ਼ਰਮਾ ਨੂੰ ਰੰਗੇ ਹੱਥੀਂ 8 ਲੱਖ ਰੁਪਏ ਦੀ ਰਿਸ਼ਵਤ ਸਮੇਤ ਗ੍ਰਿਫ਼ਤਾਰ ਕੀਤਾ, ਜਿਸ ਦੇ ਨਾਲ ਅਰਵਿੰਦ ਮਿਸ਼ਰਾ ਅਤੇ ਕੁਣਾਲ ਕੋਹਲੀ ਨੂੰ ਵੀ ਫੜਿਆ ਗਿਆ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਦੇ ਮਾਮਲੇ 'ਚ ਪੁਲਸ ਦੇ ਹੱਥ ਲੱਗੀ ਵੱਡੀ ਸਫ਼ਲਤਾ, ਬਰਾਮਦ ਹੋਏ 2 ਮੋਟਰਸਾਈਕਲ

ਬਾਹਰੀ ਲੋਕ ਵੀ ਖਰਾਬ ਕਰ ਰਹੇ ਹਨ ਨਿਗਮ ਦੀ ਇਮੇਜ, ਨਵੇਂ-ਨਵੇਂ ਨੈੱਟਵਰਕ ਬਣੇ
ਇਸ ਵਿਚ ਕੋਈ ਦੋ-ਰਾਵਾਂ ਨਹੀਂ ਹਨ ਕਿ ਨਗਰ ਨਿਗਮ ਦੇ ਕਈ ਕਰਮਚਾਰੀ ਅਤੇ ਅਧਿਕਾਰੀ ਆਪਣੀ ਤਨਖਾਹ ਨਾਲ ਸੰਤੁਸ਼ਟ ਨਹੀਂ ਅਤੇ ਉਪਰਲੀ ਕਮਾਈ ਵੀ ਚਾਹੁੰਦੇ ਹਨ ਪਰ ਇਹ ਵੀ ਇਕ ਤੱਥ ਹੈ ਕਿ ਨਗਰ ਨਿਗਮ ਦੀ ਇਮੇਜ ਨੂੰ ਬਾਹਰੀ ਲੋਕ ਵੀ ਖਰਾਬ ਕਰ ਰਹੇ ਹਨ। ਜਲੰਧਰ ਨਿਗਮ ਦੇ ਬਿਲਡਿੰਗ ਵਿਭਾਗ ਵਿਚ ਬਾਹਰੀ ਲੋਕਾਂ ਅਤੇ ਅਫਸਰਾਂ ਵਿਚਕਾਰ ਕਈ ਨੈੱਟਵਰਕ ਕੰਮ ਕਰ ਰਹੇ ਹਨ। ਨਿਗਮ ਵਿਚ ਕੁਝ ਸ਼ਿਕਾਇਤਕਰਤਾ ਅਜਿਹੇ ਹਨ, ਜੋ ਜ਼ਿਆਦਾਤਰ ਅਫਸਰਾਂ ਦੇ ਸੰਪਰਕ ਵਿਚ ਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਹਿੱਸਾ ਵੀ ਪਹੁੰਚਾਉਂਦੇ ਹਨ। ਕਈ ਮਾਮਲਿਆਂ ਵਿਚ ਤਾਂ ਨਿਗਮ ਦੇ ਨੋਟਿਸਾਂ ਤੱਕ ’ਤੇ ਸ਼ਿਕਾਇਤਕਰਤਾ ਦਾ ਨਾਂ ਲਿਖ ਦਿੱਤਾ ਜਾਂਦਾ ਹੈ। ਪਹਿਲਾਂ ਪਹਿਲ ਇਹ ਕੰਮ ਆਰ. ਟੀ. ਆਈ. ਰਾਹੀਂ ਹੋਇਆ ਕਰਦਾ ਸੀ ਪਰ ਉਸ ਤੋਂ ਬਾਅਦ ਸ਼ਿਕਾਇਤਾਂ ਦੇ ਰਾਹੀਂ ਖੁੱਲ੍ਹੀ ਬਲੈਕਮੇਲਿੰਗ ਵੀ ਹੋਣ ਲੱਗੀ।

ਭ੍ਰਿਸ਼ਟਾਚਾਰ ਦੇ ਮਾਮਲੇ ਚੁੱਕਣ ’ਚ ਫੇਲ ਸਾਬਿਤ ਹੋਈ ਭਾਜਪਾ
ਪਿਛਲੇ ਸਾਲ ਰਹੀ ਕਾਂਗਰਸ ਦੀ ਸਰਕਾਰ ਦੌਰਾਨ ਜਲੰਧਰ ਨਿਗਮ ਅਤੇ ਸਮਾਰਟ ਸਿਟੀ ਵਿਚ ਖੁੱਲ੍ਹ ਕੇ ਕਰੋੜਾਂ-ਅਰਬਾਂ ਰੁਪਏ ਦਾ ਭ੍ਰਿਸ਼ਟਾਚਾਰ ਹੋਇਆ ਪਰ ਵਿਰੋਧੀ ਧਿਰ ਵਿਚ ਬੈਠੀ ਭਾਜਪਾ ਦੇ ਨੇਤਾ ਅਜਿਹੇ ਮੁੱਦੇ ਚੁੱਕਣ ਵਿਚ ਬਿਲਕੁਲ ਫੇਲ ਸਾਬਿਤ ਹੋਏ। ਹਾਲੇ ਵੀ ਭਾਜਪਾ 2024 ਵਿਚ ਦੇਸ਼ ਦੀ ਸੱਤਾ ’ਤੇ ਕਬਜ਼ਾ ਕਰਨ ਦਾ ਸੁਪਨਾ ਦੇਖ ਰਹੀ ਹੈ ਪਰ ਪੰਜਾਬ ਖਾਸ ਕਰ ਕੇ ਜਲੰਧਰ ਵਰਗੇ ਵੱਡੇ ਸ਼ਹਿਰ ਵਿਚ ਭਾਜਪਾ ਅਜਿਹੇ ਮੁੱਦੇ ਨੂੰ ਬਿਲਕੁਲ ਵੀ ਚੁੱਕ ਨਹੀਂ ਸਕੀ। ਆਮ ਆਦਮੀ ਪਾਰਟੀ ਦੇ ਇਕ ਸਾਲ ਦੇ ਰਾਜ ਵਿਚ ਵੀ ਸ਼ਹਿਰ ਦੇ ਭਾਜਪਾ ਨੇਤਾ ਹੱਥ ’ਤੇ ਹੱਥ ਧਰੀ ਬੈਠੇ ਹਨ ਅਤੇ ਇਕ-ਦੂਜੇ ਦੀਆਂ ਲੱਤਾਂ ਖਿੱਚਣ ਵਿਚ ਲੱਗੇ ਹੋਏ ਹਨ।

ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਬੰਧੀ ਹੁਣ ਤੱਕ ਦਾ ਵੱਡਾ ਖ਼ੁਲਾਸਾ, ਵਿਸਾਖੀ ’ਤੇ ਹੋਣਾ ਸੀ ‘ਅਨੰਦਪੁਰ ਖ਼ਾਲਸਾ ਫ਼ੌਜ’ ਦਾ ਰਸਮੀ ਐਲਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

shivani attri

Content Editor

Related News