ਵੱਡੀ ਖ਼ਬਰ : 14 ਸਾਲਾਂ ਬਾਅਦ ਸੁਲਝਿਆ MBA ਵਿਦਿਆਰਥਣ ਨਾਲ ਹੋਏ ਜਬਰ-ਜ਼ਿਨਾਹ ਤੇ ਕਤਲ ਦਾ ਮਾਮਲਾ
Friday, May 03, 2024 - 05:47 AM (IST)
ਚੰਡੀਗੜ੍ਹ (ਸੁਸ਼ੀਲ)– ਕਰੀਬ 14 ਸਾਲ ਪੁਰਾਣੇ ਐੱਮ. ਬੀ. ਏ. ਦੀ ਵਿਦਿਆਰਥਣ ਨੇਹਾ ਅਹਲਾਵਤ ਦਾ ਜਬਰ-ਜ਼ਿਨਾਹ ਤੋਂ ਬਾਅਦ ਕੀਤੇ ਕਤਲ ਸਮੇਤ 2 ਮਾਮਲਿਆਂ ’ਚ ਲੁੜੀਂਦੇ ਮੁਲਜ਼ਮ ਨੂੰ ਚੰਡੀਗੜ੍ਹ ਪੁਲਸ ਨੇ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਸੈਕਟਰ 38 ਸਥਿਤ ਸ਼ਾਹਪੁਰ ਕਾਲੋਨੀ ਵਾਸੀ 37 ਸਾਲਾ ਮੋਨੂੰ ਕੁਮਾਰ ਵਜੋਂ ਹੋਈ ਹੈ, ਜੋ ਮੂਲ ਰੂਪ ’ਚ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਮਲੋਆ ਥਾਣਾ ਪੁਲਸ ਨੇ ਮੁਲਜ਼ਮ ਨੂੰ ਜ਼ਿਲਾ ਅਦਾਲਤ ’ਚ ਪੇਸ਼ ਕੀਤਾ, ਜਿਥੋਂ ਉਸ ਨੂੰ 2 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ ਗਿਆ। ਮੁਲਜ਼ਮ ਮੋਨੂੰ ਨਸ਼ੇ ਦਾ ਆਦੀ ਹੈ। ਉਸ ਨੇ ਪੁਲਸ ਤੋਂ ਬਚਣ ਲਈ ਆਧਾਰ ਕਾਰਡ ਤੱਕ ਵੀ ਨਹੀਂ ਬਣਵਾਇਆ ਹੈ।
ਪੁਲਸ ਨੇ ਕਰੀਬ 2 ਸਾਲ ਪੁਰਾਣੇ 40 ਸਾਲਾ ਔਰਤ ਦੇ ਜਬਰ-ਜ਼ਿਨਾਹ ਮਗਰੋਂ ਕਤਲ ਦੇ ਮਾਮਲੇ ’ਚ ਮੁਲਜ਼ਮ ਨੂੰ ਬੁੱਧਵਾਰ ਰਾਤ ਸੈਕਟਰ 38 ਤੋਂ ਗ੍ਰਿਫ਼ਤਾਰ ਕੀਤਾ। 12 ਜਨਵਰੀ, 2022 ਨੂੰ ਔਰਤ ਦੀ ਲਾਸ਼ ਸਨੇਹਾਲਿਆ ਨੇੜੇ ਝਾੜੀਆਂ ’ਚੋਂ ਨਗਨ ਹਾਲਤ ’ਚ ਮਿਲੀ ਸੀ। ਪੁਲਸ ਜਾਂਚ ’ਚ 40 ਸਾਲਾ ਔਰਤ ਤੇ ਐੱਮ. ਬੀ. ਏ. ਵਿਦਿਆਰਥਣ ਨੇਹਾ ਨਾਲ ਜਬਰ-ਜ਼ਿਨਾਹ ਮਗਰੋਂ ਕਤਲ ਦਾ ਮਾਮਲਾ ਇਕੋ ਜਿਹਾ ਲੱਗ ਰਿਹਾ ਸੀ। ਮੁਲਜ਼ਮ ਦੀ ਡੀ. ਐੱਨ. ਏ. ਰਿਪੋਰਟ ’ਚ ਖ਼ੁਲਾਸਾ ਹੋਇਆ ਹੈ ਕਿ ਦੋਵਾਂ ਮਾਮਲਿਆਂ ’ਚ ਮੁਲਜ਼ਮ ਇਕੋ ਹੀ ਹੈ।
ਕਰੀਬ 14 ਸਾਲ ਪੁਰਾਣੇ ਨੇਹਾ ਨਾਲ ਜਬਰ-ਜ਼ਿਨਾਹ ਤੋਂ ਬਾਅਦ ਕਤਲ ਮਾਮਲੇ ਦੇ ਮੁਲਜ਼ਮ ਤੱਕ ਪੁਲਸ ਮਲੋਆ ’ਚ ਇਕ ਔਰਤ ਦੇ ਜਬਰ-ਜ਼ਿਨਾਹ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਸੁਲਝਾਉਂਦਿਆਂ ਪਹੁੰਚੀ। ਵਿਦਿਆਰਥਣ ਤੇ ਔਰਤ ਨਾਲ ਜਬਰ-ਜ਼ਿਨਾਹ ਤੇ ਕਤਲ ਕਰਨ ਦਾ ਤਰੀਕਾ ਇਕੋ ਜਿਹਾ ਸੀ। ਦੋਵਾਂ ਵਾਰਦਾਤਾਂ ’ਚ ਮੁਲਜ਼ਮ ਦਾ ਡੀ. ਐੱਨ. ਏ. ਮੇਲ ਖਾ ਗਿਆ। ਐੱਮ. ਬੀ. ਏ. ਵਿਦਿਆਰਥਣ ਦੇ ਕਤਲ ਤੋਂ ਪਹਿਲਾਂ ਮੁਲਜ਼ਮ ਨੇ ਹਿਮਾਚਲ ਪ੍ਰਦੇਸ਼ ’ਚ ਵੀ ਇਕ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ ਦੱਸਿਆ ਕਿ ਮਲੋਆ ਦੀ ਰਹਿਣ ਵਾਲੀ 40 ਸਾਲਾ ਮਨਦੀਪ ਕੌਰ 11 ਜਨਵਰੀ, 2022 ਨੂੰ ਸਨੇਹਾਲਿਆ ਨੇੜੇ ਝਾੜੀਆਂ ’ਚ ਨਗਨ ਹਾਲਤ ’ਚ ਮਿਲੀ ਸੀ। ਉਸ ਦੇ ਮੂੰਹ ’ਚ ਜੁਰਾਬਾਂ ਭਰ ਕੇ ਜਬਰ-ਜ਼ਿਨਾਹ ਤੋਂ ਬਾਅਦ ਕਤਲ ਕੀਤਾ ਗਿਆ। ਸੀ. ਐੱਫ. ਐੱਸ. ਐੱਲ. ਮਾਹਿਰਾਂ ਨੇ ਲਾਸ਼ ਨੇੜਿਓਂ ਸਬੂਤ ਇਕੱਤਰ ਕੀਤੇ ਸਨ। ਪੁਲਸ ਨੇ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ’ਤੇ ਜਬਰ-ਜ਼ਿਨਾਹ ਤੇ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਸੀ।
ਇਹ ਖ਼ਬਰ ਵੀ ਪੜ੍ਹੋ : ਚਾਹ ਪੀ ਰਹੇ ਨੌਜਵਾਨ ਮਜ਼ਦੂਰ ’ਤੇ ਡਿੱਗੀਆਂ ਕਣਕ ਦੀਆਂ ਬੋਰੀਆਂ, ਮੌਤ
ਐੱਸ. ਐੱਸ. ਪੀ. ਨੇ ਮਾਮਲੇ ਨੂੰ ਸੁਲਝਾਉਣ ਲਈ 20 ਜੂਨ, 2023 ਨੂੰ ਵਿਸ਼ੇਸ਼ ਟੀਮਾਂ ਬਣਾਈਆਂ ਸਨ। ਐੱਮ. ਬੀ. ਏ. ਵਿਦਿਆਰਥਣ ਤੇ ਮਲੋਆ ਦੀ ਔਰਤ ਦੇ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਸੀ। ਪੁਲਸ ਜਾਂਚ ’ਚ ਸਾਹਮਣੇ ਆਇਆ ਸੀ ਕਿ ਦੋਵਾਂ ਮਾਮਲਿਆਂ ’ਚ ਮੁਲਜ਼ਮ ਦਾ ਕੱਦ ਪੰਜ ਫੁੱਟ ਸੱਤ ਤੋਂ ਨੌਂ ਫੁੱਟ ਵਿਚਕਾਰ ਸੀ। ਉਮਰ 30 ਤੋਂ 40 ਦੇ ਵਿਚਕਾਰ ਤੇ ਸਿਰ ’ਤੇ ਪੂਰੇ ਵਾਲ ਹੋਣਗੇ। ਇਸ ਤੋਂ ਬਾਅਦ ਕਾਲੋਨੀਆਂ ’ਚ ਰਹਿਣ ਵਾਲੇ ਸ਼ੱਕੀ ਲੋਕਾਂ ਨੂੰ ਫੜ ਕੇ ਪੁੱਛਗਿੱਛ ਕੀਤੀ ਗਈ। ਪੁਲਸ ਨੇ ਸਬਜ਼ੀ ਵੇਚਣ ਵਾਲਿਆਂ, ਰੇਹੜੀ ਵਾਲਿਆਂ, ਆਟੋ ਤੇ ਟੈਕਸੀ ਡਰਾਈਵਰਾਂ ਤੇ ਕਿਰਾਏਦਾਰਾਂ ਦੇ ਰਿਕਾਰਡ ਦੀ ਜਾਂਚ ਕੀਤੀ। ਮਲੋਆ ਥਾਣਾ ਪੁਲਸ ਨੇ ਮਾੜੇ ਚਾਲ-ਚਲਣ, ਜਬਰ-ਜ਼ਿਨਾਹ ਤੇ ਕਤਲ ਦੇ ਮਾਮਲਿਆਂ ’ਚ ਜੇਲ ਤੋਂ ਬਾਹਰ ਆਏ ਮੁਲਜ਼ਮਾਂ ਦਾ ਰਿਕਾਰਡ ਇਕੱਠਾ ਕੀਤਾ। ਮਲੋਆ ਥਾਣਾ ਪੁਲਸ ਨੇ ਜੁਲਾਈ, 2023 ’ਚ 3 ਮੁਲਜ਼ਮਾਂ ਦੇ ਡੀ. ਐੱਨ. ਏ. ਨਮੂਨੇ ਸੀ. ਐੱਫ. ਐੱਸ. ਐੱਲ. ਜਾਂਚ ਲਈ ਭੇਜੇ ਸਨ।
ਸੀ. ਐੱਫ. ਐੱਸ. ਐੱਲ. ਮਾਹਿਰ ਸੁਨੀਤਾ ਨੇ ਡੀ. ਐੱਨ. ਏ. ਨਮੂਨੇ ਦੀ ਜਾਂਚ ਕੀਤੀ। ਸੱਤ ਮਹੀਨਿਆਂ ਬਾਅਦ ਮਲੋਆ ’ਚ ਸਨੇਹਾਲਿਆ ਨੇੜੇ ਇਕ ਔਰਤ ਨਾਲ ਜਬਰ-ਜ਼ਿਨਾਹ ਤੇ ਕਤਲ ਕਰਨ ਵਾਲੀ ਥਾਂ ਤੋਂ ਲਿਆ ਗਿਆ ਡੀ. ਐੱਨ. ਏ. ਤੇ ਚੰਡੀਗੜ੍ਹ ਪੁਲਸ ਵਲੋਂ ਭੇਜੇ ਗਏ ਡੀ. ਐੱਨ. ਏ. ਸ਼ਾਹਪੁਰ ਕਾਲੋਨੀ ਦੇ ਰਹਿਣ ਵਾਲੇ 37 ਸਾਲਾ ਮੋਨੂੰ ਨਾਲ ਮੇਲ ਖਾ ਗਿਆ। ਮਲੋਆ ਥਾਣਾ ਪੁਲਸ ਨੇ ਜਦੋਂ ਮੋਨੂੰ ਬਾਰੇ ਪਤਾ ਕੀਤਾ ਤਾਂ ਉਹ ਟੈਕਸੀ ਲੈ ਕੇ ਅੰਮ੍ਰਿਤਸਰ ਗਿਆ ਹੋਇਆ ਸੀ। ਪੁਲਸ ਨੇ ਫੋਨ ਕਰਕੇ ਖ਼ੂਨ ਦੇ ਨਮੂਨੇ ਲੈਣ ਲਈ ਚੰਡੀਗੜ੍ਹ ਬੁਲਾਇਆ। ਮੋਨੂੰ ਕਹਿਣ ਲੱਗਾ ਕਿ ਉਹ ਦਿੱਲੀ ਜਾ ਰਿਹਾ ਹੈ। ਪੁਲਸ ਨੇ ਉਸ ਦਾ ਫ਼ੋਨ ਟਰੇਸ ਕਰਕੇ ਚੰਡੀਗੜ੍ਹ ਪਹੁੰਚਦਿਆਂ ਹੀ ਉਸ ਨੂੰ ਫੜ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਕਬੂਲ ਕੀਤਾ ਕਿ ਉਸ ਨੇ ਮਲੋਆ ਵਾਸੀ ਮਹਿਲਾ ਦਾ ਕਤਲ ਕੀਤਾ ਸੀ। ਔਰਤ ਨੂੰ ਬਹਾਨੇ ਨਾਲ ਝਾੜੀਆਂ ਵੱਲ ਲੈ ਗਿਆ। ਸਿਰ ’ਤੇ ਪੱਥਰ ਮਾਰਿਆ ਤੇ ਔਰਤ ਜ਼ਮੀਨ ’ਤੇ ਡਿੱਗ ਗਈ। ਇਸ ਤੋਂ ਬਾਅਦ ਉਸ ਨੇ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਮਗਰੋਂ ਉਸ ਦਾ ਕਤਲ ਕਰ ਦਿੱਤਾ। ਉਸ ਸਮੇਂ ਮੁਲਜ਼ਮ ਸਬਜ਼ੀ ਵੇਚਦਾ ਸੀ। ਐੱਸ. ਐੱਸ. ਪੀ. ਨੇ ਦੱਸਿਆ ਕਿ ਦੋਵਾਂ ਮਾਮਲਿਆਂ ਨੂੰ ਸੁਲਝਾਉਣ ਲਈ ਡੀ. ਐੱਸ. ਪੀ. ਚਰਨਜੀਤ ਸਿੰਘ, ਮਲੋਆ ਥਾਣਾ ਇੰਚਾਰਜ ਜਸਪਾਲ ਸਿੰਘ, ਸਬ ਇੰਸਪੈਕਟਰ ਮੋਹਨ ਕਸ਼ਯਪ, ਕਾਂਸਟੇਬਲ ਸੁਨੀਲ ਤੇ ਵਿਕਾਸ ਨੂੰ ਸਨਮਾਨਿਤ ਕੀਤਾ ਜਾਵੇਗਾ।
ਐੱਮ. ਬੀ. ਏ. ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਤੇ ਕਤਲ ਦੀ ਵਾਰਦਾਤ ਨੂੰ ਇੰਝ ਦਿੱਤਾ ਸੀ ਅੰਜ਼ਾਮ
ਐੱਸ. ਐੱਸ. ਪੀ. ਨੇ ਦੱਸਿਆ ਕਿ ਕਰੀਬ 14 ਸਾਲ ਪੁਰਾਣੇ ਐੱਮ. ਬੀ. ਏ. ਵਿਦਿਆਰਥਣ ਜਬਰ-ਜ਼ਿਨਾਹ ਤੇ ਕਤਲ ਮਾਮਲੇ ’ਚ ਮੋਨੂੰ ਦਾ ਡੀ. ਐੱਨ. ਏ. ਮੇਲ ਖਾ ਗਿਆ। ਮਲੋਆ ਥਾਣਾ ਪੁਲਸ ਨੇ ਐੱਮ. ਬੀ. ਏ. ਵਿਦਿਆਰਥਣ ਦੇ ਕਤਲ ਮਾਮਲੇ ਦੇ ਮੁਲਜ਼ਮ ਮੋਨੂੰ ਤੋਂ ਜਦੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਕਬੂਲ ਕੀਤਾ ਕਿ ਇਹ ਵਾਰਦਾਤ ਉਸ ਨੇ ਹੀ ਕੀਤੀ ਹੈ। ਘਟਨਾ ਵਾਲੇ ਦਿਨ ਐੱਮ. ਬੀ. ਏ. ਵਿਦਿਆਰਥਣ ਸੈਕਟਰ 38 ਕਰਨ ਟੈਕਸੀ ਸਟੈਂਡ ਦੇ ਬਾਹਰ ਸੜਕ ’ਤੇ ਖੜ੍ਹੀ ਹੋ ਕੇ ਫੋਨ ਸੁਣ ਰਹੀ ਸੀ। ਰਾਤ ਨੂੰ ਵਿਦਿਆਰਥਣ ਨੂੰ ਇਕੱਲੀ ਦੇਖ ਕੇ ਉਸ ਨੇ ਪੱਥਰ ਚੁੱਕ ਕੇ ਉਸ ਦੇ ਸਿਰ ’ਤੇ ਮਾਰਿਆ। ਲੜਕੀ ਦਾ ਸਿਰ ਐਕਟਿਵਾ ਦੇ ਹੈਂਡਲ ਨਾਲ ਵੱਜਿਆ ਤੇ ਉਹ ਲਹੂ-ਲੁਹਾਣ ਹੋ ਕੇ ਹੇਠਾਂ ਡਿੱਗ ਗਈ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਟੈਕਸੀ ਸਟੈਂਡ ਨੇੜੇ ਝਾੜੀਆਂ ’ਚ ਲੈ ਗਿਆ, ਉਸ ਨਾਲ ਜਬਰ-ਜ਼ਿਨਾਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ, ਪੈਰਾਂ ਨਾਲ ਮਾਰ-ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਰਾਰ ਹੋ ਗਿਆ। ਮੁਲਜ਼ਮ ਮੋਨੂੰ ਨੇ ਐੱਮ. ਬੀ. ਏ. ਦੀ ਵਿਦਿਆਰਥਣ ਦਾ ਮੋਬਾਇਲ ਫੋਨ ਕਾਲੋਨੀ ਨੰਬਰ ਚਾਰ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਵੇਚ ਦਿੱਤਾ ਸੀ। ਪੁਲਸ ਨੇ ਮੋਨੂੰ ਦਾ ਸਕੈੱਚ ਵੀ ਬਣਾਇਆ ਸੀ ਪਰ ਉਹ ਪੁਲਸ ਦੀ ਪਕੜ ਤੋਂ ਬਚ ਗਿਆ ਸੀ। ਵਿਦਿਆਰਥਣ ਦੇ ਕਤਲ ਤੋਂ ਬਾਅਦ ਮੋਨੂੰ ਟੈਕਸੀ ਲੈ ਕੇ ਚੰਡੀਗੜ੍ਹ ਤੋਂ ਬਾਹਰ ਚਲਾ ਗਿਆ ਸੀ।
7ਵੀਂ ਜਮਾਤ ਤੱਕ ਪੜ੍ਹਿਆ ਪਰ ਦਿਮਾਗ ਦਾ ਸ਼ਾਤਿਰ
ਐੱਸ. ਐੱਸ. ਪੀ. ਕੌਰ ਨੇ ਦੱਸਿਆ ਕਿ ਮੁਲਜ਼ਮ ਮੋਨੂੰ 7ਵੀਂ ਜਮਾਤ ਤੱਕ ਪੜ੍ਹਿਆ ਹੈ। ਉਹ ਨਸ਼ੇ ਦਾ ਆਦੀ ਹੈ। ਪੁਲਸ ਤੋਂ ਬਚਣ ਲਈ ਉਸ ਨੇ ਆਧਾਰ ਕਾਰਡ ਤੱਕ ਨਹੀਂ ਬਣਵਾਇਆ ਹੈ ਤਾਂ ਜੋ ਉਸ ਦੀ ਪਛਾਣ ਜ਼ਾਹਿਰ ਨਾ ਹੋ ਸਕੇ। ਮੁਲਜ਼ਮ ਵਿਆਹਿਆ ਹੋਇਆ ਹੈ। ਉਹ ਸਬਜ਼ੀ ਦੀ ਰੇਹੜੀ ਲਗਾਉਣ ਤੋਂ ਲੈ ਕੇ ਹਰ ਕੰਮ ਕਰਦਾ ਹੈ। ਮੁਲਜ਼ਮ ਫਿਲਹਾਲ ਟੈਕਸੀ ਚਲਾ ਰਿਹਾ ਸੀ।
ਦਰਿੰਦੇ ਨੂੰ ਜਿਊਣ ਦਾ ਕੋਈ ਹੱਕ ਨਹੀਂ, ਮਿਲਣੀ ਚਾਹੀਦੀ ਫਾਂਸੀ ਦੀ ਸਜ਼ਾ
ਦੇਰ ਨਾਲ ਹੀ ਸਹੀ ਪਰ ਧੀ ਨੂੰ ਇਨਸਾਫ਼ ਮਿਲ ਗਿਆ। ਕਾਤਲ ਨੂੰ ਫਾਂਸੀ ਹੋਣੀ ਚਾਹੀਦੀ ਹੈ। ਅਜਿਹੇ ਦਰਿੰਦੇ ਨੂੰ ਜਿਊਣ ਦਾ ਕੋਈ ਹੱਕ ਨਹੀਂ ਹੈ। ਮ੍ਰਿਤਕ ਵਿਦਿਆਰਥਣ ਦੀ ਮਾਂ ਨੇ ਰੋਂਦਿਆਂ ਕਿਹਾ ਕਿ ਪਹਿਲਾਂ ਪੁਲਸ ਨੇ ਢਿੱਲੀ ਜਾਂਚ ਕੀਤੀ ਸੀ ਪਰ ਐੱਸ. ਐੱਸ. ਪੀ. ਕੰਵਰਦੀਪ ਕੌਰ ਨੇ 14 ਸਾਲਾਂ ਬਾਅਦ ਧੀ ਦੇ ਕਾਤਲ ਨੂੰ ਫੜ ਕੇ ਇਨਸਾਫ਼ ਦਿਵਾਇਆ ਹੈ। ਪਿਤਾ ਨੇ ਕਿਹਾ ਕਿ ਉਹ ਆਪਣੀ ਧੀ ਨੂੰ ਇਨਸਾਫ਼ ਦਿਵਾਉਣ ਲਈ 14 ਸਾਲਾਂ ਤੋਂ ਧੱਕੇ ਖਾ ਰਿਹਾ ਸੀ। ਉਨ੍ਹਾਂ ਐੱਸ. ਐੱਸ. ਪੀ. ਸਮੇਤ ਪੁਲਸ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਕਾਤਲ ਮੋਨੂੰ ਕੁਮਾਰ ਖ਼ਿਲਾਫ਼ ਦਰਜ ਹਨ 9 ਅਪਰਾਧਿਕ ਮਾਮਲੇ
- 2008 ’ਚ ਹਿਮਾਚਲ ਦੇ ਖੇੜੀ ਥਾਣੇ ’ਚ ਅਗਵਾ ਤੇ ਕਤਲ ਦਾ ਮਾਮਲਾ
- 2011 ’ਚ ਸੈਕਟਰ 11 ਥਾਣੇ ’ਚ ਐੱਫ. ਆਈ. ਆਰ. ਨੰਬਰ 346 ਤਹਿਤ ਚੋਰੀ ਦਾ ਮਾਮਲਾ
- 2012 ’ਚ ਸੈਕਟਰ 39 ਥਾਣੇ ’ਚ ਐੱਫ. ਆਈ. ਆਰ. ਧਾਰਾ 153 ਤਹਿਤ ਵਾਹਨ ਚੋਰੀ ਦਾ ਮਾਮਲਾ
- 2012 ’ਚ ਸੈਕਟਰ 39 ਥਾਣੇ ’ਚ ਦਰਜ ਐੱਫ. ਆਈ. ਆਰ. ਨੰਬਰ 138 ਤਹਿਤ ਵਾਹਨ ਚੋਰੀ ਦਾ ਮਾਮਲਾ
- 2011 ’ਚ ਸੈਕਟਰ 39 ਥਾਣੇ ’ਚ ਐੱਫ. ਆਈ. ਆਰ. ਨੰਬਰ 378 ਤਹਿਤ ਵਾਹਨ ਚੋਰੀ ਦਾ ਮਾਮਲਾ
- 2014 ’ਚ ਸੈਕਟਰ 39 ਥਾਣੇ ’ਚ ਐੱਫ. ਆਈ. ਆਰ. ਨੰਬਰ 153 ਤਹਿਤ ਵਾਹਨ ਚੋਰੀ ਦਾ ਮਾਮਲਾ
- 2018 ’ਚ ਇੰਡਸਟ੍ਰੀਅਲ ਏਰੀਆ ਥਾਣੇ ’ਚ ਐੱਫ. ਆਈ. ਆਰ. ਨੰਬਰ 124 ਤਹਿਤ 299 ਏ ਦਾ ਮਾਮਲਾ
- 2020 ’ਚ ਮਲੋਆ ਥਾਣੇ ’ਚ ਐੱਫ. ਆਈ. ਆਰ. ਨੰਬਰ 119 ਤਹਿਤ ਚੋਰੀ ਦਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।